ਡੀਜੀਸੀਏ ਵੱਲੋਂ ਏਅਰ ਇੰਡੀਆ ਨੂੰ ਇਕ ਕਰੋੜ ਤੋਂ ਵੱਧ ਜੁਰਮਾਨਾ
ਨਵੀਂ ਦਿੱਲੀ: ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਡੀਜੀਸੀਏ ਨੇ ਏਅਰ ਇੰਡੀਆ ਨੂੰ 1.10 ਕਰੋੜ ਰੁਪਏ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਏਅਰਲਾਈਨ ਵੱਲੋਂ ਲੀਜ਼ ’ਤੇ ਲਏ ਬੋਇੰਗ 777 ਜਹਾਜ਼ਾਂ ਦੇ ਅਪਰੇਸ਼ਨ ਨਾਲ ਸਬੰਧਤ ਹੈ ਜੋ ਅਮਰੀਕਾ ਨੂੰ ਉਡਾਣ ਭਰਦੇ ਹਨ। ਹਫ਼ਤੇ ਵਿਚ ਇਹ ਦੂਜੀ ਵਾਰ ਹੈ ਜਦ ਏਅਰ ਇੰਡੀਆ ਨੂੰ ਜੁਰਮਾਨਾ ਕੀਤਾ ਗਿਆ ਹੈ। ਰੈਗੂਲੇਟਰ ਡੀਜੀਸੀਏ ਨੂੰ ਏਅਰਲਾਈਨ ਦੇ ਇਕ ਸਾਬਕਾ ਪਾਇਲਟ ਨੇ ਸ਼ਿਕਾਇਤ ਕੀਤੀ ਸੀ ਕਿ ਏਅਰ ਇੰਡੀਆ ਐਮਰਜੈਂਸੀ ਆਕਸੀਜਨ ਸਪਲਾਈ ਦੇ ਲੋੜੀਂਦੇ ਢਾਂਚੇ ਬਿਨਾਂ ਹੀ ਬੋਇੰਗ 777 ਜਹਾਜ਼ਾਂ ਨੂੰ ਅਮਰੀਕਾ ਰਵਾਨਾ ਕਰ ਰਿਹਾ ਹੈ। ਇਸ ਤੋਂ ਬਾਅਦ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਵੱਲੋਂ ਮਾਮਲੇ ਦੀ ਵਿਆਪਕ ਜਾਂਚ ਕੀਤੀ ਗਈ ਤੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ। ਜਾਂਚ ਤੋਂ ਬਾਅਦ ਡੀਜੀਸੀਏ ਨੇ ਕਿਹਾ ਕਿ ਲੀਜ਼ ’ਤੇ ਲਏ ਜਹਾਜ਼ਾਂ ਦਾ ਅਪਰੇਸ਼ਨ ਨਿਯਮਾਂ ਮੁਤਾਬਕ ਸਹੀ ਨਹੀਂ ਪਾਇਆ ਗਿਆ। ਇਸੇ ਦੌਰਾਨ ਡੀਜੀਸੀਏ ਨੇ ਅੱਜ ਦੱਸਿਆ ਕਿ 2023 ਵਿਚ ਰੈਗੂਲੇਟਰ ਵੱਲੋਂ ਏਅਰਲਾਈਨਾਂ ਤੇ ਏਅਰਲਾਈਨ ਕਰਮੀਆਂ ਵਿਰੁੱਧ ਨਿਯਮਾਂ/ਹਦਾਇਤਾਂ ਆਦਿ ਦੀ ਉਲੰਘਣਾ ’ਤੇ 542 ਵਾਰ ਕਾਰਵਾਈ ਕੀਤੀ ਗਈ ਹੈ। ਏਅਰ ਇੰਡੀਆ ਤੋਂ ਇਲਾਵਾ ਪਿਛਲੇ ਸਾਲ ਏਅਰ ਏਸ਼ੀਆ, ਇੰਡੀਗੋ ਤੇ ਸਪਾਈਸਜੈੱਟ ਨੂੰ ਜੁਰਮਾਨਾ ਲਾਇਆ ਗਿਆ ਸੀ। ਲਾਪਰਵਾਹੀ ਵਰਤਣ ਵਾਲੇ ਪਾਇਲਟਾਂ, ਚਾਲਕ ਅਮਲੇ, ਏਅਰ ਟਰੈਫਿਕ ਕੰਟਰੋਲ ਦੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਈ ਹੈ। -ਪੀਟੀਆਈ