For the best experience, open
https://m.punjabitribuneonline.com
on your mobile browser.
Advertisement

ਅਖਿਲੇਸ਼ ਨੇ ਅੰਸਾਰੀ ਨੂੰ ਜੇਲ੍ਹ ਵਿੱਚ ਜ਼ਹਿਰ ਦੇਣ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਿਆ

08:15 AM Apr 08, 2024 IST
ਅਖਿਲੇਸ਼ ਨੇ ਅੰਸਾਰੀ ਨੂੰ ਜੇਲ੍ਹ ਵਿੱਚ ਜ਼ਹਿਰ ਦੇਣ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਿਆ
ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਗਾਜ਼ੀਪੁਰ ਵਿੱਚ ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ। ਫੋਟੋ: ਪੀਟੀਆਈ
Advertisement

ਲਖਨਊ, 7 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਅੱਜ ਗਾਜ਼ੀਪੁਰ ਪਹੁੰਚੇ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੰਸਾਰੀ ਦੀ ਮੌਤ ਦਾ ਸੱਚ ਜਲਦੀ ਹੀ ਸਾਰਿਆਂ ਸਾਹਮਣੇ ਆ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਅੰਸਾਰੀ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਅਖਿਲੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁਖਤਾਰ ਅੰਸਾਰੀ ਨੇ ਖੁਦ ਖਦਸ਼ਾ ਪ੍ਰਗਟਾਇਆ ਸੀ ਕਿ ਉਸ ਨੂੰ (ਜੇਲ੍ਹ ਵਿਚ) ਜ਼ਹਿਰ ਦਿੱਤਾ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਸੱਚ ਸਾਹਮਣੇ ਲਿਆਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।’’
ਭਾਜਪਾ ’ਤੇ ਸ਼ਬਦੀ ਵਾਰ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਭਾਰਤ ਸਰਕਾਰ ’ਤੇ ਦੂਜੇ ਦੇਸ਼ਾਂ ਵਿਚ ਲੋਕਾਂ ਨੂੰ ਮਾਰਨ ਦਾ ਦੋਸ਼ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਕੀ ਵਿਕਸਿਤ ਭਾਰਤ ਦੀ ਪਰਿਭਾਸ਼ਾ ਇਹ ਹੋਵੇਗੀ ਕਿ ਅਸੀਂ ਕਿਸੇ ਹੋਰ ਦੇਸ਼ ’ਚ ਜਾ ਕੇ ਕਤਲ ਕਰਾਂਗੇ?’’ ਮੁਖਤਾਰ ਦੀ ਜੇਲ੍ਹ ਵਿੱਚ ਜ਼ਹਿਰ ਦੇ ਕੇ ਹੱਤਿਆ ਕੀਤੇ ਜਾਣ ਬਾਰੇ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਵੱਲ ਇਸ਼ਾਰਾ ਕਰਦਿਆਂ ਸਪਾ ਪ੍ਰਧਾਨ ਨੇ ਕਿਹਾ, ‘‘ਕੀ ਅਸੀਂ ਇਸ ਨੂੰ ਕੁਦਰਤੀ ਮੌਤ ਮੰਨ ਲਵਾਂਗੇ? ਕੀ ਆਮ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਸਰਕਾਰ ਕੁਝ ਲੁਕਾ ਰਹੀ ਹੈ?’’ ਉਨ੍ਹਾਂ ਦਾਅਵਾ ਕੀਤਾ, ‘‘ਰੂਸ ਵਿਚ ਵਿਰੋਧੀ ਧਿਰ ਦੇ ਇੱਕ ਆਗੂ ਨੂੰ ਇਸੇ ਤਰ੍ਹਾਂ ਜੇਲ੍ਹ ਵਿਚ ਰੱਖ ਕੇ ਜ਼ਹਿਰ ਦਿੱਤਾ ਗਿਆ ਹੈ। ਭਾਰਤ ਸਰਕਾਰ ’ਤੇ ਕਿਸੇ ਹੋਰ ਦੇਸ਼ ਵਿੱਚ ਕਤਲ ਕਰਵਾਉਣ ਦਾ ਦੋਸ਼ ਲੱਗ ਰਿਹਾ ਹੈ। ਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ’ਤੇ ਦੋਸ਼ ਨਹੀਂ ਲਾਏ?’’ ਕਿਸੇ ਦਾ ਨਾਮ ਲਏ ਜਾਂ ਘਟਨਾ ਦਾ ਜ਼ਿਕਰ ਕੀਤੇ ਬਿਨਾਂ ਅਖਿਲੇਸ਼ ਨੇ ਕਿਹਾ, ਇਕ ਵਪਾਰੀ ਨੇ ਇਕ ਲੱਖ ਡਾਲਰ ਦੇਣ ਦੀ ਗੱਲ ਕੀਤੀ ਅਤੇ ਹੱਤਿਆ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਸੇ ਹੋਰ ਦੇਸ਼ ਵਿੱਚ ਫੜਿਆ ਗਿਆ ਤੇ ਹੁਣ ਜੇਲ੍ਹ ਵਿੱਚ ਹੈ। ਭਾਰਤ ਸਰਕਾਰ ਦਾ ਇੱਕ ਅਧਿਕਾਰੀ ਇਸ ਵਿੱਚ ਸ਼ਾਮਲ ਸੀ। ਤੁਸੀਂ ਵੀ ਇਹ ਸਾਰੀਆਂ ਗੱਲਾਂ ਜਾਣਦੇ ਹੋ। ਕੀ ਅਸੀਂ ਵਿਰੋਧੀ ਧਿਰ ਦੇ ਆਗੂ ਸਰਕਾਰ ’ਤੇ ਸ਼ੱਕ ਕਰ ਕੇ ਕੁੱਝ ਗਲਤ ਕਰ ਰਹੇ ਹਾਂ।’’
ਜ਼ਿਕਰਯੋਗ ਹੈ ਕਿ ਸਰਕਾਰ ਮੁਤਾਬਕ ਕਈ ਅਪਰਾਧਿਕ ਮਾਮਲਿਆਂ ’ਚ ਸਜ਼ਾਯਾਫ਼ਤਾ ਪੰਜ ਵਾਰ ਵਿਧਾਇਕ ਰਹੇ ਮੁਖਤਾਰ ਅੰਸਾਰੀ ਦੀ 28 ਮਾਰਚ ਨੂੰ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹਾਲਾਂਕਿ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਖਤਾਰ ਨੂੰ ਜੇਲ੍ਹ ’ਚ ਜ਼ਹਿਰ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਮੁਖਤਾਰ ਅੰਸਾਰੀ ਦੇ ਪੁੱਤਰ ਅੰਸਾਰੀ ਨੇ ਕਿਹਾ ਕਿ ਅਖਿਲੇਸ਼ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦੇਣ ਆਏ ਸਨ। ਸਮਾਜਵਾਦੀ ਪਾਰਟੀ ਨੇ ਮੁਖਤਾਰ ਦੇ ਭਰਾ ਅਫਜ਼ਲ ਅੰਸਾਰੀ ਨੂੰ ਗਾਜ਼ੀਪੁਰ ਤੋਂ ਟਿਕਟ ਦਿੱਤੀ ਹੈ। 2019 ਦੀਆਂ ਚੋਣਾਂ ’ਚ ਅਫਜ਼ਲ ਨੇ ਬਸਪਾ ਦੀ ਟਿਕਟ ’ਤੇ ਭਾਜਪਾ ਦੇ ਮਨੋਜ ਸਿਨਹਾ ਨੂੰ ਹਰਾਇਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×