ਅਜੈ ਦੇਵਗਨ ਦੀ ਫਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦਾ ਨਵਾਂ ਗੀਤ ਰਿਲੀਜ਼
ਮੁੰਬਈ: ਅਦਾਕਾਰ ਅਜੈ ਦੇਵਗਨ ਤੇ ਤੱਬੂ ਦੀ ਫਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਗੀਤ ‘ਕਿਸੀ ਰੋਜ਼’ ਵਿੱਚ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਹੈ। ਫਿਲਮ ਵਿੱਚ ਇਹ ਗੀਤ ਕ੍ਰਿਸ਼ਨਾ ਤੇ ਵਸੁਧਾ ਦੀ ਪ੍ਰੇਮ ਕਹਾਣੀ ਨੂੰ ਉਜਾਗਰ ਕਰਦਾ ਹੈ। ਨੀਰਜ ਪਾਂਡੇ ਇਸ ਫਿਲਮ ਦੇ ਨਿਰਦੇਸ਼ਕ ਤੇ ਲੇਖਕ ਹਨ। ਅਜੈ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਗੀਤ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ, ‘‘ਓ ਸਾਹਿਬ ਜੀ, ਇਹ ਦਿਲ ਚਾਹੇ ਉਸੇ, ਜੋ ਸਭ ਤੋਂ ਪਿਆਰਾ। ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ‘ਕਿਸੀ ਰੋਜ਼’ ਨਾਲ ਮਹਿਸੂਸ ਕਰੋ।’’ਤੱਬੂ ਨੇ ਵੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਗੀਤ ਦੀ ਵੀਡੀਓ ਸਾਂਝੀ ਕੀਤੀ ਹੈ। ਫਿਲਮਕਾਰ ਨੀਰਜ ਪਾਂਡੇ ਨੇ ਇਸ ਗੀਤ ਨੂੰ ਆਪਣਾ ਪਸੰਦੀਦਾ ਗੀਤਾ ਕਿਹਾ ਹੈ। ਗੀਤ ‘ਕਿਸੀ ਰੋਜ਼’ ਮੈਥਿਲੀ ਠਾਕੁਰ ਨੇ ਗਾਇਆ ਹੈ, ਜਿਸ ਨੂੰ ਸੰਗੀਤ ਆਸਕਰ ਜੇਤੂ ਸੰਗੀਤਕਾਰ ਐੱਮਐੱਮ ਕ੍ਰੀਮ ਨੇ ਦਿੱਤਾ ਹੈ। ਇਸ ਗੀਤ ਨੂੰ ਮਨੋਜ ਮੁੰਤਸ਼ਿਰ ਨੇ ਲਿਖਿਆ ਹੈ। ਇਸ ਸੰਗੀਤਕ ਰੋਮਾਂਟਿਕ ਡਰਾਮੇ ਵਿੱਚ ਜਿੰਮੀ ਸ਼ੇਰਗਿੱਲ, ਸਾਈ ਮਾਂਜਰੇਕਰ, ਸ਼ਾਂਤਨੂੰ ਮਹੇਸ਼ਵਰੀ ਅਤੇ ਸਯਾਸੀ ਸ਼ਿੰਦੇ ਵੀ ਅਹਿਮ ਭੂਮਿਕਾ ਵਿੱਚ ਹਨ। ਇਸ ਦੇ ਨਿਰਮਾਤਾ ਨਰਿੰਦਰ ਹੀਰਾਵਤ, ਕੁਮਾਰ ਮੰਗਤ ਪਾਠਕ, ਸੰਗੀਤਾ ਅਹੀਰ ਅਤੇ ਸ਼ੀਤਲ ਭਾਟੀਆ ਹਨ। ਇਹ ਫਿਲਮ 5 ਜੁਲਾਈ ਨੂੰ ਸਿਨਮਿਆਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ