For the best experience, open
https://m.punjabitribuneonline.com
on your mobile browser.
Advertisement

‘ਅਗਨੀਵੀਰ’ ਸਕੀਮ ਵੱਡੇ ਕਾਰੋਬਾਰੀ ਅਦਾਰੇ ਨੂੰ ਫ਼ਾਇਦਾ ਦੇਣ ਲਈ ਲਿਆਂਦੀ: ਰਾਹੁਲ

07:22 AM Feb 17, 2024 IST
‘ਅਗਨੀਵੀਰ’ ਸਕੀਮ ਵੱਡੇ ਕਾਰੋਬਾਰੀ ਅਦਾਰੇ ਨੂੰ ਫ਼ਾਇਦਾ ਦੇਣ ਲਈ ਲਿਆਂਦੀ  ਰਾਹੁਲ
‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਬਕਸਰ ਵਿਖੇ ਕਾਂਗਰਸੀ ਆਗੂ ਰਾਹੁਲ ਗਾਂਧੀ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨਾਲ। -ਫੋਟੋ: ਪੀਟੀਆਈ
Advertisement

ਮੋਹਨੀਆ (ਬਿਹਾਰ), 16 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੱਖਿਆ ਬਜਟ ਇਕ ਵੱਡੇ ਕਾਰੋਬਾਰੀ ਅਦਾਰੇ ਦੇ ਫਾਇਦੇ ਲਈ ਖਰਚਣ ਵਾਸਤੇ ਹੀ ‘ਅਗਨੀਵੀਰ’ ਸਕੀਮ ਲਿਆਂਦੀ ਹੈ। ਗਾਂਧੀ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਖਹਿੰਦੇ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਮੋਹਨੀਆ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਬਿਹਾਰ ਦੇ ਇਸ ਖਿੱਤੇ ਵਿਚੋਂ ਵੱਡੀ ਗਿਣਤੀ ਨੌਜਵਾਨ ਹਥਿਆਰਬੰਦ ਬਲਾਂ ਵਿਚ ਭਰਤੀ ਹੁੰਦੇ ਹਨ। ਦੋ ਸਾਲ ਪਹਿਲਾਂ ਅਗਨੀਵੀਰ ਸਕੀਮ ਨੂੰ ਲੈ ਕੇ ਇਥੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ। ਕੇਂਦਰ ਸਰਕਾਰ ਨੇ 15 ਜੂਨ 2022 ਨੂੰ ਅਗਨੀਪਥ ਸਕੀਮ ਸ਼ੁਰੂ ਕੀਤੀ ਸੀ।
ਗਾਂਧੀ ਨੇ ਕਿਹਾ, ‘‘ਇਕ ਅਗਨੀਵੀਰ ਨੂੰ ਫੌਜ ਵਿਚ ਰੈਗੂਲਰ ਭਰਤੀ ਹੋਏ ਜਵਾਨ ਵਾਂਗ ਨਾ ਤਾਂ ਤਨਖਾਹ ਤੇ ਪੈਨਸ਼ਨ ਮਿਲੇਗੀ ਤੇ ਨਾ ਹੀ ਫੌਜੀ ਕੰਟੀਨ ਤੱਕ ਰਸਾਈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, ‘‘ਇਹ ਇਸ ਲਈ ਕਿਉਂਕਿ ਮੋਦੀ ਸਰਕਾਰ ਰੱਖਿਆ ਬਜਟ ਤਨਖਾਹਾਂ ਤੇ ਫੌਜੀਆਂ ਦੇ ਹੋਰ ਭੱਤਿਆਂ ’ਤੇ ਨਹੀਂ ਖਰਚਣਾ ਚਾਹੁੰਦੀ। ਸਰਕਾਰ ਇਹ ਸਾਰਾ ਪੈਸਾ ਇਕ ਵੱਡੇ ਕਾਰੋਬਾਰੀ ਅਦਾਰੇ ਦੀ ਭਲਾਈ ’ਤੇ ਖਰਚਣਾ ਚਾਹੁੰਦੀ ਹੈ।’’ ਇਸ ਤੋਂ ਪਹਿਲਾਂ ਅੱਜ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਪੂਰਾ ਕਰੇਗੀ ਅਤੇ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਇੰਡੀਆ ਬਲਾਕ ਦੀ ਸਰਕਾਰ ਆਈ ਤਾਂ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਈ ਜਾਵੇਗੀ।
ਬਿਹਾਰ ਦੇ ਰੋਹਤਾਸ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਕੜੀ ਵਿਚ ‘ਕਿਸਾਨ ਨਿਆਏ ਪੰਚਾਇਤ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੀ ਲਾਹੇਵੰਦ ਕੀਮਤ ਨਹੀਂ ਮਿਲ ਰਹੀ।
ਉਨ੍ਹਾਂ ਕਿਹਾ, ‘‘ਲੋਕ ਸਭਾ ਚੋਣਾਂ ਮਗਰੋਂ ਇੰਡੀਆ ਬਲਾਕ ਸੱਤਾ ਵਿਚ ਆਇਆ ਤਾਂ ਅਸੀਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਜਦੋਂ ਕਦੇ ਵੀ ਕਿਸਾਨਾਂ ਨੇ ਕਾਂਗਰਸ ਤੋਂ ਕੁਝ ਮੰਗਿਆ ਹੈ, ਉਹ ਪੂਰਾ ਕੀਤਾ ਗਿਆ ਹੈ। ਕਰਜ਼ਾ ਮੁਆਫ਼ੀ ਹੋਵੇ ਜਾਂ ਐੱਮਐੱਸਪੀ, ਅਸੀਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਤੇ ਅੱਗੋਂ ਵੀ ਕਰਦੇ ਰਹਾਂਗੇ।’’ -ਪੀਟੀਆਈ

Advertisement

ਪ੍ਰਿਯੰਕਾ ਗਾਂਧੀ ਵਾਡਰਾ ਹਸਪਤਾਲ ਵਿੱਚ ਦਾਖਲ

ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਨਾਸਾਜ਼ ਸਿਹਤ ਕਰਕੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਸ ਕਰਕੇ ਉਹ ਪਾਰਟੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਆਪਣੇ ਭਰਾ ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਨਿਆਏ ਯਾਤਰਾ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਪ੍ਰਿਯੰਕਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੀ ਸਿਹਤ ਬਿਹਤਰ ਹੁੰਦੀ ਹੈ, ਉਹ ਯਾਤਰਾ ਵਿਚ ਮੁੜ ਸ਼ਾਮਲ ਹੋ ਜਾਣਗੇ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਸ਼ੁੱਕਰਵਾਰ ਸ਼ਾਮ ਨੂੰ ਯੂਪੀ ਵਿਚ ਦਾਖ਼ਲ ਹੋ ਗਈ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਵਾਡਰਾ ਨੇ ਯਾਤਰਾ ਦੇ ਬਿਹਾਰ ਤੋਂ ਯੂਪੀ ਦੇ ਚੰਦੌਲੀ ਵਿਚ ਦਾਖ਼ਲ ਹੋਣ ਮੌਕੇ ਉਥੇ ਮੌਜੂਦ ਰਹਿਣਾ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement