ਕਾਨ ਫਿਲਮ ਫੈਸਟੀਵਲ ਵਿੱਚ ਐਸ਼ਵਰਿਆ ਰਾਏ ਨੇ ਜਲਵੇ ਬਿਖੇਰੇ
ਕਾਨ: ਇਸ ਸਾਲ ਦੇ ਕਾਨ ਫਿਲਮ ਫੈਸਟੀਵਲ ਵਿੱਚ ਦੂਜੇ ਦਿਨ ਵੀ ਬੌਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਸ਼ਾਨਦਾਰ ਦਿੱਖ ਨਾਲ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਐਸ਼ਵਰਿਆ ਨੇ ਉੱਘੀ ਡਿਜ਼ਾਈਨਰ ਜੋੜੀ ਫਾਲਗੁਨੀ ਸ਼ੇਨ ਪੀਕੌਕ ਦਾ ਤਿਆਰ ਚਮਕਦਾਰ ਨੀਲਾ ਅਤੇ ਚਾਂਦੀ ਰੰਗਾ ਗਾਊਨ ਪਾਇਆ ਹੋਇਆ ਸੀ। ਜਦੋਂ ਉਹ ਫਿਲਮ ਨਿਰਮਾਤਾ ਯੋਰਗੋਸ ਲੈਂਥੀਮੋਸ ਦੀ ‘ਕਾਈਂਡਜ਼ ਆਫ ਕਾਈਂਡਨੈੱਸ’ ਦੀ ਸਕਰੀਨਿੰਗ ਲਈ ਰੈੱਡ ਕਾਰਪੇਟ ’ਤੇ ਆਈ ਤਾਂ ਸਭ ਐਸ਼ਵਰਿਆ ਦੀ ਦਿੱਖ ਦੇਖ ਕੇ ਹੈਰਾਨ ਹੋ ਗਏ। ਦੱਸਣਾ ਬਣਦਾ ਹੈ ਕਿ ਇਸ ਫਿਲਮ ਵਿੱਚ ਐਮਾ ਸਟੋਨ ਨੂੰ ਦੋ ਵਾਰ ਆਸਕਰ ਐਵਾਰਡ ਮਿਲਿਆ ਸੀ। ਦੱਸਣਾ ਬਣਦਾ ਹੈ ਕਿ ਐਸ਼ਵਰਿਆ ਦੀ ਸੱਜੀ ਬਾਂਹ ਟੁੱਟ ਗਈ ਹੈ ਤੇ ਉਸ ਨੇ ਕਾਨ ਫਿਲਮ ਫੈਸਟੀਵਲ ਤੋਂ ਬਾਅਦ ਸਰਜਰੀ ਕਰਵਾਉਣੀ ਹੈ ਪਰ ਕਾਨ ਵਿੱਚ ਉਸ ਦੀ ਦਿੱਖ ਨੂੰ ਦੇਖ ਕੇ ਕਿਸੇ ਨੂੰ ਅੰਦਾਜ਼ਾ ਨਹੀਂ ਲੱਗ ਸਕਿਆ ਕਿ ਉਸ ਦੀ ਬਾਂਹ ਟੁੱਟੀ ਹੋਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਸ਼ਵਰਿਆ ਕਾਨ ਫਿਲਮ ਫੈਸਟੀਵਲ ਵਿੱਚ ਨਿਯਮਤ ਤੌਰ ’ਤੇ ਹਾਜ਼ਰੀ ਭਰਦੀ ਰਹੀ ਹੈ ਤੇ ਇਸ ਫੈਸਟੀਵਲ ਵਿੱਚ ਉਸ ਦੇ ਕੱਪੜਿਆਂ ਦੇ ਹੀ ਚਰਚੇ ਚਲਦੇ ਰਹਿੰਦੇ ਹਨ। ਐਸ਼ਵਰਿਆ ਤੋਂ ਇਲਾਵਾ ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਫਰੈਂਚ ਰਿਵੇਰਾ ਵਿੱਚ ਡਿਜ਼ਾਇਨਰ ਪ੍ਰਬਲ ਗੁਰੂੰਗ ਦੇ ਪਹਿਰਾਵੇ ਵਿੱਚ ਰੈੱਡ ਕਾਰਪੈਟ ’ਤੇ ਪਹਿਲੀ ਵਾਰ ਚੱਲੀ। ਜ਼ਿਕਰਯੋਗ ਹੈ ਕਿ 31 ਸਾਲਾ ਅਦਾਕਾਰਾ ਰੈੱਡ ਸੀ ਫਿਲਮ ਫਾਊਂਡੇਸ਼ਨ ਦੇ ਵਿਮੈਨ ਇਨ ਸਿਨੇਮਾ ਗਾਲਾ ਡਿਨਰ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। -ਪੀਟੀਆਈ