ਹਵਾਈ ਫੌਜ ਦੇਸ਼ ਦੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦੇਣ ਦੇ ਸਮਰੱਥ: ਰਾਜਨਾਥ
ਨਵੀਂ ਦਿੱਲੀ, 1 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫੌਜ ਦੇਸ਼ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਹੱਦ ਵਿੱਚ ਦਾਖਲ ਹੋ ਕੇ ‘ਕਰਾਰਾ ਜਵਾਬ’ ਦੇਣ ਦੇ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਰਕਾਰ ‘ਆਤਮਨਿਰਭਰ ਭਾਰਤ’ ਦੇ ਨਜ਼ਰੀਏ ਤਹਿਤ ਹਵਾਈ ਫੌਜ ਨੂੰ ਆਧੁਨਿਕ ਸਾਜ਼ੋ-ਸਮਾਨ ਨਾਲ ਲੈਸ ਕਰਨ ਲਈ ਵਚਨਬੱਧ ਹੈ। ਰੱਖਿਆ ਮੰਤਰੀ ਨੇ ਇੱਥੇ ਕੌਮੀ ਜੰਗੀ ਯਾਦਗਾਰ ’ਤੇ ਹਵਾਈ ਸੈਨਾ ਦੀ 92ਵੀਂ ਵਰ੍ਹੇਗੰਢ ਸਬੰਧੀ ਸਮਾਗਮ ਮੌਕੇ ਆਖਿਆ ਕਿ ਦੇਸ਼ ਦੇ ਹੋਣਹਾਰ ਵਿਅਕਤੀਆਂ ਨੂੰ ਹਥਿਆਰਬੰਦ ਬਲਾਂ ’ਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਸਨਮਾਨ, ਮਾਣ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਜ਼ਿੰਦਗੀ ਗੁਜ਼ਾਰੀ ਜਾ ਸਕੇ। ਪ੍ਰੋਗਰਾਮ ਦੌਰਾਨ ਰੱਖਿਆ ਮੰਤਰੀ ਨੇ ਮੁਸ਼ਕਲ ਹਲਾਤ ’ਚ ਬਹਾਦਰੀ, ਸਮਰਪਣ ਤੇ ਦੇਸ਼ਭਗਤੀ ਦੀ ਭਾਵਨਾ ਦੇਸ਼ ਦੀ ਸੇਵਾ ਕਰਨ ਵਾਲੇ ਹਵਾਈ ਫੌਜ ਦੇ ਜਵਾਨਾਂ ਦੀ ਸ਼ਲਾਘਾ ਵੀ ਕੀਤੀ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਨਾਥ ਸਿੰਘ ਨੇ ਕਿਹਾ, ‘‘ਹਵਾਈ ਫੌਜ ਨੇ ਦੇਸ਼ ਦੇ ਲੋਕਾਂ ਦੀ ਰੱਖਿਆ ’ਚ ਅਹਿਮ ਮਾਅਰਕੇ ਮਾਰੇ ਹਨ। ਇਹ ਦੇਸ਼ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਹੱਦਾਂ ਅੰਦਰ ਤੱਕ ਜਾ ਕੇ ਕਰਾਰਾ ਜਵਾਬ ਦੇਣ ਦੇ ਸਮਰੱਥ ਹੈ।’’ ਇਸ ਮੌਕੇ ਰਾਜਨਾਥ ਸਿੰਘ ਨੇ ‘ਵਾਯੂ ਵੀਰ ਵਿਜੇਤਾ’ ਕਾਰ ਰੈਲੀ ਦੀ ਸ਼ੁਰੂਆਤ ਵੀ ਕੀਤੀ ਜਿਹੜੀ 8 ਅਕਤੂਬਰ ਨੂੰ ਲੱਦਾਖ ਦੇ ਥੋਇਸ ’ਚ ਹਵਾਈ ਸੈਨਾ ਸਟੇਸ਼ਨ ਤੋਂ ਅਰਣਾਚਲ ਪ੍ਰਦੇਸ਼ ਲਈ ਰਵਾਨਾ ਹੋਵੇਗੀ। ਥੋਇਸ ਸਮੁੰਦਰ ਤਲ ਤੋਂ 3,068 ਮੀਟਰ ਉਚਾਈ ’ਤੇ ਦੁਨੀਆ ਦੇ ਸਭ ਤੋਂ ਉੱਚੇ ਹਵਾਈ ਸੈਨਾ ਸਟੇਸ਼ਨਾਂ ਵਿੱਚੋਂ ਇੱਕ ਹੈ। -ਪੀਟੀਆਈ