ਅਕਾਲੀਅਤ, ਅਕਾਲੀਵਾਦ ਅਤੇ ਅਕਾਲੀ
ਬਲਕਾਰ ਸਿੰਘ ਪ੍ਰੋਫੈਸਰ
ਐਤਵਾਰ, 7 ਜੁਲਾਈ 2024 ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਅਤੇ ਜਗਤਾਰ ਸਿੰਘ ਦੇ ਲੇਖਾਂ ਨਾਲ ਪੰਜਾਬੀਆਂ ਦੀ ਬੇਭਰੋਸਗੀ ਵਿੱਚੋਂ ਪੈਦਾ ਹੋਏ ਸੰਕਟ ਬਾਰੇ ਕੀਤੀ ਚਰਚਾ ਨੂੰ ਅੱਗੇ ਤੋਰਨਾ ਬਣਦਾ ਹੈ। ਦਰਅਸਲ, ਪੁਰਾਣੇ ਅਕਾਲੀਆਂ ਬਾਰੇ ਦਿੱਤੇ ਗਏ ਜਾਂ ਦਿੱਤੇ ਜਾ ਸਕਣ ਵਾਲੇ ਹਵਾਲਿਆਂ ਨੂੰ ਅਕਾਲੀਆਂ ਬਾਰੇ ਸਮਝਣ ਦੀ ਥਾਂ ਅਕਾਲੀਅਤ ਬਾਰੇ ਸਮਝਾਂਗੇ ਤਾਂ ਇਹ ਸਾਹਮਣੇ ਲਿਆ ਸਕਾਂਗੇ ਕਿ ਅਕਾਲੀਅਤ, ਸਿਰ ਦੇ ਕੇ ਸੱਚ ਵਿਹਾਜਣ ਦਾ ਮਸਲਾ ਸੀ। ਇਸੇ ਨੂੰ ਸਿਧਾਂਤਕੀ ਵਜੋਂ ਅਕਾਲੀਵਾਦ ਵਿੱਚ ਨਾ ਢਾਲ ਸਕਣ ਦੀ ਕੁਤਾਹੀ ਪੰਜਾਬੀ ਦਾਨਿਸ਼ਵਰਾਂ ਤੋਂ ਹੋਈ ਹੈ। ਇਸ ਦਾ ਇੱਕ ਰੰਗ ਸਿੰਘ ਸਭਾ ਲਹਿਰ ਵੇਲੇ ਸਾਹਮਣੇ ਆਉਂਦਾ ਰਿਹਾ ਸੀ ਅਤੇ ਉਹੀ 1920 ਵਿੱਚ ਬਰਾਸਤਾ ਗੁਰਦੁਆਰਾ ਸੁਧਾਰ ਲਹਿਰ ਸਥਾਪਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਸਥਾਪਤ ਹੋ ਗਿਆ ਸੀ। ਇਸ ਵੇਲੇ ਤੱਕ ਸਿੱਖਾਂ ਵੱਲੋਂ ਨਿਭਾਈ ਕਿਸੇ ਰੰਗ ਦੀ ਭੂਮਿਕਾ ਅਕਾਲੀਅਤ ਦੇ ਰੰਗ ਵਿੱਚ ਹੀ ਪ੍ਰਕਾਸ਼ਮਾਨ ਹੋ ਰਹੀ ਸੀ। ਸਿੰਘ ਸਭਾ ਚੇਤਨਾ ਅਤੇ ਵਿਸ਼ਵਾਸੀ ਅਕਾਲੀਅਤ ਪਹਿਲੀ ਵਾਰ ਇੱਕ-ਦੂਜੇ ਦੇ ਆਹਮੋ-ਸਾਹਮਣੇ ਉਸ ਵੇਲੇ ਹੋ ਗਈ ਸੀ ਜਿਸ ਵੇਲੇ ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ ਸਾਹਮਣੇ ਲਿਆਉਣ ਦੀ ਲੋੜ ਪਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਬਣਾਇਆ ਗਿਆ ਅਕਾਲੀ ਦਲ, ਸਮਕਾਲੀ ਸਰਕਾਰ ਕੋਲੋਂ ਸਿਆਸੀ ਸੁਰ ਵਿੱਚ ਸਿੱਖ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਵੱਖਰਾ ਕਰ ਦਿੱਤਾ ਗਿਆ ਸੀ। ਇਸ ਨਾਲ ਸਿੱਖੀ ਨੂੰ ਪੰਜਾਬੀਅਤ ’ਤੇ ਪਹਿਲ ਪ੍ਰਾਪਤ ਹੋ ਗਈ ਸੀ। ਅੰਗਰੇਜ਼ ਹਕੂਮਤ ਨੇ ਇਸੇ ਨੂੰ ਸਿਆਸਤ ਵਾਸਤੇ ਖ਼ੂਬ ਵਰਤਿਆ ਸੀ। ਗੁਰੂ ਦੇ ਨਾਮ ’ਤੇ ਜਿਊਣ ਵਾਲੇ ਪੰਜਾਬ ਨੂੰ ਸਿੱਖ-ਪੰਜਾਬ ਬਣ ਜਾਣ ਵਾਲੇ ਪਾਸੇ ਤੋਰ ਦਿੱਤਾ ਗਿਆ ਸੀ। ਸਿੰਘ ਸਭਾਈ ਪ੍ਰਭਾਵ ਅਧੀਨ ਬਣੀ ਸਿੱਖ ਰਹਿਤ ਮਰਯਾਦਾ ਨੇ ਇਸੇ ਨੂੰ ਪੱਕਿਆਂ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਈ ਸੀ। ਇਸ ਦਾ ਸਾਹਿਤ ਵਿੱਚ ਪ੍ਰਗਟਾਵਾ ਭਾਈ ਵੀਰ ਸਿੰਘ ਦੇ ਨਾਵਲ ‘ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ’ ਦੇ ਹਵਾਲੇ ਨਾਲ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਇਹੋ ਜਿਹੀ ਕੋਈ ਲਿਖਤ ਮੇਰੇ ਪੜ੍ਹਨ ਵਿੱਚ ਨਹੀਂ ਆਈ ਜਿਸ ਵਿੱਚ ਪੰਜਾਬੀਅਤ ਦੀ ਨਾਬਰੀ ਨੂੰ ਖਾਲਸਾਈ ਸੰਘਰਸ਼ ਵਿੱਚ ਰਮਦਾ ਵਿਖਾਇਆ ਗਿਆ ਹੋਵੇ। ਇਸ ਨਾਲ ਅਕਾਲੀਅਤ ਨੂੰ ਅਕਾਲੀਵਾਦ ਵਿੱਚ ਢਾਲਣ ਦਾ ਰਾਹ ਰੁਕ ਗਿਆ ਸੀ ਅਤੇ ਅਜੇ ਵੀ ਰੁਕਿਆ ਹੋਇਆ ਹੈ। ਵਿਰੋਧੀਆਂ ਵਿਚਕਾਰ ਸੇਹ ਦਾ ਤੱਕਲਾ ਗੱਡਣਾ ਹਕੂਮਤੀ ਸ਼ੈਲੀ ਦਾ ਹਥਿਆਰ ਰਿਹਾ ਵੀ ਹੈ ਅਤੇ ਰਹੇਗਾ ਵੀ। ਇਸ ਦਾ ਮੁੱਢ 1925 ਦੇ ਗੁਰਦੁਆਰਾ ਐਕਟ ਨਾਲ ਸਾਹਮਣੇ ਆਉਣ ਲੱਗਿਆ ਸੀ। ਇਸ ਨੂੰ ਬਸਤੀਵਾਦੀ ਸਿਆਸਤ, ਸਰਕਾਰੀ ਟਰੱਸਟ ਵਰਗਾ ਬਣਾਉਣਾ ਚਾਹੁੰਦੀ ਸੀ, ਪਰ ਅਕਾਲੀਆਂ ਦੇ ਬਹਾਨੇ ਨਾਲ ਸ਼੍ਰੋਮਣੀ ਕਮੇਟੀ ਨੇ ਅਜਿਹਾ ਹੋਣ ਨਹੀਂ ਦਿੱਤਾ ਸੀ। ਪੰਥਕ ਸ਼੍ਰੋਮਣੀ ਕਮੇਟੀ 1920 ਤੋਂ ਬਣੀ ਸਰਕਾਰੀ ਸ਼੍ਰੋਮਣੀ ਕਮੇਟੀ 1925 ਦਾ ਪ੍ਰਬੰਧਨ ਉਸ ਵੇਲੇ ਸਿੰਘ ਸਭਾਈ ਚੇਤਨਾ ਕੋਲ ਸੀ। ਇਸ ਕਾਨੂੰਨ ਵਿੱਚੋਂ ਅਕਾਲ ਤਖਤ ਸਾਹਿਬ ਨੂੰ ਜਿਸ ਬਾਰੀਕੀ ਨਾਲ ਪਾਸੇ ਰੱਖ ਲਿਆ ਗਿਆ ਸੀ, ਉਸ ਨੂੰ ਸਾਹਮਣੇ ਲਿਆਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਹੋਈ। ਇਸ ਦਾ ਇੱਕ ਕਾਰਨ ਇਹ ਹੈ ਕਿ 1925 ਦਾ ਕਾਨੂੰਨ ਬਣਨ ਤੋਂ ਬਾਅਦ ਹੋਈ ਪਹਿਲੀ ਚੋਣ ਵਿੱਚ ਸਿੰਘ ਸਭਾਈ ਪ੍ਰਬੰਧਕੀ ਧੜੇ ਨੂੰ ਹਰਾ ਕੇ ਅਕਾਲੀ ਦਲ ਕਾਬਜ਼ ਹੋ ਗਿਆ ਸੀ ਅਤੇ ਇਹ ਕਬਜ਼ਾ ਅਜੇ ਤੱਕ ਟੁੱਟਿਆ ਨਹੀਂ। ਵਰਤਮਾਨ ਕਲਹ ਦੀ ਜੜ੍ਹ ’ਚ ਇਹ ਵੀ ਪਿਆ ਹੈ।
ਮੇਰੇ ਮੁਤਾਬਿਕ ਜਿਸ ‘ਮਹਾਂ ਸੰਕਟ’ ਦੀ ਗੱਲ ਸਵਰਾਜਬੀਰ ਨੇ ਕੀਤੀ ਹੈ, ਉਸ ਦੀ ਜੜ੍ਹ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ੇ ਵਿੱਚ ਪਈ ਹੈ। ਇਸ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇੱਕ-ਦੂਜੇ ਦੇ ਪੂਰਕ ਰਹਿ ਸਕਣ ਦੀ ਥਾਂ ਇੱਕ ਦੂਜੇ ਨੂੰ ਫੇਲ੍ਹ ਕਰਨ ਦੇ ਰਾਹ ਪਏ ਹੋਏ ਹਨ। ਅਕਾਲ ਤਖਤ ਸਾਹਿਬ ਨੂੰ 1925 ਦੇ ਕਾਨੂੰਨ ਤੋਂ ਮੁਕਤ ਰੱਖਿਆ ਗਿਆ ਸੀ, ਉਸ ਵੱਲੋਂ ਸੁਤੰਤਰ ਸੰਸਥਾਈ ਭੂਮਿਕਾ ਨਿਭਾ ਸਕਣ ਦਾ ਰਾਹ ਸਿਆਸਤ ਨੇ ਰੋਕ ਦਿੱਤਾ ਹੈ। ਇਸ ਦੇ ਵਿਸਥਾਰ ਵਿੱਚ ਜਾਏ ਬਿਨਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੰਸਾਰ ਭਰ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕੋ ਇੱਕ ਸਿੱਖ-ਸੰਸਥਾ ਅਕਾਲ ਤਖਤ ਸਾਹਿਬ ਹੈ। ਇਸੇ ਦੀ ਸ਼੍ਰੋਮਣੀ ਕਮੇਟੀ ਰਾਹੀਂ ਸਿਆਸੀ ਵਰਤੋਂ ਲਗਾਤਾਰ ਹੋਈ ਜਾ ਰਹੀ ਹੈ। ਵਰਤਮਾਨ ‘ਮਹਾਂ ਸੰਕਟ’ ਦਾ ਇੱਕ ਕਾਰਨ ਇਹ ਵੀ ਹੈ। ਸਿਆਸੀ ਦੁਕਾਨਦਾਰੀਆਂ ਦੇ ਗ਼ੈਰ-ਸਿਹਤਮੰਦ ਮੁਕਾਬਲਿਆਂ ਵਿੱਚ ਫਸਿਆ ਅਕਾਲੀ ਦਲ ਧਾਰਮਿਕ ਮੁਹਾਵਰੇ ਵਿੱਚ ਇਸੇ ਦਾ ਸਰਾਪ ਭੋਗ ਰਿਹਾ ਹੈ। ਆਪੇ ਫਾਥੜਿਆਂ ਨੂੰ ਕੌਣ ਛੁਡਾ ਸਕਦਾ ਹੈ? ਫਿਰ ਵੀ ਇਹ ਤਾਂ ਕਿਹਾ ਹੀ ਜਾ ਸਕਦਾ ਹੈ ਕਿ ਰਾਜਨੀਤਕ ਬੋਲਬਾਲਿਆਂ ਦੇ ਸਮਕਾਲ ਵਿੱਚ ਗਲਵੱਢਵੀਂ ਰਾਜਨੀਤੀ ਵਿੱਚ ਕਸੂਤੇ ਉਲਝਣ ਦੀ ਥਾਂ, ਮੁਹੱਬਤੀ ਰਾਜਨੀਤੀ ਦੀਆਂ ਸੰਭਾਵਨਾਵਾਂ ਬਾਰੇ ਸੋਚਣ ਅਤੇ ਸਮਝਣ ਵਾਲੀ ਚੇਤਨਾ ਨੂੰ ਬਾਣੀ ਦੀ ਸੁਰ ਵਿੱਚ ਪ੍ਰਚੰਡ ਕਰਨ ਦੀ ਮੁਹਿੰਮ ਅਕਾਲ ਤਖਤ ਸਾਹਿਬ ਰਾਹੀਂ ਚਲਾਉਣ ਦੀ ਲੋੜ ਹੈ। ਅਜਿਹਾ ਸੜਕ ’ਤੇ ਆ ਕੇ ਆਮ ਲੋਕਾਂ ਨੂੰ ਨਾਲ ਲੈਣ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਵਾਸਤੇ ਮੌਕਾ, ਨਾਬਰ ਅਕਾਲੀਆਂ ਵੱਲੋਂ ਅਕਾਲ ਤਖਤ ’ਤੇ ਮੁਆਫ਼ੀਨਾਮਾ ਦੇ ਕੇ, ਪੈਦਾ ਕਰ ਦਿੱਤਾ ਗਿਆ ਹੈ। ਇਸ ਨੂੰ ਸੰਗਤੀ ਸੁਰ ਵਿੱਚ ਸੰਭਾਲ ਕੇ ਅੱਗੇ ਵਧਾਂਗੇ ਤਾਂ ਪ੍ਰਾਪਤ ਨੂੰ ਸਲੀਕੇ ਨਾਲ ਵਰਤਣ ਦੇ ਰਾਹ ਪੈ ਸਕਾਂਗੇ। ਸੰਭਾਵਨਾਵਾਂ ਦਾ ਮੰਡੀਕਰਣ ਸਿਆਸਤ ਦੇ ਪੈਰੋਂ ਪੈਦਾ ਹੁੰਦਾ ਰਹਿੰਦਾ ਹੈ ਅਤੇ ਇਸ ਨੂੰ ਸਿਆਸਤ ਰਾਹੀਂ ਨਹੀਂ ਨਜਿੱਠਿਆ/ਰੋਕਿਆ ਜਾ ਸਕਦਾ। ਸਿਆਸਤ ਰਾਹੀਂ ਪੈਦਾ ਹੋਈ ਖ਼ਾਸ ਬੰਦਿਆਂ ਦੀ ਸਿਆਸਤ ਦੇ ਪੈਰੋਂ ਆਮ ਬੰਦੇ ਦੀ ਖੁਆਰੀ ਨੂੰ ਰੋਕਣ ਵਾਸਤੇ ਹਾਅ ਦਾ ਨਾਅਰਾ ਮਾਰਨ ਦਾ ਮੌਕਾ ਆ ਗਿਆ ਹੈ। ਗੁਰੂਕਿਆਂ ਨੂੰ ਬਾਣੀ ਵੱਲ ਅਤੇ ਸਿਆਸਤਦਾਨਾਂ ਨੂੰ ਆਤਮ ਚੀਨਣ ਵੱਲ ਮੁੜਨ ਦੇ ਸੁਨੇਹੇ ਨਾਲ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੁਰ ਪਵੇ ਤਾਂ ਸਿਆਸੀ ਕਾਵਾਂਰੌਲੀ ਵਿੱਚ ਵੀ ਇੱਕ-ਦੂਜੇ ਦੀ ਗੱਲ ਸੁਣੀ ਜਾ ਸਕਦੀ ਹੈ। ਇਸ ਵਾਸਤੇ ਵਰਗ ਪ੍ਰਤੀਨਿਧੀਆਂ ਨਾਲ ਸੰਪਰਕ ਕਰਕੇ ਸਾਂਝੀ ਸਮਝ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਏਜੰਡਾ ਵਿਹੂਣੀ ਸਿਆਸਤ ਦੀ ਆਮ ਬੰਦੇ ਵੱਲ ਹੋ ਗਈ ਪਿੱਠ ਨੂੰ ਧਿਆਨ ਵਿੱਚ ਰੱਖ ਕੇ ਤੁਰ ਪੈਣ ਦੀ ਲੋੜ ਦਾ ਕੀ ਕਰਨਾ ਹੈ, ਇਸ ਦਾ ਫ਼ੈਸਲਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿੰਨਾ ਛੇਤੀ ਹੋ ਸਕੇ ਲੈ ਲੈਣਾ ਚਾਹੀਦਾ ਹੈ। ਇਉਂ ਸਿਆਸੀ ਸੰਕਟ ਵਿੱਚੋਂ ਨਿਕਲ ਕੇ ਰਾਹੇ ਪਿਆ ਜਾ ਸਕਦਾ ਹੈ।
ਸੰਪਰਕ: 93163-01328