ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਕਾਲੀ ਦਲ ਨੂੰ ਅੱਗਾ ਵਿਚਾਰਨ ਦੀ ਲੋੜ

06:13 AM Apr 25, 2024 IST

ਭਾਈ ਅਸ਼ੋਕ ਸਿੰਘ ਬਾਗੜੀਆਂ
Advertisement

ਬਦਲਦੇ ਸਿਆਸੀ ਹਾਲਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਸਿਆਸੀ ਗੱਠਜੋੜ ਜੋ ਬਹੁਤ ਦੇਰ ਤੋਂ ਚੱਲਿਆ ਆ ਰਿਹਾ ਸੀ, ਆਖਿ਼ਰਕਾਰ ਟੁੱਟ ਗਿਆ। ਦੋਹਾਂ ਧਿਰਾਂ ਦੇ ਆਪੋ-ਆਪਣੇ ਮੁਫ਼ਾਦ ਨੇ ਇਹ ਗੱਠਜੋੜ ਹੋਂਦ ਵਿੱਚ ਲਿਆਂਦਾ ਸੀ। ਅਕਾਲੀ ਦਲ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਵਾਸਤੇ ਕਿਸੇ ਹੋਰ ਪਾਰਟੀ ਦੀ ਹਮਾਇਤ ਦੀ ਲੋੜ ਸੀ ਜੋ ਭਾਜਪਾ ਨੇ ਪੂਰੀ ਕੀਤੀ; ਦੂਜੇ ਪਾਸੇ, ਇਸ ਗੱਠਜੋੜ ਰਾਹੀਂ ਭਾਜਪਾ ਲਈ ਪੰਜਾਬ ਅਤੇ ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਖ਼ਲਅੰਦਾਜ਼ੀ ਲਈ ਰਸਤਾ ਖੁੱਲ੍ਹ ਗਿਆ। ਸ਼ਾਇਦ ਕਿਸੇ ਨੂੰ ਯਾਦ ਹੋਵੇ ਜਾਂ ਨਾ, 2014 ਦੀ ਲੋਕ ਸਭਾ ਚੋਣ ਵੇਲੇ ਇਕ ਅੰਗਰੇਜ਼ੀ ਅਖਬਾਰ ਵਿੱਚ ਛਪਿਆ ਸੀ ਕਿ ਕੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿੱਚ ਖੜ੍ਹੇ ਸਿੱਖ ਉਮੀਦਵਾਰ ਨੂੰ ਵੋਟ ਪਾਏਗੀ? ਇਸ ਰਾਹੀਂ ਅਕਾਲੀ ਦਲ ਵਿੱਚ ਗ਼ੈਰ-ਸਿੱਖ ਦਾ ਅਸਰ ਪ੍ਰਤੱਖ ਦਿਸਣ ਲੱਗਾ ਸੀ। ਕਾਬਲੇ-ਗੌਰ ਗੱਲ ਹੈ ਕਿ ਅਕਾਲੀ ਦਲ ਤੇ ਭਾਜਪਾ, ਦੋਵੇਂ ਹੀ ਧਰਮ ਆਧਾਰਿਤ ਸਿਆਸੀ ਪਾਰਟੀਆਂ ਹਨ।
ਅਕਾਲੀ ਦਲ ਨੂੰ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਵਾਸਤੇ ਕਈ ਐਸੇ ਕੰਮ ਕਰਨੇ ਪਏ ਜੋ ਸਿੱਖ ਵਿਚਾਰਧਾਰਾ ਦੇ ਅਨੁਕੂਲ ਨਹੀਂ ਸਨ ਜਿਨ੍ਹਾਂ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਅੰਦਰ ਇਕ ਡੇਰੇਦਾਰ ਦੀ ਯਾਦਗਾਰ ਬਣਾਈ ਗਈ ਹੈ, ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਈ ਫੁੱਟ ਉਚੀ ਹੈ। ਸਿੱਖ ਸਾਧਾਂ ਦੇ ਅਲੱਗ-ਅਲੱਗ ਡੇਰੇ ਜੋ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਬਣੇ ਹੋਏ ਹਨ, ਉਨ੍ਹਾਂ ਨੂੰ ਵੋਟਾਂ ਖ਼ਾਤਿਰ ਅਕਾਲੀ ਦਲ ਨੇ ਮਾਨਤਾ ਦਿੱਤੀ ਹੈ। ਇਹ ਠੀਕ ਹੈ ਕਿ ਉਹ ਡੇਰੇ ਸਿੱਖ ਸਮਾਜ ਦਾ ਹਿੱਸਾ ਹਨ ਪਰ ਉਹ ਪੰਥ ਨਹੀਂ ਹਨ। ਇਨ੍ਹਾਂ ਡੇਰਿਆਂ ਦੇ ਆਪਸੀ ਵਿਵਾਦਾਂ ਨੇ ਸਿੱਖ ਪੰਥ ਨੂੰ ਬਦਨਾਮ ਕੀਤਾ ਹੈ ਅਤੇ ਸਿੱਖਾਂ ਵਿੱਚ ਆਪਸੀ ਵੈਰ-ਵਿਰੋਧ ਵਧਾਇਆ ਹੈ।
ਸਿੱਖ ਧਾਰਮਿਕ ਅਤੇ ਸਿਆਸੀ ਲੀਡਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਕਿਸੇ ਇਕ ਡੇਰੇਦਾਰ ਨੂੰ ਲੋੜ ਤੋਂ ਵੱਧ ਮਹੱਤਤਾ ਨਹੀਂ ਦੇਣੀ ਚਾਹੀਦੀ ਸੀ; ਸਾਰੇ ਡੇਰੇਦਾਰਾਂ ਨੂੰ ਬਰਾਬਰੀ ’ਤੇ ਰੱਖਣਾ ਚਾਹੀਦਾ ਸੀ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਡੇਰੇਦਾਰਾਂ ਵਿੱਚੋਂ ਕੁਝ ਰਾਹੀਂ ਸ਼੍ਰੋਮਣੀ ਕਮੇਟੀ ਵਿੱਚ ‘ਭਗਵਾਂ’ ਪ੍ਰਭਾਵ ਆਇਆ ਹੈ ਜਿਸ ਕਰ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਨੀਲੀਆਂ ਦਸਤਾਰਾਂ ਘਟ ਰਹੀਆਂ ਹਨ। ਇਨ੍ਹਾਂ ਡੇਰੇਦਾਰਾਂ ਦੀਆਂ ਆਪੋ-ਆਪਣੀਆਂ ਰਹਿਤ ਮਰਿਆਦਾਵਾਂ ਹਨ ਜੋ ਸਿੱਖ ਰਹਿਤ ਮਰਿਆਦਾ ਨਾਲ ਮੇਲ ਨਹੀਂ ਖਾਦੀਆਂ। ਇਸੇ ਕਾਰਨ ਸਿੱਖਾਂ ਵਿੱਚ ਆਪਸੀ ਵਿਰੋਧ ਅਤੇ ਭੰਬਲਭੂਸੇ ਵਧ ਰਹੇ ਹਨ।
ਸਿੱਖ ਧਰਮ ਸਮਾਜਿਕ ਧਰਮ ਹੈ ਜਿਸ ਨੂੰ ‘ਸੰਗਤੀ’ ਧਰਮ ਵੀ ਕਿਹਾ ਜਾ ਸਕਦਾ ਹੈ; ਇਸ ਵਿੱਚ ਕਿਸੇ ਹੋਰ ‘ਸੰਤ ਸਮਾਜ’ ਜਾਂ ਕੋਈ ਵੀ ਅਲੱਗ ਸ਼੍ਰੇਣੀ ਨੂੰ ‘ਪਹਿਲੇ ਤੋਂ ਲੈ ਕੇ ਦਸਵੇਂ ਨਾਨਕ’ ਤੱਕ ਕਿਸੇ ਨੇ ਮਾਨਤਾ ਨਹੀਂ ਦਿੱਤੀ ਪਰ ਅਕਾਲੀ ਦਲ ਦੀ ਸਰਪ੍ਰਸਤੀ ਵਿੱਚ ਅਜਿਹੇ ਇਕ ਨਵੇਂ ਗਰੁਪ ਨੂੰ ਸ਼੍ਰੋਮਣੀ ਕਮੇਟੀ ਵਿੱਚ ਸਿਰਫ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਅਤੇ ਭਾਜਪਾ ਨੂੰ ਖੁਸ਼ ਰੱਖਣ ਲਈ ਮਾਨਤਾ ਦਿੱਤੀ।
ਬਹਿਬਲ ਕਲਾਂ ਵਿੱਚ ਜੋ ਹੋਇਆ ਅਤੇ ਸਿਰਸੇ ਦੇ ਡੇਰਾ ਮੁਖੀ ਨੇ ਜੋ ਕੁਝ ਕੀਤਾ, ਉਹ ਸਾਰਾ ਕੁਝ ਸਾਡੇ ਸਾਹਮਣੇ ਹੈ। ਐਸੀਆਂ ਮੰਦਭਾਗੀਆਂ ਘਟਨਾਵਾਂ ਨੂੰ ਅਕਾਲੀ ਦਲ ਦੇ ਰਾਜ ਵਿੱਚ ਵੋਟਾਂ ਲੈਣ ਖਾਤਰ ਦਰਗੁਜ਼ਰ ਕਰ ਦਿੱਤਾ ਗਿਆ ਜਿਸ ਨੇ ਸਿੱਖਾਂ ਵਿੱਚ ਅਕਾਲੀ ਦਲ ਵਿਰੁੱਧ ਨਾਰਾਜ਼ਗੀ ਨੱਕੋ-ਨੱਕ ਭਰ ਦਿੱਤੀ। ਕਿਸਾਨ ਅੰਦੋਲਨ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਨੇ ਆਪਣੇ ਰੰਗ ਬਦਲੇ, ਉਸ ਨੇ ਵੀ ਅਕਾਲੀ ਦਲ ਵਿਰੁੱਧ ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਦੇ ਰੋਹ ਨੂੰ ਅਸਮਾਨ ਉਤੇ ਪਹੁੰਚਾ ਦਿੱਤਾ।
ਸਿੱਖਾਂ ਦੇ ਗੁੱਸੇ ਨੂੰ ਦੇਖਦੇ ਹੋਏ ਅਕਾਲੀ ਦਲ ਨੂੰ ਕਈ ਟਕਸਾਲੀ ਅਕਾਲੀ ਆਗੂ ਛੱਡ ਗਏ ਪਰ ਉਦੋਂ ਤੱਕ ਇਨ੍ਹਾਂ ਆਗੂਆਂ ਲਈ ਵੀ ਬਹੁਤ ਦੇਰ ਹੋ ਗਈ ਸੀ। ਜਿਸ ਵੇਲੇ ਸਿੱਖ ਸਿਧਾਂਤਾਂ ਨੂੰ ਅਕਾਲੀ ਦਲ ਛਿੱਕੇ ਟੰਗ ਰਿਹਾ ਸੀ, ਇਨ੍ਹਾਂ ਸੀਨੀਅਰ ਆਗੂਆਂ ਨੇ ਚੂੰ ਨਾ ਕੀਤੀ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 1947 ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਅਤੇ 1966 ਵਿੱਚ ਪੰਜਾਬੀ ਸੂਬਾ ਬਣਨ ਮਗਰੋਂ ਇਹ ਤਬਦੀਲੀਆਂ ਸਿੱਖਾਂ ਲਈ ਹੋਰ ਵੀ ਗੰਭੀਰ ਹੋ ਗਈਆਂ। ਨਤੀਜੇ ਵਜੋਂ ਇਹ ਸਾਹਮਣੇ ਆਇਆ ਕਿ ਪੰਜਾਬ ਵਿੱਚ ਸਿੱਖਾਂ ਲਈ ਧਰਮ ਦੇ ਆਧਾਰ ’ਤੇ ਸਿਆਸਤ ਕਰਨੀ ਔਖੀ ਹੋ ਗਈ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਿਸੇ ਹੋਰ ਪਾਰਟੀ ਦਾ ਸਹਾਰਾ ਲੈਣਾ ਪੈ ਗਿਆ। ਇਹੀ ਮੁੱਖ ਕਾਰਨ ਸੀ ਕਿ ਅਕਾਲੀ ਦਲ ਨੂੰ ਬਹੁਤ ਸਾਰੇ ਸਿੱਖ ਸਿਧਾਂਤਾਂ ਨਾਲ ਸਮਝੌਤਾ ਕਰਨਾ ਪਿਆ।
ਹੁਣ ਅਕਾਲੀ ਦਲ ਉਸ ਸਥਾਨ ’ਤੇ ਆ ਖੜ੍ਹਾ ਹੋਇਆ ਹੈ ਜਿੱਥੇ ਇਸ ਲਈ ਆਪਣਾ ਵੱਕਾਰ ਬਣਾਈ ਰੱਖਣਾ ਹੀ ਮੁੱਖ ਚੁਣੌਤੀ ਬਣ ਗਿਆ ਹੈ। ਹੁਣ ਅਕਾਲੀ ਦਲ ਨੂੰ ਮੁੜ ਖੜ੍ਹਾ ਹੋਣ ਲਈ ਆਪਣੇ ਆਪ ਵਿੱਚ ਸੁਧਾਰ ਕਰਨੇ ਪੈਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਨਿਰੋਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਿੱਖ ਪ੍ਰਚਾਰ ਲਈ ਆਜ਼ਾਦ ਕਰਨਾ ਪਵੇਗਾ। ਇਸ ਨਾਲ ਹੀ ਇਹ ਸਿੱਖਾਂ ਦਾ ਭਰੋਸਾ ਜਿੱਤ ਸਕਦਾ ਹੈ। ਸਿਰਫ ਵੋਟਾਂ ਖਾਤਰ ਇਨ੍ਹਾਂ ਸਾਝੀਆਂ ਧਾਰਮਿਕ ਸੰਸਥਾਵਾਂ ਨੂੰ ਵਰਤਣਾ ਬੰਦ ਕਰਨ ਵਿੱਚ ਹੀ ਅਕਾਲੀ ਦਲ ਦੀ ਭਲਾਈ ਹੈ।
ਸੰਪਰਕ: 98140-95308

Advertisement
Advertisement
Advertisement