ਅਜੀਤ ਨੇ ਮੁੱਖ ਮੰਤਰੀ ਬਣਨ ਲਈ ਭਾਜਪਾ ਦਾ ਹੱਥ ਫਡ਼ਿਆ: ਸਾਮਨਾ
ਮੁੰਬਈ, 3 ਜੁਲਾਈ
ਸ਼ਿਵ ਸੈਨਾ (ੳੂਧਵ ਬਾਲਾਸਾਹਿਬ ਠਾਕਰੇ) ਨੇ ਅੱਜ ਦਾਅਵਾ ਕੀਤਾ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਅਜੀਤ ਪਵਾਰ ਜਲਦੀ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਅਜੀਤ ਪਵਾਰ ਨੇ ਬੀਤੇ ਦਿਨ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਵਜੋਂ ਜਦਕਿ ਅੱਠ ਹੋਰ ਆਗੂਆਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਸੀ।
ਸ਼ਿਵ ਸੈਨਾ (ਯੂਬੀਟੀ) ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ਨੇ ਨਾ ਸਿਰਫ਼ ਮਹਾਰਾਸ਼ਟਰ ਬਲਕਿ ਦੇਸ਼ ਦੀ ਰਾਜਨੀਤੀ ਨੂੰ ਵੀ ਕੁਚਲਿਆ ਹੈ। ਸਾਮਨਾ ’ਚ ਕਿਹਾ ਗਿਆ, ‘ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਰਿਕਾਰਡ ਬਣਾਇਆ ਹੈ। ਇਸ ਵਾਰੀ ਇਹ ਸੌਦਾ ਵੱਡਾ ਹੈ।’ ਮੁੱਖ ਪੱਤਰ ’ਚ ਦਾਅਵਾ ਕੀਤਾ ਗਿਆ ਹੈ, ‘ਪਵਾਰ ਇੱਥੇ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਨਹੀਂ ਗਏ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਜਲਦੀ ਹੀ ਅਯੋਗ ਕਰਾਰ ਦਿੱਤਾ ਜਾਵੇਗਾ ਅਤੇ ਪਵਾਰ ਦੀ ਤਾਜਪੋਸ਼ੀ ਕੀਤੀ ਜਾਵੇਗੀ।’ ਸਾਮਨਾ ਅਨੁਸਾਰ ਇਹ ਜੋ ਵੀ ਹੋਇਆ ਹੈ, ਉਸ ਸੂਬੇ ਦੇ ਲੋਕਾਂ ਨੂੰ ਪਸੰਦ ਨਹੀਂ ਆਵੇਗਾ। ਇਸ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਅਜਿਹੀ ਕੋਈ ਵੀ ਸਿਆਸੀ ਰਵਾਇਤ ਨਹੀਂ ਹੈ ਅਤੇ ਲੋਕ ਇਸ ਦੀ ਹਮਾਇਤ ਨਹੀਂ ਕਰਨਗੇ।
ਰੋਜ਼ਾਨਾ ਮਰਾਠੀ ਅਖ਼ਬਾਰ ’ਚ ਦਾਅਵਾ ਕੀਤਾ ਗਿਆ ਹੈ ਕਿ ਅਜੀਤ ਪਵਾਰ ਦਾ ਇਹ ਕਦਮ ਅਸਲ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਲਈ ਖਤਰਨਾਕ ਹੈ। ਜਦੋਂ ਸ਼ਿੰਦੇ ਤੇ ਹੋਰ ਵਿਧਾਇਕਾਂ ਨੇ ਪਿਛਲੇ ਸਾਲ ਸ਼ਿਵ ਸੈਨਾ ਛੱਡੀ ਸੀ ਤਾਂ ਉਨ੍ਹਾਂ ਤਤਕਾਲੀ ਵਿੱਤ ਮੰਤਰੀ ਅਜੀਤ ਪਵਾਰ ਨੂੰ ਉਨ੍ਹਾਂ ਦੀਆਂ ਹੱਦਾਂ ’ਚ ਨਾ ਰੱਖਣ ਲਈ ਪਾਰਟੀ ਪ੍ਰਧਾਨ ਤੇ ਤਤਕਾਲੀ ਮੁੱਖ ਮੰਤਰੀ ੳੂਧਵ ਠਾਕਰੇ ਨੂੰ ਦੋਸ਼ੀ ਠਹਿਰਾਇਆ ਸੀ। ਸੰਪਾਦਕੀ ’ਚ ਕਿਹਾ ਗਿਆ ਹੈ, ‘ਬਾਗੀ ਵਿਧਾਇਕਾਂ ਨੇ ਜੋ ਪਹਿਲਾ ਕਾਰਨ ਦੱਸਿਆ ਸੀ ਉਹ ਇਹ ਸੀ ਕਿ ਉਨ੍ਹਾਂ ਐੱਨਸੀਪੀ ਕਾਰਨ ਸ਼ਿਵ ਸੈਨਾ ਛੱਡੀ ਹੈ। ਹੁਣ ਉਹ ਕੀ ਕਰਨਗੇ। ਸਹੁੰ ਚੁੱਕ ਸਮਾਗਮ ਦੌਰਾਨ ਸ਼ਿੰਦੇ ਧਡ਼ੇ ਦੇ ਮੈਂਬਰਾਂ ਦੇ ਚਿਹਰਿਆਂ ਨੂੰ ਦੇਖ ਕੇ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦਾ ਭਵਿੱਖ ਹੁਣ ਹਨੇਰੇ ’ਚ ਹੈ।’ -ਪੀਟੀਆਈ