ਅਕਾਲੀ ਦਲ ਨੇ ਡਿੰਪੀ ਢਿੱਲੋਂ ਦੀ ਵਫ਼ਾਦਾਰੀ ’ਤੇ ਸਵਾਲ ਚੁੱਕੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ
ਗਿੱਦੜਬਾਹਾ ਜ਼ਿਮਨੀ ਚੋਣ ’ਚ ਚੱਲ ਰਹੀ ਸਿਆਸੀ ਜੰਗ ਨੇ ਉਸ ਵੇਲੇ ਨਵਾਂ ਰੰਗ ਲੈ ਲਿਆ, ਜਦੋਂ ਹਲਕੇ ਦੇ ਕਈ ਘਰਾਂ ਦੀਆਂ ਕੰਧਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਗਿਣਤੀ ’ਚ ਪੋਸਟਰ ਚਿਪਕਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਗਿਆ। ਉਨ੍ਹਾਂ ਇਨ੍ਹਾਂ ਪੋਸਟਰਾਂ ਜ਼ਰੀਏ ਉਸ ਦੀ ਹਲਕੇ ਪ੍ਰਤੀ ਵਫ਼ਦਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਇਨ੍ਹਾਂ ਪੋਸਟਰਾਂ ਵਿੱਚ ਸੁਖਬੀਰ ਸਿੰਘ ਬਾਦਲ ਤੇ ਡਿੰਪੀ ਢਿੱਲੋਂ ਦੀ ਇਕੱਠੇ ਖੜ੍ਹਿਆਂ ਦੀ ਤਸਵੀਰ ਹੈ। ਇਸ ਦੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ‘ਤੱਕੜੀ’ ਵੀ ਦਿਖਾਈ ਦਿੰਦਾ ਹੈ ਅਤੇ ਮੋਟੇ ਅੱਖਰਾਂ ’ਚ ਲਿਖਿਆ ਹੈ ‘ਜੋ ਨਹੀਂ ਹੋ ਸਕਿਆ ਭਰਾਵਾਂ ਵਰਗੇ ਪਰਿਵਾਰ ਦਾ, ਉਹ ਕੀ ਮੁੱਲ ਪਾਊਗਾ ਗਿੱਦੜਬਾਹਾ ਦੇ ਸਤਿਕਾਰ ਦਾ।’ ਇਨ੍ਹਾਂ ਪੋਸਟਰਾਂ ਰਾਹੀਂ ਅਕਾਲੀ ਦਲ ਵੱਲੋਂ ਆਪਣੇ ਹਮਾਇਤੀਆਂ ਅਤੇ ਵੋਟਰਾਂ ਨੂੰ ਸਪੱਸ਼ਟ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਡਿੰਪੀ ਢਿੱਲੋਂ ਦੇ ਹੱਕ ਵਿੱਚ ਨਾ ਭੁਗਤਣ। ਦੱਸਣਯੋਗ ਹੈ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਆਪਣੇ ਅਕਾਲੀ ਦਲ ਦੇ ਕੇਡਰ ਨੂੰ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਕਰ ਲਿਆ ਸੀ।