For the best experience, open
https://m.punjabitribuneonline.com
on your mobile browser.
Advertisement

ਪਿੰਡ ਅਖਵਾੜਾ ਬਣਿਆ ਪਾਕਿ ਅਤੇ ਭਾਰਤੀ ਤਸਕਰਾਂ ਲਈ ‘ਸੁਰੱਖਿਅਤ ਖੇਤਰ’

07:29 AM Nov 18, 2024 IST
ਪਿੰਡ ਅਖਵਾੜਾ ਬਣਿਆ ਪਾਕਿ ਅਤੇ ਭਾਰਤੀ ਤਸਕਰਾਂ ਲਈ ‘ਸੁਰੱਖਿਅਤ ਖੇਤਰ’
ਪਿੰਡ ਅਖਵਾੜਾ ਦੇ ਖੇਤਾਂ ਵਿੱਚੋਂ ਮਿਲਿਆ ਹੈਰੋਇਨ ਦਾ ਪੈਕੇਟ।
Advertisement

ਐੱਨ ਪੀ ਧਵਨ
ਪਠਾਨਕੋਟ, 17 ਨਵੰਬਰ
ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦਾ ਪਿੰਡ ਅਖਵਾੜਾ ਇਸ ਵੇਲੇ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਲਈ ਸੁਰੱਖਿਅਤ ਖੇਤਰ ਬਣ ਚੁੱਕਾ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਹੀ ਇਸ ਖੇਤਰ ਦੇ ਖੇਤਾਂ ’ਚ ਡਰੋਨ ਰਾਹੀਂ ਨਸ਼ੀਲੇ ਪਦਾਰਥ ਸੁੱਟਣ ਦੀ ਲਗਾਤਾਰ ਤੀਜੀ ਵਾਰਦਾਤ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਲੰਘੀ ਸ਼ਾਮ ਵੀ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਆਈ ਹੈਰੋਇਨ ਦੀ ਖੇਪ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਅਤੇ ਇਲਾਕਾ ਵਾਸੀਆਂ ਨੇ ਦੇਰ ਰਾਤ ਸਮੇਂ ਮੌਕੇ ਵਾਲੀ ਜਗ੍ਹਾ ’ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ਕੌਮਾਂਤਰੀ ਸਰਹੱਦ ਤੋਂ ਢਾਈ-ਤਿੰਨ ਕਿਲੋਮੀਟਰ ਦੀ ਵਿੱਥ ’ਤੇ ਹੈ, ਪਰ ਇਸ ਦੇ ਬਾਵਜੂਦ ਥੋੜ੍ਹੇ ਸਮੇਂ ਵਿੱਚ ਹੀ ਇੱਥੇ ਧੜਾਧੜ ਸਟੋਨ ਕਰੱਸ਼ਰ ਲੱਗ ਗਏ ਹਨ, ਜਿੱਥੇ ਰਾਤ ਸਮੇਂ ਲੁਕ-ਛਿਪ ਕੇ ਮਾਈਨਿੰਗ ਹੁੰਦੀ ਹੈ। ਕਰੱਸ਼ਰ ਲੱਗਣ ਤੋਂ ਬਾਅਦ ਇਲਾਕੇ ਵਿੱਚ ਮਾਈਨਿੰਗ ਮਟੀਰੀਅਲ ਲਿਜਾਣ ਵਾਲੀਆਂ ਗੱਡੀਆਂ ਦੇ ਬੇਰੋਕ-ਟੋਕ ਚੱਲਣ ਨਾਲ ਸਮੱਗਲਰਾਂ ਨੇ ਵੀ ਇਸ ਰੂਟ ਨੂੰ ‘ਸੁਰੱਖਿਅਤ’ ਸਮਝ ਲਿਆ ਹੈ ਤੇ ਉਨ੍ਹਾਂ ਦੀ ਵੀ ਹਲਚਲ ਇੱਧਰ ਨਜ਼ਰ ਆਉਣ ਲੱਗ ਪਈ ਹੈ। ਪਿਛਲੇ ਸਮਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਡਰੋਨਾਂ ਦੀ ਹਲਚਲ ਨਜ਼ਰ ਆਉਂਦੀ ਸੀ, ਪਰ ਹੁਣ ਦੋ ਮਹੀਨਿਆਂ ਤੋਂ ਇਸ ਇਲਾਕੇ ’ਚ ਡਰੋਨਾਂ ਦੀ ਹਲਚਲ ਨਜ਼ਰ ਆਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਪਿੰਡ ਅਖਵਾੜਾ ਦੇ ਵਸਨੀਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਲੰਘੀ ਸ਼ਾਮ 6 ਵਜੇ ਦੇ ਕਰੀਬ ਜੰਗਲ ਪਾਣੀ ਲਈ ਆਪਣੇ ਖੇਤ ਦੇ ਨਾਲ ਲੱਗਦੇ ਦੂਸਰੇ ਖੇਤਾਂ ਵਿੱਚ ਗਿਆ ਹੋਇਆ ਸੀ ਅਤੇ ਪਾਕਿਸਤਾਨ ਵੱਲੋਂ ਡਰੋਨ ਜਿਹੀ ਵਸਤੂ ਦੀ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਡਰੋਨ ਖੇਤਾਂ ਵਿੱਚ ਹੈਰੋਇਨ ਦਾ ਪੈਕੇਟ ਸੁੱਟ ਕੇ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਉਹ ਡਰਦਾ-ਡਰਦਾ ਉਸ ਜਗ੍ਹਾ ’ਤੇ ਗਿਆ, ਜਿੱਥੇ ਕੁਝ ਡਿੱਗਣ ਦੀ ਆਵਾਜ਼ ਆਈ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਪੈਕੇਟ ਪਿਆ ਹੋਇਆ ਸੀ। ਉਹ ਡਰ ਗਿਆ ਅਤੇ ਇੰਨੇ ਨੂੰ ਉਸ ਨੂੰ ਦੋ ਵਿਅਕਤੀ ਘੁੰਮਦੇ ਨਜ਼ਰ ਆਏ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਤਾਂ ਉਹ ਗੰਨੇ ਦੇ ਖੇਤ ਵੱਲ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਬਾਕੀ ਪਿੰਡ ਵਾਸੀਆਂ ਅਤੇ ਬੀਐੱਸਐੱਫ ਤੇ ਪੁਲੀਸ ਨੂੰ ਸੂਚਿਤ ਕੀਤਾ। ਉਸ ਦਾ ਕਹਿਣਾ ਸੀ ਕਿ ਥਾਣਾ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੀ ਪੁਲੀਸ ਚੌਂਕੀ ਬਮਿਆਲ ਦਾ ਇੰਚਾਰਜ ਵਿਜੇ ਕੁਮਾਰ ਏਐੱਸਆਈ ਆਪਣੀ ਪੁਲੀਸ ਵਾਲੀ ਗੱਡੀ ਵਿੱਚ ਆਏ ਤੇ 540 ਗ੍ਰਾਮ ਹੈਰੋਇਨ ਵਾਲਾ ਪੈਕੇਟ ਚੁੱਕ ਕੇ ਚਲੇ ਗਏ ਤੇ ਮੌਕੇ ’ਤੇ ਕੋਈ ਕਾਰਵਾਈ ਨਹੀਂ ਕੀਤੀ। ਦੂਸਰੇ ਪਾਸੇ, ਪਿੰਡ ਵਾਸੀ ਗੁਰਮੁਖ ਸਿੰਘ ਅਤੇ ਇੱਕ ਹੋਰ ਵੀਡੀਸੀ ਮੈਂਬਰ ਨੇ ਕਿਹਾ ਕਿ ਜੇ ਪੁਲੀਸ ਮੌਕੇ ’ਤੇ ਤਲਾਸ਼ੀ ਲੈਂਦੀ ਤਾਂ ਦੋਵੇਂ ਵਿਅਕਤੀ ਫੜੇ ਜਾ ਸਕਦੇ ਸਨ, ਪਰ ਪੁਲੀਸ ਨੇ ਕਿਸੇ ਤਰ੍ਹਾਂ ਦੀ ਤਲਾਸ਼ੀ ਨਹੀਂ ਲਈ ਜਦਕਿ ਬੀਐੱਸਐੱਫ ਵੀ ਪੈਕੇਟ ਮਿਲਣ ਵਾਲੇ ਖੇਤ ਦੀ ਮਹਿਜ਼ ਫੋਟੋਗ੍ਰਾਫੀ ਕਰ ਕੇ ਚਲੀ ਗਈ।

Advertisement

ਪੁਲੀਸ ਵੱਲੋਂ ਰਾਤ ਸਮੇਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਦਾ ਦਾਅਵਾ

ਪਠਾਨਕੋਟ ਦੇ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲੀਸ ਇਸ ਲਈ ਹੈਰੋਇਨ ਦਾ ਪੈਕੇਟ ਚੁੱਕ ਕੇ ਲੈ ਗਈ ਤਾਂ ਜੋ ਸ਼ਰਾਰਤੀ ਅਨਸਰ ਉਸ ਨੂੰ ਖੁਰਦ-ਬੁਰਦ ਨਾ ਕਰ ਦੇਣ ਕਿਉਂਕਿ ਮੌਕੇ ’ਤੇ ਲੋਕਾਂ ਦੀ ਭੀੜ ਇਕੱਤਰ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਹੈਰੋਇਨ ਮਿਲਣ ਵਾਲੀ ਜਗ੍ਹਾ ’ਤੇ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ ਸੀ।

Advertisement

Advertisement
Author Image

Advertisement