For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਅਕਾਲ ਕੌਂਸਲ ਤੇ ਪੰਜਾਬ ਭਵਨ ਸਰੀ ਵਿਚਾਲੇ ਸਮਝੌਤਾ

10:47 AM Jun 09, 2024 IST
ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਅਕਾਲ ਕੌਂਸਲ ਤੇ ਪੰਜਾਬ ਭਵਨ ਸਰੀ ਵਿਚਾਲੇ ਸਮਝੌਤਾ
ਬਾਲ ਲੇਖਕ ਕਾਨਫਰੰਸ ਦਾ ਪ੍ਰਾਸਪੈਕਟ ਜਾਰੀ ਕਰਦੇ ਹੋਏ ਸੁੱਖੀ ਬਾਠ ਤੇ ਜਸਵੰਤ ਸਿੰਘ ਖਹਿਰਾ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 8 ਜੂਨ
ਮਾਲਵੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਚਾਰ ਰਹੀ ਸੰਸਥਾ ਪੰਜਾਬ ਭਵਨ ਸਰੀ (ਕੈਨੇਡਾ) ਨੇ ਇਕਜੁੱਟ ਹੋ ਕੇ ਪੰਜਾਬੀ ਬੋਲੀ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ। ਅੱਜ ਸੰਗਰੂਰ ਵਿੱਚ ਦੋਹਾਂ ਸੰਸਥਾਵਾਂ ਦਰਮਿਆਨ ਸਮਝੌਤਾ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ ਗਏ। ਪਰਸਪਰ ਸਾਂਝ ਦਸਤਾਵੇਜ਼ ਅਨੁਸਾਰ ਦੋਵੇਂ ਸੰਸਥਾਵਾਂ ਸਾਹਿਤਕ ਸੰਵਾਦ ਕਰਨ-ਕਰਵਾਉਣ ਲਈ ਵਚਨਬੱਧ ਹੋਣਗੀਆਂ ਅਤੇ ਇਨ੍ਹਾਂ ਦਾ ਮੂਲ ਮਨੋਰਥ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੋਵੇਗਾ। ਸੈਮੀਨਾਰ ਕਰਵਾਉਣੇ, ਪਰਵਾਸੀ ਪੰਜਾਬੀ ਸਾਹਿਤ ਨਾਲ ਸਬੰਧਤ ਹੋ ਰਹੇ ਸਾਹਿਤਕ ਖੋਜ ਕਾਰਜਾਂ ਦਾ ਅਧਿਐਨ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਨੂੰ ਉਭਾਰਨਾ ਹੋਵੇਗਾ।
ਇਥੇ ਪੂਨੀਆ ਟਾਵਰ ਹੋਟਲ ਵਿਚ ਹੋਈ ਪ੍ਰੈੱਸ ਕਾਨਫਰੰਸ ਮੌਕੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਸ਼ਵ ਭਰ ਵਿਚ ਰਹਿੰਦੇ ਪੰਜਾਬੀ ਬੱਚਿਆਂ ਨੂੰ ਪਜਾਬੀ ਸਾਹਿਤ ਨਾਲ ਜੋੜਨ ਲਈ 1700 ਤੋਂ ਵੱਧ ਬਾਲ ਲੇਖਕਾਂ ਦੀਆਂ ਮੌਲਿਕ ਰਚਨਾਵਾਂ ਦੀਆਂ ਕਰੀਬ 3 ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਅਕਾਲ ਕੌਂਸਲ ਮਸਤੁਆਣਾ ਸਾਹਬ ਨਾਲ ਮਿਲ ਕੇ ਇਸੇ ਵਰ੍ਹੇ ਦੀ 16 ਅਤੇ 17 ਨਵੰਬਰ ਨੂੰ ਮਸਤੂਆਣਾ ਸਾਹਿਬ ਵਿੱਚ 2 ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ।
ਇਸ ਮੌਕੇ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਅਕਾਲ ਕੌਂਸਲ ਪਹਿਲਾਂ ਤੋਂ ਹੀ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀ ਹੈ ਹੁਣ ਸੁੱਖੀ ਬਾਠ ਹੁਰਾਂ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਪੰਜਾਬੀ ਭਵਨ ਸਰੀ ਨਾਲ ਮਿਲ ਕੇ ਹੋਰ ਵਧੀਆ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਹੋ ਸਕੇਗੀ। ਇਸ ਮੌਕੇ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਪ੍ਰੀਤ ਹੀਰ, ਗੁਰਵਿੰਦਰ ਕਾਂਗੜ, ਮਨਜੀਤ ਸਿੰਘ ਕੁੱਕੀ ਕੋਚ, ਬਲਜੀਤ ਸ਼ਰਮਾ, ਡਾ. ਹਰਵਿੰਦਰ ਸਿੰਘ ਆਦਿ ਸਮੇਤ ਪੰਜਾਬ ਭਵਨ ਦੀ ਸਮੁੱਚੀ ਟੀਮ ਮੌਜੂਦ ਸੀ।

Advertisement

Advertisement
Author Image

sukhwinder singh

View all posts

Advertisement
Advertisement
×