ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲ ਤਖ਼ਤ ਨੇ ਸੁਖਬੀਰ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਾਈ

05:56 AM Dec 03, 2024 IST
ਸੁਖਬੀਰ ਸਿੰਘ ਬਾਦਲ (ਖੱਬਿਓਂ ਦੂਜੇ) ਅਤੇ ਹੋਰ ਅਕਾਲੀ ਆਗੂਆਂ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਧਾਰਮਿਕ ਸਜ਼ਾ ਸੁਣਾਉਂਦੇ ਹੋਏ ਸਿੰਘ ਸਾਹਿਬਾਨ। -ਫੋਟੋ: ਵਿਸ਼ਾਲ ਕੁਮਾਰ

* ਸੁਖਬੀਰ ਬਾਦਲ ਅਤੇ ਢੀਂਡਸਾ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਵਿਖੇ ਘੰਟਾ ਘਰ ਦੇ ਬਾਹਰ ਸੇਵਾਦਾਰ ਦੀ ਸੇਵਾ ਨਿਭਾਉਣਗੇ
* ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਤਨਖਾਹੀਆ ਕਰਾਰ
* ਵਿਰਸਾ ਸਿੰਘ ਵਲਟੋਹਾ ਅਤੇ ਇਕ ਫੈਡਰੇਸ਼ਨ ਆਗੂ ਨੂੰ ਜਥੇਦਾਰਾਂ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਦੀ ਤਾੜਨਾ

Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਦਸੰਬਰ
ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਧਾਰਮਿਕ ਤਨਖਾਹ ਲਾਈ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਸਿੱਖ ਕੌਮ ਵਿਰੋਧੀ ਫ਼ੈਸਲੇ ਲੈਣ ਲਈ ਤਤਕਾਲੀ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ। ਜਥੇਦਾਰਾਂ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਇੱਕ ਫੈਡਰੇਸ਼ਨ ਆਗੂ ਨੂੰ ਜਥੇਦਾਰਾਂ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਦੀ ਤਾੜਨਾ ਕੀਤੀ ਗਈ ਹੈ। ਇਹ ਸਾਰੇ ਫ਼ੈਸਲੇ ਅੱਜ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਣਾਏ। ਉਨ੍ਹਾਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਸ਼ਾਮਲ ਸਨ। ਅਕਾਲ ਤਖ਼ਤ ਦੀ ਫਸੀਲ ’ਤੇ ਲਗਭਗ ਢਾਈ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ ਲੈ ਕੇ 2017 ਤੱਕ ਦੀ ਅਕਾਲੀ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ 17 ਸਾਬਕਾ ਅਕਾਲੀ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਦੇ ਮੈਂਬਰ ਅਤੇ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਰੇ ਸਕੱਤਰ ਵੀ ਹਾਜ਼ਰ ਸਨ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਾਇਆ।

ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਅਕਾਲ ਤਖ਼ਤ ਵੱਲੋਂ ਸਜ਼ਾ ਸੁਣਾਏ ਜਾਣ ਬਾਅਦ ਗਲਾਂ ’ਚ ਤਖ਼ਤੀਆਂ ਪਾ ਕੇ ਖੜ੍ਹੇ ਹੋਏ। ਫੋਟੋ: ਵਿਸ਼ਾਲ ਕੁਮਾਰ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਨਖਾਹ ਦਾ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਤ ਛੇ ਹੋਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਧਾਰਮਿਕ ਸਜ਼ਾ ਸੁਣਾਈ। ਉਨ੍ਹਾਂ ਆਦੇਸ਼ ਦਿੱਤਾ ਕਿ ਇਹ ਸਾਰੇ ਅਕਾਲੀ ਆਗੂ ਭਲਕੇ ਤਿੰਨ ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਖਾਨਿਆਂ ਵਿੱਚ 12 ਤੋਂ ਇੱਕ ਵਜੇ ਤੱਕ ਇੱਕ ਘੰਟੇ ਸਫਾਈ ਦੀ ਸੇਵਾ ਕਰਨਗੇ। ਇਹ ਸੇਵਾ ਦੋ ਦਿਨ ਵਾਸਤੇ ਹੋਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਉਨ੍ਹਾਂ ਦੀ ਹਾਜ਼ਰੀ ਅਤੇ ਸੇਵਾ ਦੀ ਨਿਗਰਾਨੀ ਕਰਨਗੇ। ਆਪਣੀ ਇਸ ਸੇਵਾ ਦੌਰਾਨ ਉਹ ਆਪਣੇ ਗਲ ਵਿੱਚ ਤਖਤੀਆਂ ਪਾ ਕੇ ਰੱਖਣਗੇ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਵਿਖੇ ਘੰਟਾ ਘਰ ਦੇ ਬਾਹਰ ਸੇਵਾਦਾਰ ਦੀ ਵਰਦੀ ਪਾ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਸੇਵਾ ਕਰਨ ਦਾ ਆਦੇਸ਼ ਦਿੱਤਾ ਗਿਆ। ਇੱਕ ਘੰਟੇ ਦੀ ਇਹ ਸੇਵਾ ਦੌਰਾਨ ਉਹ ਵੀਲ੍ਹ ਚੇਅਰ ’ਤੇ ਵੀ ਬੈਠ ਸਕਣਗੇ। ਉਹ ਦੋ ਦਿਨ ਇਹ ਸੇਵਾ ਕਰਨਗੇ। ਉਪਰੰਤ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰਨ, ਇਕ ਘੰਟਾ ਕੀਰਤਨ ਸਰਵਣ ਕਰਨ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹ ਸਾਰੇ ਅਕਾਲੀ ਆਗੂ ਦੋ ਦਿਨ ਤਕ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹੋ ਸੇਵਾ ਕਰਨਗੇ। ਇਹ ਸਾਰੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਕਾਲ ਤਖ਼ਤ ਵਿਖੇ 11 ਹਜ਼ਾਰ ਰੁਪਏ ਦੀ ਦੇਗ ਕਰਾਉਣਗੇ ਅਤੇ ਗੋਲਕ ਵਿੱਚ 11000 ਰੁਪਏ ਭੇਟਾ ਕਰਨਗੇ। ਉਸ ਤੋਂ ਬਾਅਦ ਆਪਣੀ ਖਿਮਾ ਯਾਚਨਾ ਦੀ ਅਰਦਾਸ ਕਰਵਾਉਣਗੇ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮਜੀਤ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਮਹੇਸ਼ ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ, ਜਨਮੇਜਾ ਸਿੰਘ ਅਤੇ ਹੋਰ ਆਗੂ ਭਲਕੇ ਤਿੰਨ ਦਸੰਬਰ ਨੂੰ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਵਾਸ਼ਰੂਮਾਂ ਦੀ ਸਫਾਈ ਕਰਨਗੇ। ਇਸ ਤੋਂ ਬਾਅਦ ਉਹ ਅਗਲੇ ਪੰਜ ਦਿਨ ਆਪੋ-ਆਪਣੇ ਨਗਰਾਂ ਦੇ ਗੁਰਦੁਆਰਿਆਂ ਵਿੱਚ ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਝਾੜੂ ਮਾਰਨ, ਪੋਚਾ ਮਾਰਨ, ਕੀਰਤਨ ਸੁਣਨ ਤੇ ਹੋਰ ਸੇਵਾਵਾਂ ਕਰਨਗੇ।
ਅਕਾਲ ਤਖ਼ਤ ਦੀ ਫਸੀਲ ਤੋਂ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਿੰਘ ਸਾਹਿਬਾਨ ਵੱਲੋਂ ਆਪਣੇ ਤੌਰ ’ਤੇ ਇਕ ਮੀਟਿੰਗ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਵੀ ਕੀਤੀ ਗਈ। ਉਨ੍ਹਾਂ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਤੋਂ ਬਾਅਦ ਸਕੱਤਰੇਤ ’ਚ ਵੀ ਮੀਟਿੰਗ ਕੀਤੀ। ਇਸ ਮਗਰੋਂ ਉਹ ਅਕਾਲ ਤਖ਼ਤ ਦੀ ਫਸੀਲ ਤੇ ਪੁੱਜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਤੋਂ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਵਾਬ-ਤਲਬੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੇ ਪੈਰ ਦੀ ਉਂਗਲੀ ਵਿੱਚ ਫਰੈਕਚਰ ਹੋ ਗਿਆ ਸੀ, ਅੱਜ ਵਾਕਰ ਲੈ ਕੇ ਅਕਾਲ ਤਖ਼ਤ ਦੇ ਸਨਮੁਖ ਪੁੱਜੇ। ਉਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਵੀ ਬਜ਼ੁਰਗ ਅਵਸਥਾ ਹੋਣ ਕਾਰਨ ਸਟੂਲ ’ਤੇ ਬੈਠੇ ਹੋਏ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕੋਲੋਂ ਵੀ ਸਵਾਲ ਪੁੱਛੇ ਗਏ। ਉਨ੍ਹਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਅਟਵਾਲ, ਸ਼ਰਨਜੀਤ ਸਿੰਘ, ਸੁੱਚਾ ਸਿੰਘ ਲੰਗਾਹ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਰਜੀਤ ਸਿੰਘ ਰੱਖੜਾ, ਮਹੇਸ਼ ਇੰਦਰ ਸਿੰਘ ਗਰੇਵਾਲ, ਸੋਹਣ ਸਿੰਘ ਠੰਡਲ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਗੁਲਜ਼ਾਰ ਸਿੰਘ ਰਣੀਕੇ ਕੋਲੋਂ ਵੀ ਜਵਾਬ ਤਲਬੀ ਕੀਤੀ ਗਈ।
ਇਨ੍ਹਾਂ ਵਿੱਚੋਂ ਕੁਝ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਭੁੱਲਾਂ-ਚੁੱਕਾਂ ਅਤੇ ਗਲਤੀਆਂ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਹੋਣ ਅਤੇ ਕੁਝ ਨੇ ਚੁੱਪ ਰਹਿ ਕੇ ਉਨ੍ਹਾਂ ਦੀ ਹਮਾਇਤ ਕਰਨ ਦੇ ਦੋਸ਼ ਕਬੂਲ ਕੀਤੇ। ਇਸ ਮਗਰੋਂ ਲਗਭਗ ਪੌਣਾ ਘੰਟਾ ਸਿੰਘ ਸਾਹਿਬਾਨ ਵੱਲੋਂ ਆਪਸ ਵਿੱਚ ਵਿਚਾਰ-ਚਰਚਾ ਕਰਨ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਖ਼ਿਲਾਫ਼ ਤਨਖਾਹ ਦਾ ਐਲਾਨ ਕੀਤਾ ਗਿਆ।

Advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਸੱਤ ਮੈਂਬਰੀ ਕਮੇਟੀ ਕਾਇਮ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਨੂੰ ਤਨਖਾਹ ਲਗਾਉਣ ਦੇ ਨਾਲ ਸਿਆਸੀ ਕਾਰਵਾਈ ਵੀ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਕਰਕੇ ਤਿੰਨ ਦਿਨਾਂ ਵਿੱਚ ਇਸ ਸਬੰਧੀ ਰਿਪੋਰਟ ਅਕਾਲ ਤਖ਼ਤ ’ਤੇ ਭੇਜੀ ਜਾਵੇ। ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਵਰਕਿੰਗ ਕਮੇਟੀ ਨੇ ਉਸ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਜਿਨ੍ਹਾਂ ਅੱਜ ਆਪਣੇ ਗੁਨਾਹ ਕਬੂਲ ਕੀਤੇ ਹਨ, ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਅਤੇ ਡੈਲੀਗੇਟ ਬਣਾ ਕੇ ਛੇ ਮਹੀਨੇ ਦੇ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਸ ਸਬੰਧੀ ਸੱਤ ਮੈਂਬਰੀ ਕਮੇਟੀ ਵੀ ਬਣਾਈ ਹੈ ਜਿਸ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਸ਼ਾਮਲ ਹਨ। ਉਨ੍ਹਾਂ ਇਸ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ, ਆਧਾਰ ਕਾਰਡ ਦੀ ਕਾਪੀ ਸਮੇਤ ਮੈਂਬਰ ਬਣਾਏ ਜਾਣ ਅਤੇ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾਏ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਸ ਪ੍ਰਕਿਰਿਆ ਨੂੰ ਛੇ ਮਹੀਨੇ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਨੂੰ ਆਦੇਸ਼ ਕੀਤਾ ਕਿ ਉਹ ਆਪੋ-ਆਪਣੇ ਚੁੱਲ੍ਹੇ ਸਮੇਟਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ। ਉਨ੍ਹਾਂ ਦੋਵੇਂ ਧਿਰਾਂ ਨੂੰ ਆਪਣੀ ਹਉਮੈ ਅਤੇ ਈਰਖਾ ਤਿਆਗ ਕੇ ਇਕੱਠੇ ਹੋ ਕੇ ਚੱਲਣ ’ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਮੀਡੀਆ ’ਚ ਵੱਖਰੇ ਸੁਰ ਅਤੇ ਰਾਗ ਦਿਖਾਈ ਨਹੀਂ ਦੇਣੇ ਚਾਹੀਦੇ ਹਨ। ਜਥੇਦਾਰ ਨੇ ਕਿਹਾ ਕਿ ਇਸ ਵੇਲੇ ਇੱਕ ਦਾਗ਼ੀ ਅਤੇ ਦੂਜਾ ਬਾਗ਼ੀ ਧੜਾ ਹੈ ਜਦਕਿ ਦੋਵੇਂ ਧੜੇ ਹੀ ਦਾਗ਼ੀ ਹਨ ਕਿਉਂਕਿ ਬਾਗ਼ੀ ਧੜੇ ਨੇ ਵੀ ਅਕਾਲੀ ਸਰਕਾਰ ਵੇਲੇ ਸੇਵਾਵਾਂ ਦਾ ਆਨੰਦ ਮਾਣਿਆ ਸੀ ਅਤੇ ਉਹ ਹੁਣ ਵੀ ਪੈਨਸ਼ਨਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਦੋਵੇਂ ਧਿਰਾਂ ਇੱਕ ਹੋ ਕੇ ਚੱਲਣ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਆਦੇਸ਼ ਕੀਤਾ ਹੈ ਕਿ ਉਹ ਪਹਿਲੀ ਮਾਰਚ ਤੋਂ ਲੈ ਕੇ 30 ਅਪਰੈਲ ਤੱਕ ਲਗਭਗ ਸਵਾ ਲੱਖ ਬੂਟੇ ਲਾਉਣਗੇ ਅਤੇ ਬੂਟਿਆਂ ਦਾ ਪਾਲਣ-ਪੋਸ਼ਣ ਵੀ ਕਰਨਗੇ।

ਕੇਸ ਰੰਗਣ ਤੇ ਕੱਟਣ ਵਾਲੇ ਸਿੱਖ ਆਗੂ ਬਾਹਰ ਕੀਤੇ

ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ ਤਾਂ ਪੰਜ ਸਿੰਘ ਸਾਹਿਬਾਨ ਨੇ ਤਲਬ ਕੀਤੇ ਗਏ ਅਕਾਲੀ ਆਗੂਆਂ ਵਿੱਚੋਂ ਕੇਸ ਰੰਗਣ ਵਾਲੇ ਅਤੇ ਕੇਸ ਕੱਟਣ ਵਾਲੇ ਸਿੱਖ ਆਗੂਆਂ ਨੂੰ ਉੱਠ ਕੇ ਬਾਹਰ ਚਲੇ ਜਾਣ ਅਤੇ ਸਕੱਤਰੇਤ ਵਿਖੇ ਜਾ ਕੇ ਇਸ ਸਬੰਧੀ ਪਹਿਲਾਂ ਸਪੱਸ਼ਟੀਕਰਨ ਦੇਣ ਵਾਸਤੇ ਆਖਿਆ। ਅਜਿਹੇ ਸਿੱਖ ਆਗੂਆਂ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਲਵੰਤ ਸਿੰਘ ਰਾਮੂਵਾਲੀਆ ਸ਼ਾਮਿਲ ਸਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਸਿਹਤ ਠੀਕ ਨਾ ਹੋਣ ਕਰਕੇ ਅੱਜ ਦੀ ਇਕੱਤਰਤਾ ’ਚ ਹਾਜ਼ਰ ਨਹੀਂ ਹੋਏ। ਇਨ੍ਹਾਂ ਨੂੰ ਹੁਣ ਅਗਲੀ ਇਕੱਤਰਤਾ ਵਿੱਚ ਪੇਸ਼ ਹੋਣ ਦਾ ਆਦੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਮਰਹੂਮ ਗਿਆਨੀ ਮੱਲ ਸਿੰਘ ਦੀ ਪਤਨੀ ਵੱਲੋਂ ਆਪਣੇ ਪਤੀ ਦੀ ਖਿਮਾ ਯਾਚਨਾ ਲਈ ਲਿਖਤੀ ਮੁਆਫੀ ਮੰਗੀ ਗਈ ਜਿਸ ’ਤੇ ਪੰਜ ਸਿੰਘ ਸਾਹਿਬਾਨ ਨੇ ਅਗਲੀ ਇਕੱਤਰਤਾ ਵਿੱਚ ਵਿਚਾਰ ਕਰਨ ਦਾ ਫ਼ੈਸਲਾ ਲਿਆ। ਦੱਸਣਯੋਗ ਹੈ ਕਿ ਗਿਆਨੀ ਮੱਲ ਸਿੰਘ ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਜਦੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਸੀ।

ਸੁਖਬੀਰ ਨੂੰ ਕੀਤੇ ਗਏ ਸਵਾਲ

ਅਕਾਲ ਤਖਤ ਤੇ ਹੋਈ ਇਕੱਤਰਤਾ ਦੌਰਾਨ ਅੱਜ ਸੁਖਬੀਰ ਸਿੰਘ ਬਾਦਲ ਲਈ ਨਮੋਸ਼ੀ ਵਾਲਾ ਸਮਾਂ ਸੀ, ਜਦੋਂ ਉਨ੍ਹਾਂ ਕੋਲੋਂ ਗੁਰੂ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਸਵਾਲ-ਜਵਾਬ ਕੀਤੇ ਗਏ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਲੱਗੇ ਦੋਸ਼ ਸਬੰਧੀ ਪੁੱਛਿਆ ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਸਾਲ 2015 ਦੇ ਪੰਥਕ ਮੁੱਦਿਆਂ, ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਸਨ, ਨੂੰ ਉਨ੍ਹਾਂ ਵਿਸਾਰ ਦਿੱਤਾ ਸੀ। ਇਸ ਬਾਰੇ ਉਹ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ। ਸੁਖਬੀਰ ਬਾਦਲ ਨੇ ਜਦੋਂ ਇਸ ਦੇ ਵਿਸਥਾਰ ’ਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਆਖਿਆ ਕਿ ਉਹ ਸਿਰਫ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਤਾਂ ਉਸ ਨੇ ਗੁਨਾਹ ਕਬੂਲ ਕਰਦਿਆਂ ਹਾਂ ਜੀ ਕਿਹਾ। ਦੂਜਾ ਸਵਾਲ ਕਰਦਿਆਂ ਸਿੰਘ ਸਾਹਿਬਾਨ ਨੇ ਕਿਹਾ ਕਿ ਅਤਿਵਾਦ ਵੇਲੇ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਅਫਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤਰੱਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਰਟੀ ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ। ਕੀ ਤੁਸੀਂ ਇਹ ਗੁਨਾਹ ਕੀਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਹਾਂ ਵਿੱਚ ਜਵਾਬ ਦਿੱਤਾ। ਤੀਜਾ ਸਵਾਲ ਡੇਰਾ ਸਿਰਸਾ ਮੁਖੀ ਖ਼ਿਲਾਫ਼ ਦਰਜ ਕੇਸ ਨੂੰ ਵਾਪਸ ਕਰਵਾਉਣ ਦਾ ਗੁਨਾਹ ਕੀਤਾ ਹੈ ਜਾਂ ਨਹੀਂ ਤਾਂ ਇਸ ਦੇ ਜਵਾਬ ਵਿੱਚ ਵੀ ਉਸ ਨੇ ਹਾਂ ਆਖਿਆ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਲਈ 2015 ’ਚ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਉਣ ਅਤੇ ਉਨ੍ਹਾਂ ’ਤੇ ਪ੍ਰਭਾਵ ਪਾ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਾਉਣ ਦੇ ਜਵਾਬ ਵਿੱਚ ਮੁੜ ਸੁਖਬੀਰ ਸਿੰਘ ਬਾਦਲ ਨੇ ਵਿਸਥਾਰ ਵਿੱਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਤਾੜਨਾ ਕਰਦਿਆਂ ਉਨ੍ਹਾਂ ਨੂੰ ਆਪਣਾ ਜਵਾਬ ਹਾਂ ਜਾਂ ਨਾਂਹ ਵਿੱਚ ਹੀ ਦੇਣ ਦੀ ਤਾਕੀਦ ਕੀਤੀ। ਉਸ ਨੇ ਇਹ ਗੁਨਾਹ ਵੀ ਕਬੂਲ ਕਰ ਲਿਆ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਵਾਸਤੇ ਕੀਤੇ ਗਏ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋੋਮਣੀ ਕਮੇਟੀ ਦੀ ਗੋਲਕ ਵਿੱਚੋਂ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜਾਣ ਦਾ ਗੁਨਾਹ ਵੀ ਕਬੂਲ ਕੀਤਾ।

Advertisement