For the best experience, open
https://m.punjabitribuneonline.com
on your mobile browser.
Advertisement

ਹੱਕ-ਸੱਚ ਦਾ ਪਹਿਰੇਦਾਰ ਸੀ ਅਹਿਮਦ ਸਲੀਮ

12:07 PM Jan 28, 2024 IST
ਹੱਕ ਸੱਚ ਦਾ ਪਹਿਰੇਦਾਰ ਸੀ ਅਹਿਮਦ ਸਲੀਮ
Advertisement

ਪ੍ਰੋ. ਪ੍ਰੀਤਮ ਸਿੰਘ

ਸਹਿਯੋਗ: ਨੁਜ਼ਹਤ ਅੱਬਾਸ

ਦਸੰਬਰ ਮਹੀਨੇ ਸਦੀਵੀ ਵਿਛੋੜਾ ਦੇ ਗਏ ਅਹਿਮਦ ਸਲੀਮ ਦਾ ਜਨਮ 1945 ’ਚ ਪੰਜਾਬ ਦੇ ਇੱਕ ਪਿੰਡ ਵਿੱਚ ਹੋਇਆ। ਉਹ ਉੱਘਾ ਸ਼ਾਇਰ, ਲੇਖਕ, ਖੋਜਕਾਰ, ਵਿਦਵਾਨ ਕਾਰਕੁਨ, ਅਨੁਵਾਦਕ, ਸੰਗ੍ਰਹਿਕਾਰ ਅਤੇ ਸਭ ਤੋਂ ਵਧ ਕੇ ਵਿਲੱਖਣ ਖ਼ੂਬੀਆਂ ਵਾਲਾ ਸਮਾਜਵਾਦੀ ਜੁਝਾਰੂ ਬਣਿਆ ਜੋ ਨਾ ਸਿਰਫ਼ ਪਾਕਿਸਤਾਨ ਸਗੋਂ ਸਮੁੱਚੇ ਦੱਖਣੀ ਏਸ਼ੀਆ ਤੇ ਇਸ ਤੋਂ ਵੀ ਪਰ੍ਹੇ ਤੱਕ ਸੱਚਾਈ, ਇਨਸਾਫ਼, ਅਮਨ ਅਤੇ ਕਾਮਿਆਂ, ਕਿਸਾਨਾਂ, ਧਾਰਮਿਕ ਅਤੇ ਭਾਸ਼ਾਈ ਘੱਟਗਿਣਤੀਆਂ (ਖ਼ਾਸਕਰ ਇਨ੍ਹਾਂ ਪਛਾਣਾਂ ਵਿਚਲੀਆਂ ਔਰਤਾਂ ਲਈ) ਦੇ ਹੱਕਾਂ ਦੀ ਲੜਾਈ ਲੜਦਾ ਰਿਹਾ। ਸਲੀਮ ਨਾਲ ਪਹਿਲੀ ਮੁਲਾਕਾਤ ਵੇਲੇ ਨੁਜ਼ਹਤ ਦੀ ਉਮਰ ਚੌਦ੍ਹਾਂ ਸਾਲ ਸੀ। ਉਹ ਉਸ (ਨੁਜ਼ਹਤ) ਨੂੰ ਸ਼ਾਇਰੀ ਜਾਰੀ ਰੱਖਣ ਲਈ ਹੌਸਲਾ ਦੇਣ ਖ਼ਾਤਰ ਉਸ ਦੇ ਘਰ ਗਿਆ ਸੀ। ਇਸ ਤੋਂ ਪਹਿਲਾਂ, ਉਹ ਉਸ ਦੀਆਂ ਦੋ ਨਜ਼ਮਾਂ ਆਪਣੇ ਰਸਾਲੇ ‘ਜਫ਼ਾਕਸ਼’ (ਮਜ਼ਦੂਰ) ਵਿੱਚ ਛਾਪ ਚੁੱਕਿਆ ਸੀ।
ਅਹਿਮਦ ਸਲੀਮ ਨੂੰ ਮੈਂ ਪੰਝੀ ਸਾਲ ਪਹਿਲਾਂ ਮਿਲਿਆ ਸਾਂ। ਨੁਜ਼ਹਤ ਅਤੇ ਮੁਹੰਮਦ ਅੱਬਾਸ ਉਦੋਂ ਔਕਸਫੋਰਡ ਆ ਚੁੱਕੇ ਸਨ ਅਤੇ ਉਨ੍ਹਾਂ ਉਸ ਦੀ ਯੂਕੇ ਫੇਰੀ ਦੌਰਾਨ ਸ਼ਾਮ ਦੇ ਖਾਣੇ ’ਤੇ ਸਾਡੀ ਮੁਲਾਕਾਤ ਦਾ ਇੰਤਜ਼ਾਮ ਕਰਵਾਇਆ ਸੀ। ਉਹ ਸ਼ਾਮ ਮੈਨੂੰ ਅਜੇ ਤੱਕ ਭੁੱਲੀ ਨਹੀਂ! ਅਹਿਮਦ ਸਲੀਮ ਨੇ ਆਪਣੀ ਜ਼ਿੰਦਗੀ ਦੀ ਦਰਦ ਭਰੀ, ਪਰ ਬੇਮਿਸਾਲ ਕਹਾਣੀ ਸਾਂਝੀ ਕੀਤੀ ਜੋ ਵਡੇਰੀ ਤ੍ਰਾਸਦੀ ਦੇ ਸੂਖ਼ਮ ਝਲਕਾਰੇ ਅਤੇ ਸਲੀਮ ਦੀ ਸ਼ਖ਼ਸੀਅਤ ਦੀ ਉਸਾਰੀ ਕਰਨ ਵਾਲੀਆਂ ਘਟਨਾਵਾਂ ’ਤੇ ਅੰਤਰਝਾਤ ਦੇ ਰੂਪ ਵਿੱਚ ਮੇਰੇ ਚੇਤੇ ਵਿੱਚ ਵਸੀ ਹੋਈ ਹੈ।
1947 ਦੀ ਦੇਸ਼ਵੰਡ ਵੇਲੇ ਹੋਈ ਹਿੰਸਾ ਦੌਰਾਨ ਅਹਿਮਦ ਸਲੀਮ ਦੇ ਦਾਦੇ ਨੇ ਆਪਣੇ ਅਜ਼ੀਜ਼ ਗੁਆਂਢੀ ਸਿੱਖ ਪਰਿਵਾਰ ਨੂੰ ਪਨਾਹ ਦਿੱਤੀ ਸੀ। ਉਸ ਦੇ ਦਾਦਾ ਜੀ ਨੂੰ ਪਤਾ ਲੱਗਿਆ ਕਿ ਇਲਾਕੇ ਦੇ ਦੰਗਈਆਂ ਨੂੰ ਉਸ ਦੁਆਰਾ ਗ਼ੈਰ-ਦੀਨੀ ਪਰਿਵਾਰ ਨੂੰ ਪਨਾਹ ਦੇਣ ਦੀ ਭਿਣਕ ਪੈ ਗਈ ਅਤੇ ਉਹ ਕਿਸੇ ਵੇਲੇ ਵੀ ਘਰ ’ਤੇ ਹਮਲਾ ਕਰ ਸਕਦੇ ਹਨ। ਇਸ ’ਤੇ ਉਨ੍ਹਾਂ ਆਪਣੇ ਹਮਸਾਇਆਂ ਨੂੰ ਰਾਤ ਦੇ ਹਨੇਰੇ ਵਿੱਚ ਬਚ ਕੇ ਨਿਕਲ ਜਾਣ ਦੀ ਸਲਾਹ ਦਿੱਤੀ। ਅਗਲੀ ਸਵੇਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਸਾਰਾ ਪਰਿਵਾਰ ਲਾਗਲੇ ਖੇਤਾਂ ਵਿੱਚ ਕਤਲ ਕਰ ਦਿੱਤਾ ਗਿਆ। ਉਦੋਂ ਅਹਿਮਦ ਸਲੀਮ ਦੋ ਕੁ ਸਾਲ ਦਾ ਸੀ। ਕਤਲ ਕਰ ਦਿੱਤੀ ਗਈ ਇੱਕ ਸਿੱਖ ਬੀਬੀ ਦੀ ਲਾਸ਼ ਦੇਖ ਕੇ ਉਸ ਦਾ ਰੋਣਾ ਰੁਕ ਨਹੀਂ ਸੀ ਰਿਹਾ ਕਿਉਂਕਿ ਉਸ ਨਾਲ ਅਹਿਮਦ ਦਾ ਬੜਾ ਤਿਹੁ ਸੀ। ਦਾਦਾ ਜੀ ਦੱਸਦੇ ਸਨ ਕਿ ਅਹਿਮਦ ਦੇ ਜੰਮਦਿਆਂ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਅਤੇ ਉਹ ਸਿੱਖ ਔਰਤ ਹੀ ਉਸ ਦੀ ਚੁੰਘਾਵੀ ਮਾਂ ਸੀ। ਆਪਣੀ ਜ਼ਿੰਦਗੀ ਦੇ ਇਸ ਸਦਮੇ ਬਾਰੇ ਦੱਸਦਿਆਂ ਅਹਿਮਦ ਸਲੀਮ ਦੀਆਂ ਅੱਖਾਂ ’ਚੋਂ ਪਰਲ ਪਰਲ ਹੰਝੂ ਵਗ ਰਹੇ ਸਨ। ਇਸ ਘਟਨਾ ਕਾਰਨ ਉਸ ਦੇ ਮਨ ਵਿੱਚ ਇਹ ਗੱਲ ਸਦਾ ਲਈ ਘਰ ਕਰ ਗਈ ਕਿ ਇਸ ਕੁਲਹਿਣੀ ਵੰਡ ਨੇ ਉਸ ਦੀ ਮਾਂ ਖਾ ਲਈ।
ਉਸ ਦੇ ਇਹ ਦਰਦ ਭਰੀ ਕਹਾਣੀ ਸੁਣਾਉਣ ਦੇ ਨਾਲ ਨਾਲ ਸਾਡੇ ਦੋਵਾਂ ਦੇ ਸਮਾਜਵਾਦ ਦੇ ਹਾਮੀ ਹੋਣ ਕਰਕੇ ਇੱਕੋ ਸਿਆਸੀ ਨਜ਼ਰੀਆ ਵੀ ਸਾਡੀ ਗਹਿਰੀ ਸਾਂਝ ਦੀ ਬੁਨਿਆਦ ਬਣਿਆ। ਸਾਡੀ ਦੋਸਤੀ ਉਸ ਦੇ ਆਖ਼ਰੀ ਦਮ ਤੱਕ ਕਾਇਮ ਰਹੀ। ਚਾਹੇ ਉਹ ਬਰਤਾਨੀਆ ਆਉਂਦਾ ਜਾਂ ਮੈਂ ਪਾਕਿਸਤਾਨ ਜਾਂਦਾ, ਅਸੀਂ ਕਦੇ ਵੀ ਇੱਕ ਦੂਜੇ ਨੂੰ ਮਿਲੇ ਬਿਨਾਂ ਮੁੜੇ ਨਹੀਂ ਸਾਂ। ਮੈਂ ਪੰਜਾਬ ਰਿਸਰਚ ਗਰੁੱਪ (ਪੀਆਰਜੀ, ਯੂਕੇ) ਦੀ ਛਿਮਾਹੀ ਕਾਨਫਰੰਸ ਵਿੱਚ ਪਾਕਿਸਤਾਨ ਵਿੱਚ ਮਾਈਨਿੰਗ (ਖੁਦਾਈ) ਕਾਮਿਆਂ ਬਾਰੇ ਉਸ ਦਾ ਖੋਜ ਪੱਤਰ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗਰੁੱਪ ਚੜ੍ਹਦੇ ਜਾਂ ਭਾਰਤੀ ਪੰਜਾਬ, ਲਹਿੰਦੇ ਜਾਂ ਪਾਕਿਸਤਾਨੀ ਪੰਜਾਬ ਅਤੇ ਆਲਮੀ ਪਰਵਾਸੀ ਪੰਜਾਬੀ ਭਾਈਚਾਰੇ ਵਿੱਚ ਖੋਜ ਨੂੰ ਹੱਲਾਸ਼ੇਰੀ ਦਿੰਦਾ ਹੈ। ਮੇਰੇ ਸੱਦੇ ’ਤੇ ਅਹਿਮਦ ਸਲੀਮ ਹੀ ਬਰਤਾਨੀਆ ਨਹੀਂ ਆਇਆ ਸਗੋਂ ਉਸ ਦੀ ਪ੍ਰੇਰਨਾ ਸਦਕਾ ‘ਪੀਆਰਜੀ’ ਨਾਲ ਜੁੜੇ ਕਈ ਹੋਰ ਨੌਜਵਾਨ ਪਾਕਿਸਤਾਨੀ ਖੋਜਕਾਰ ਵੀ ਆਉਣ ਲੱਗੇ।
ਅਹਿਮਦ ਸਲੀਮ ਦੀਆਂ ਤਾਉਮਰ ਪ੍ਰਾਪਤੀਆਂ ’ਤੇ ਰਸ਼ਕ ਆਉਂਦਾ ਹੈ। ਉਸ ਨੇ 175 ਕਿਤਾਬਾਂ ਲਿਖੀਆਂ ਜਿਨ੍ਹਾਂ ’ਚੋਂ 24 ਕਿਤਾਬਾਂ ਅੰਗਰੇਜ਼ੀ ਵਿੱਚ ਅਤੇ ਬਾਕੀ ਪੰਜਾਬੀ ਤੇ ਉਰਦੂ ਵਿੱਚ ਹਨ। ਉਸ ਨੇ ਸ਼ਾਹ ਹੁਸੈਨ ਦੇ ਕਲਾਮ ਦਾ ਪੰਜਾਬੀ ਤੋਂ ਸਿੰਧੀ ਵਿੱਚ ਤਰਜਮਾ ਕੀਤਾ ਅਤੇ ਸਿੰਧੀ ਦੇ ਸ਼ਾਇਰ ਸ਼ੇਖ ਅਯਾਜ਼ ਅਤੇ ਸ਼ਾਹ ਅਬਦੁਲ ਭਿਟਾਈ ਦੇ ਕਲਾਮ ਨੂੰ ਪੰਜਾਬੀ ਵਿੱਚ ਉਲਥਾਇਆ।
ਉਹ ਤਾਉਮਰ ਆਪਣੀ ਖ਼ੂਬਸੂਰਤ ਸ਼ਾਇਰੀ ਅਤੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਦੀ ਹਮਾਇਤ ਲਈ ਕਾਰਜ ਕਰਦਿਆਂ ਸਦਾ ਮਾਂ ਬੋਲੀ ਦੀ ਸੇਵਾ ਕਰਦਾ ਰਿਹਾ। ਸਲੀਮ ਪਾਕਿਸਤਾਨ ਦੇ ਕੁਝ ਚੋਣਵੇਂ ਪੰਜਾਬੀ ਲੇਖਕਾਂ ’ਚੋਂ ਸੀ ਜਿਸ ਨੇ ਚੜ੍ਹਦੇ ਪੰਜਾਬ ਦੇ ਪੰਜਾਬੀ ਸਾਹਿਤ ਨਾਲ ਸਾਂਝ ਪਾਉਣ ਲਈ ਗੁਰਮੁਖੀ ਲਿਪੀ ਸਿੱਖੀ ਸੀ। ਗੁਰਮੁਖੀ ਪੰਜਾਬੀ ’ਤੇ ਉਸ ਦੀ ਪਕੜ ਬਹੁਤ ਗਹਿਰੀ ਸੀ ਤੇ ਉਸ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਸ਼ਾਹਮੁਖੀ ਵਿੱਚ ਲਿਪੀਅੰਤਰਣ ਕੀਤਾ। ਅਹਿਮਦ ਸਲੀਮ ਹਾਸ਼ੀਏ ’ਤੇ ਚਲਦੀਆਂ ਸਮਾਜੀ ਅਤੇ ਸਭਿਆਚਾਰਕ ਪ੍ਰਕਿਰਿਆਵਾਂ ’ਤੇ ਬਹੁਤ ਗਹਿਰੀ ਨਜ਼ਰ ਰੱਖਦਾ ਸੀ। ਉਸ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਲੋਕ ਸ਼ਾਇਦ ਨਹੀਂ ਜਾਣਦੇ ਹਨ ਕਿ ਪਾਕਿਸਤਾਨੀ ਪੰਜਾਬ ਖ਼ਾਸਕਰ ਦਿਹਾਤੀ ਖੇਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਹੁਤ ਮਾਨਤਾ ਹੈ। ਉਨ੍ਹਾਂ ਨੂੰ ‘ਗੁਰੂ ਬਾਬਾ ਨਾਨਕ’ ਆਖਿਆ ਜਾਂਦਾ ਅਤੇ ਸੂਫ਼ੀ ਮੁਸਲਿਮ ਪੀਰ ਸਮਝਿਆ ਜਾਂਦਾ ਹੈ। ਇਸੇ ਕਰਕੇ ਪਾਕਿਸਤਾਨ ਵਿੱਚ ਸਕੂਲੀ ਪਾਠਕ੍ਰਮ ਵਿੱਚ ਬਾਬਾ ਨਾਨਕ ਬਾਰੇ ਇੱਕ ਅਧਿਆਏ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਤੋਂ ਮੈਨੂੰ ਪਤਾ ਲੱਗਿਆ ਕਿ ਉੱਥੇ ਗੁਰੂ ਨਾਨਕ ਦੇਵ ਜੀ ਪ੍ਰਤੀ ਕਿੰਨੀ ਸ਼ਰਧਾ ਹੈ। ਪਾਕਿਸਤਾਨ ਵਿੱਚ ਗੁਰੂ ਨਾਨਕ ਦੀ ਧਰੋਹਰ ਬਾਰੇ ਅਸੀਂ ਇੱਕ ਕੌਮਾਂਤਰੀ ਕਾਨਫਰੰਸ ਕਰਾਉਣ ਬਾਰੇ ਸੋਚਿਆ ਸੀ। ਅਹਿਮਦ ਸਲੀਮ ਨੇ ਝੱਟ ਸੁਝਾਅ ਦਿੱਤਾ ਕਿ ਦੁਬਈ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਇੱਕ ਸਿੰਧੀ ਕਾਰੋਬਾਰੀ ਇਸ ਕਾਨਫਰੰਸ ਨੂੰ ਬਾਖ਼ੁਸ਼ੀ ਸਪਾਂਸਰ ਕਰੇਗਾ। ਬਾਅਦ ਵਿੱਚ ਅਸੀਂ ਇਸ ਵਿਸ਼ੇ ’ਤੇ ਅੰਗਰੇਜ਼ੀ, ਉਰਦੂ, ਪੰਜਾਬੀ ਅਤੇ ਸਿੰਧੀ ਵਿੱਚ ਕਿਤਾਬ ਪ੍ਰਕਾਸ਼ਿਤ ਕਰਨ ਬਾਰੇ ਵੀ ਸੋਚਿਆ ਸੀ। ਹਾਲਾਂਕਿ ਕੁਝ ਹੋਰਨਾਂ ਘਟਨਾਵਾਂ ਅਤੇ ਰੁਝੇਵਿਆਂ ਕਰਕੇ ਇਹ ਕਾਨਫਰੰਸ ਨਾ ਹੋ ਸਕੀ, ਪਰ ਅਹਿਮਦ ਸਲੀਮ ਦੇ ਚਲਾਣੇ ਤੋਂ ਬਾਅਦ ਵੀ ਉਸ ਦੇ ਵਿਚਾਰ ਨੂੰ ਅਗਾਂਹ ਤੋਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਪੰਜਾਬੀ ਜ਼ਬਾਨ ਲਈ ਅਹਿਮਦ ਸਲੀਮ ਦਾ ਮੋਹ ਵਿਆਪਕ ਇਤਿਹਾਸਕ ਦ੍ਰਿਸ਼ਟੀ ’ਚੋਂ ਪੈਦਾ ਹੋਇਆ। ਉਸ ਦਾ ਮੰਨਣਾ ਸੀ ਕਿ ਅਗਾਂਹਵਧੂ ਸਮਾਜਿਕ ਤਬਦੀਲੀ ਲਿਆਉਣ ਲਈ ਦੱਬੇ-ਕੁਚਲੇ ਲੋਕਾਂ ਨੂੰ ਜਥੇਬੰਦ ਹੋਣਾ ਪਵੇਗਾ ਅਤੇ ਉਨ੍ਹਾਂ ਦੀਆਂ ਮਾਂ ਬੋਲੀਆਂ ਨੂੰ ਉਤਸ਼ਾਹਿਤ ਕਰਨਾ ਇਨਕਲਾਬੀ ਕਦਮ ਹੋਵੇਗਾ।
ਖੋਜ ਲਈ ਜਜ਼ਬੇ ਅਤੇ ਦਿਆਨਤਦਾਰੀ ਨੇ ਵੀ ਉਸ ਦੇ ਇਸ ਨਜ਼ਰੀਏ ਦਾ ਮੁਹਾਂਦਰਾ ਘੜਿਆ ਸੀ ਕਿ ਨਿੱਠਵੀਂ ਖੋਜ ਜ਼ਰੀਏ ਹੀ ਝੂਠ ਨੂੰ ਹਰਾਇਆ ਜਾ ਸਕਦਾ ਹੈ ਅਤੇ ਅਜਿਹਾ ਸੱਚ ਹੀ ਅਸਲ ਵਿੱਚ ਇਨਕਲਾਬੀ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ: ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। ਇਤਾਲਵੀ ਚਿੰਤਕ ਅਤੇ ਇਨਕਲਾਬੀ ਅੰਤੋਨੀਓ ਗ੍ਰਾਮਸ਼ੀ ਨੇ ਆਖਿਆ ਸੀ: ‘‘ਸੱਚ ਇਨਕਲਾਬੀ ਹੁੰਦਾ ਹੈ।’’ ਇਸ ਰਾਹ ’ਤੇ ਤੁਰਦਾ ਅਹਿਮਦ ਸਲੀਮ ਵੀ ਸੱਚ ਦਾ ਜਗਿਆਸੂ ਅਤੇ ਅਲੰਬਰਦਾਰ ਸੀ। ਉਸ ਦੇ ਵਿਦਵਤਾ ਭਰਪੂਰ ਸਾਹਿਤਕ ਕਾਰਜ ਅਤੇ ਤਾਮੀਰ ਕੀਤੇ ਖੋਜ ਸਰੋਤ ਤੇ ਅਦਾਰੇ ਸੱਚ ’ਤੇ ਪਹਿਰਾ ਦੇਣ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਰਹਿਣਗੇ। ਉਸ ਦੇ ਆਪਣੇ ਸ਼ਬਦਾਂ ਵਿੱਚ ਸਭ ਤੋਂ ਵਧ ਕੇ ਉਹ ਇੱਕ ਸ਼ਾਇਰ ਸੀ। ਉਸ ਨੇ ਨੁਜ਼ਹਤ ਅਤੇ ਕੁਝ ਹੋਰ ਕਰੀਬੀ ਦੋਸਤਾਂ ਨਾਲ ਆਪਣੀ ਆਖ਼ਰੀ ਇੱਛਾ ਸਾਂਝੀ ਕੀਤੀ। ਉਹ ਚਾਹੁੰਦਾ ਸੀ ਕਿ ਲੋਕ ਉਸ ਨੂੰ ਪੰਜਾਬੀ ਸ਼ਾਇਰ ਵਜੋਂ ਯਾਦ ਰੱਖਣ।
* ਪ੍ਰੋ. ਪ੍ਰੀਤਮ ਸਿੰਘ ਔਕਸਫੋਰਡ ਬਰੂਕਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਮੈਰਿਟਸ ਅਤੇ ਨੁਜ਼ਹਤ ਅੱਬਾਸ ਪੰਜਾਬੀ ਸ਼ਾਇਰਾ, ਕਹਾਣੀਕਾਰ ਤੇ ਗੀਤਕਾਰ ਹਨ।

Advertisement

ਅਹਿਮਦ ਸਲੀਮ ਦੀਆਂ ਤਿੰਨ ਕਵਿਤਾਵਾਂ

ਲੋਰੀ

ਸੁੰਝੀਆਂ ਰਾਹਾਂ ਉੱਤੇ ਤੁਰਦੇ ਤੁਰਦੇ
ਮੈਨੂੰ ਗੀਤਾਂ ਦੀ ਇੱਕ ਮਾਲਾ ਲੱਭੀ
ਮੁੜ ਸੁੰਝੀਆਂ ਰਾਹਾਂ
ਸੁੰਝੀਆਂ ਨਾ ਰਹੀਆਂ
ਮੁੜ ਅੱਖਾਂ ਦੇ ਮੋਤੀ
ਚਾਨਣ ਦੇ ਫੁੱਲ ਬਣ ਗਏ
ਮੁੜ ਇੱਕ ਨਾਰ ਦੀ ਸੂਹੀ ਚੁੰਨੀ
ਹੰਝੂਆਂ ਦੇ ਸਾਗਰ ਵਿੱਚ ਤਰਦੀ ਤਰਦੀ
ਜਦ ਕੰਢੇ ਤੇ ਆਈ
ਆਪਣੇ ਹੱਕ ਲਈ
ਉੱਠੀਆਂ ਬਾਹਾਂ ਸੰਗ ਲਹਿਰਾਈ।
ਗੀਤਾਂ ਦੀ ਇਹ ਸੁੰਦਰ ਮਾਲਾ
ਮੇਰੇ ਸਾਰੇ ਦੁੱਖੜੇ ਵੰਡੇ
ਵੇਖ ਨਾ ਸਕੇ
ਮੇਰੇ ਪੈਰੀਂ ਕੰਡੇ
ਜਿਉਂ ਮਾਂ ਦੀ ਲੋਰੀ
ਆਪਣੇ ਹੱਕ ਵਿੱਚ ਉੱਠੀਆਂ ਬਾਹਾਂ
ਹੋਰ ਵੀ ਉੱਚੀਆਂ ਹੋ ਗਈਆਂ ਨੇ।
ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਬਾਰੇ ਅਹਿਮਦ ਸਲੀਮ ਦੀ ਕਵਿਤਾ

ਕੰਧ

ਮੁੜ ਧਰਤੀ ਰੋ ਰੋ ਆਖਦੀ
ਤੁਸੀਂ ਸੱਭੇ ਮੇਰੇ ਲਾਲ
ਕਿਉਂ ਲਹੂ ਦੀਆਂ ਸਾਂਝਾ ਤੋੜ ਕੇ
ਲਾਈਆਂ ਜੇ ਗ਼ੈਰਾਂ ਨਾਲ।

ਜਦ ਭਾਈਆਂ ਬਾਝ ਨਾ ਮਜਲਸਾਂ,
ਜਦ ਯਾਰਾਂ ਬਾਝ ਨਾ ਪਿਆਰ
ਕੀ ਸੋਚ ਕੇ ਤੋੜੇ ਸਾਕ ਜੇ
ਕਿਉਂ ਖਿੱਚੀ ਨੇ ਤਲਵਾਰ।

ਮੂੰਹ ਮੋੜ ਖੜ੍ਹਾ ਮਹੀਵਾਲ ਵੇ
ਲਈ ਮਿਰਜ਼ੇ ਖਿੱਚ ਕਮਾਨ।
ਇੱਕ ਪਾਸੇ ਵਰਕੇ ਗ੍ਰੰਥ ਦੇ
ਇੱਕ ਪਾਸੇ ਪਾਕ ਕੁਰਾਨ।

ਅਜੇ ਸੋਹਣੀ ਤਰਸੇ ਪਿਆਰ ਨੂੰ
ਅਜੇ ਹੀਰਾਂ ਲੁਕ ਲੁਕ ਰੋਣ
ਕਿਉਂ ਐਨੀਆਂ ਭੀੜਾਂ ਪੈਣ ਵੇ
ਜੇ ਦੁੱਖ ਸੁੱਖ ਸਾਂਝੇ ਹੋਣ।

ਇੱਕ ਅਧੂਰਾ ਗੀਤ

ਸਾਡੇ ਕੋਲੋਂ ਖੋਹ ਕੇ,
ਸਾਰੇ ਹੱਕ ਇਬਾਦਤ ਵਾਲੇ
ਚੰਨ ਜੀ, ਬੁੱਤ ਤੁਹਾਡਾ
ਕਾਹਨੂੰ ਓਹਲੇ ਹੋਇਆ।
ਸ਼ੀਸ਼ੇ ਵਿੱਚ ਤਰੇੜ ਪਵੇ ਤਾਂ
ਸ਼ੀਸ਼ਾ ਵੇਖਣ ਵਾਲਾ
ਆਪਣਾ ਚਿਹਰਾ ਟੁੱਟਿਆ ਹੋਇਆ ਵੇਖੇ
ਹੱਥ ਤੁਹਾਡੇ
ਮੇਰੇ ਟੁੱਟੇ ਚਿਹਰੇ ਦੀ ਤਕਦੀਰ ਏ ਚੰਨ ਜੀ
ਹੱਥ ਅਸਾਡੇ, ਕੰਡੇ, ਸੂਲਾਂ, ਛਾਲੇ।
ਥੱਕੇ ਹੋਵਣ ਪੈਰ ਤਾਂ ਡੋਲ ਵੀ ਜਾਂਦੇ
ਬੇਖ਼ਬਰੀ ਵਿੱਚ
ਆਪੇ, ਆਪਣੀਆਂ ਸੱਧਰਾਂ ਰੋਲ ਵੀ ਜਾਂਦੇ
ਅੱਜ ਉਨ੍ਹਾਂ ਨੂੰ
ਫਿਰ ਤੁਹਾਡੀ ਮਿਹਰ ਦੀ ਲੋੜ ਏ
ਫਿਰ ਹਨੇਰੇ ਦੀ ਛਾਤੀ
ਚਾਨਣ ਦੀ ਗੋਰੀ ਮਹਿਕ ਨੂੰ ਤਰਸੇ
ਹੁਣ ਇਹੋ ਦਿਲ ਮੰਗੇ
ਸ਼ਾਲਾ ਸੁਖੀ ਵੱਸਣ ਗੋਰੇ ਚਾਨਣ ਵਾਲੇ,
ਦੁੱਖਾਂ ਦੇ ਪੱਥਰਾਂ ਨਾਲ ਮੱਥਾ ਭੰਨਦੀ
ਅਜੇ ਤਾਂ ਖ਼ਲਕਤ
ਭੁੱਖ ਦੀ ਕਾਲਖ ਦੇ ਸਾਗਰ ਵਿੱਚ ਡੁੱਬਦੀ
ਅਜੇ ਤਾਂ ਖ਼ਲਕਤ
ਨੰਗੇ ਪਿੰਜਰ, ਠਰਦੇ ਪਿੰਡੇ
ਅਜੇ ਤਾਂ ਰੋਟੀ ਕੱਪੜੇ ਦੇ ਚਾਨਣ ਨੂੰ
ਸਹਿਕਣ
ਹੱਥ ਤੁਹਾਡੇ ਇਨ੍ਹਾਂ ਦੀ ਤਕਦੀਰ
ਚੰਨ ਜੀ
ਹੱਥ ਅਸਾਡੇ ਕੀ ਏ?
ਆਪਣੇ ਘਰ ਹਨੇਰਾ ਹੋਵੇ ਕੋਈ ਕਿਉਂ
ਰਾਹਵਾਂ ਦੇ ਵਿੱਚ ਦੀਵੇ ਬਾਲੇ।

Advertisement
Author Image

sukhwinder singh

View all posts

Advertisement
Advertisement
×