For the best experience, open
https://m.punjabitribuneonline.com
on your mobile browser.
Advertisement

ਮਾਨਵ ਵਿਰੋਧੀਆਂ ਪ੍ਰਤੀ ਤਹਿਰੀਕ

06:21 AM Jan 12, 2024 IST
ਮਾਨਵ ਵਿਰੋਧੀਆਂ ਪ੍ਰਤੀ ਤਹਿਰੀਕ
Advertisement

ਸੁਲੱਖਣ ਸਰਹੱਦੀ
ਪੁਸਤਕ ਚਰਚਾ

Advertisement

ਪੁਸਤਕ ‘ਤਹਿਰੀਕ’ (ਕੀਮਤ: 190 ਰੁਪਏ; ਕੈਫੇ ਵਰਲਡ, ਬਠਿੰਡਾ) ਪ੍ਰਸਿੱਧ ਗ਼ਜ਼ਲਕਾਰ ਗੁਰਦਿਆਲ ਰੌਸ਼ਨ ਦਾ ਵੀਹਵਾਂ ਮੌਲਿਕ ਗ਼ਜ਼ਲ ਸੰਗ੍ਰਹਿ ਹੈ। ਰੌਸ਼ਨ ਨੇ ਆਪਣੀ ਹੋਸ਼ ਦੀ ਅੱਖ ਸ਼ਿਅਰਕਾਰੀ ਵਿਚ ਹੀ ਖੋਲ੍ਹੀ। ਪਿਛਲੀ ਅੱਧੀ ਸਦੀ ਤੋਂ ਉਹ ਪੰਜਾਬੀ ਗ਼ਜ਼ਲ ਦੇ ਕੇਂਦਰ ਵਾਂਗ ਵਿਚਰ ਰਿਹਾ ਹੈ। ਗ਼ਜ਼ਲ ਤਾਂ ਉਹ ਬਹੁਤ ਪਹਿਲਾਂ ਤੋਂ ਲਿਖ ਰਿਹਾ ਸੀ, ਪਰ ਉਸ ਨੇ ਪਹਿਲਾ ਗ਼ਜ਼ਲ ਸੰਗ੍ਰਹਿ 1984 ਵਿਚ ਪ੍ਰਕਾਸ਼ਿਤ ਕਰਵਾਇਆ। ਉਸ ਨੇ ਕਵਿਤਾ ਸਮੇਤ ਹੋਰ ਸਾਹਿਤਕ ਵਿਧਾਵਾਂ ਉੱਤੇ ਵੀ ਕਲਮ ਚਲਾਈ, ਪਰ ਉਸ ਦਾ ਅਸਲ ਸਥਾਨ ਗ਼ਜ਼ਲ ਵਿਚ ਸਥਾਪਿਤ ਹੈ। ਦੀਪਕ ਜੈਤੋਈ ਦੇ ਗ਼ਜ਼ਲ ਘਰਾਣੇ ਨਾਲ ਜੁੜੇ ਰੌਸ਼ਨ ਨੇ ਪੰਜਾਬੀ ਗ਼ਜ਼ਲ ਦੀ ਤਰੱਕੀ ਨੂੰ ਆਪਣਾ ਅਕੀਦਾ ਬਣਾ ਕੇ ਬਹੁਤ ਸਾਰੇ ਨਵੇਂ ਗ਼ਜ਼ਲਕਾਰਾਂ ਨੂੰ ਗ਼ਜ਼ਲ ਵੱਲ ਪ੍ਰੇਰਿਤ ਕੀਤਾ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਨਾਲ ਜੋੜਿਆ। ਗ਼ਜ਼ਲ ਨੇ ਦੇਸ਼-ਵਿਦੇਸ਼ ਵਿਚ ਉਸ ਦਾ ਨਾਮ ਸੂਰਜੀ ਆਭਾ ਵਾਲਾ ਬਣਾ ਕੇ ਪੇਸ਼ ਕੀਤਾ।
ਗੁਰਦਿਆਲ ਦੀ ਗ਼ਜ਼ਲ ਪੰਜਾਬ ਤੋਂ ਲੈ ਕੇ ਭਾਰਤ ਅਤੇ ਅਗਾਂਹ ਸੰਸਾਰ ਮਸਲਿਆਂ ਦੀ ਹਮੇਸ਼ਾ ਪੈਰਵੀ ਕਰਦੀ ਤੇ ਉਨ੍ਹਾਂ ਮਸਲਿਆਂ ਦੀ ਤਹਿ ਤੱਕ ਪਹੁੰਚ ਕੇ ਅਸਲੀਅਤ ਭਰੀ ਸ਼ਾਇਰੀ ’ਚ ਰੰਗ ਭਰਦੀ ਆ ਰਹੀ ਹੈ। ਰੌਸ਼ਨ ਇਕ ਪਿੰਡ ਦੇ ਕੱਚੇ ਘਰ ਵਿਚ ਪੈਦਾ ਹੋਇਆ ਅਤੇ ਗ਼ਜ਼ਲ ਦੇ ਪੱਕੇ ਚੁਬਾਰੇ ਸਿਰਜੇ, ਸ਼ਾਇਦ ਇਨ੍ਹਾਂ ਕੱਚੇ ਘਰਾਂ ਦੇ ਬਾਸ਼ਿੰਦਿਆਂ ਵਾਸਤੇ ਹੀ ਇਹ ਸ਼ਿਅਰ ਹੈ:
ਕਦੋਂ ਦੀ ਮਰ ਗਈ ਹੁੰਦੀ ਜੇ ਰਹਿੰਦੀ ਥੀਸਿਸਾਂ ਅੰਦਰ
ਗ਼ਜ਼ਲ ਮੁਟਿਆਰ ਹੋਈ ਹੈ ਕਿ ਮਿੱਟੀ ਦੇ ਘਰਾਂ ਅੰਦਰ (ਸਰਹੱਦੀ)
ਉਮਰ ਦਾ ਹਰ ਛਿਣ ਗ਼ਜ਼ਲ ਸਿਰਜਣ ਦੇ ਨਾਲ-ਨਾਲ ਸਿਰਜਕਾਂ ਦਾ ਵੀ ਰਾਹ ਦਸੇਰਾ ਬਣੇ ਰਹਿਣਾ ਅਲੂਣੀ ਸਿਲ ਚੱਟਣ ਵਾਂਗ ਹੁੰਦਾ ਹੈ।
ਹਥਲੇ ਗ਼ਜ਼ਲ ਸੰਗ੍ਰਹਿ ਦੇ 96 ਸਫ਼ਿਆਂ ਵਿਚ 78 ਸ਼ਾਨਦਾਰ ਗ਼ਜ਼ਲਾਂ ਦਰਜ ਹਨ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਭਾਰਤ ਦੀ ਰਾਜਨੀਤਕ ਅਧੋਗਤੀ ਦਾ ਵਿਸ਼ੇਸ਼ ਰੰਗ ਹੈ। ਧਾਰਮਿਕ ਅੰਧਤਾ ਦੇ ਬਹੁਤ ਤੀਖਣ ਭਾਵ ਦੇ ਸ਼ਿਅਰ ਹਨ। ਵਿਗੜ ਰਹੇ ਸੱਭਿਆਚਾਰਕ ਸੰਸਥਾਨਾਂ ਪ੍ਰਤੀ ਉਂਗਲ ਉਠਾਈ ਗਈ ਹੈ ਅਤੇ ਆਰਥਿਕ ਤੌਰ ਉੱਤੇ ਵਖਰੇਵਿਆਂ ਨੂੰ ਨਿਘਾਰ ਬਣਦੇ ਵਿਖਾਇਆ ਗਿਆ ਹੈ। ਰਿਸ਼ਤਿਆਂ ਦੇ ਨਿੱਘ ਦਾ ਸੇਕ ਵੀ ਉਸ ਦੇ ਸ਼ਿਅਰ ਦਾ ਵਿਸ਼ਾ ਬਣਦਾ ਹੈ। ਯਾਨਿ, ਜ਼ਿੰਦਗੀ ਦਾ ਹਰ ਮਸਲਾ ਉਸ ਨੇ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਸਹਿਜ ਭਰੀ ਸ਼ਬਦਾਵਲੀ, ਸੰਜੀਦਗੀ ਤੇ ਸਾਦਗੀ ਨਾਲ ਪੇਸ਼ ਕੀਤਾ ਹੈ। ਰੌਸ਼ਨ ਦਾ ਹਰ ਸ਼ਿਅਰ ਇਕ ਸਾਦਗੀ ਭਰੀ ਤੇ ਲੋਕ ਮਾਨਤਾ ਪ੍ਰਾਪਤ ਕਹਾਣੀ ਦਾ ਸਰੂਪ ਹੈ:
* ਨਹੀਂ ਮਾਲੂਮ ਕਿੱਥੇ ਤੁਰ ਗਏ ਛੱਡ ਕੇ ਘਰਾਂ ਨੂੰ ਲੋਕ
ਕਿ ਬਸ ਤਾਰਾਂ ਦੇ ਉੱਤੇ ਕੱਪੜੇ ਲੱਤੇ ਵਿਖਾਈ ਦੇਣ
* ਨਾਕੇ ਲਗਾ ਕੇ ਬੈਠੀਆਂ ਰਾਹਾਂ ’ਚ ਆਫਤਾਂ
ਘਰ ਤੋਂ ਤੁਰੀਂ ਰੌਸ਼ਨ ਵੇਲਾ ਵਿਚਾਰ ਕੇ
* ਅਜਿਹਾ ਹਾਦਸਾ ਦੁਨੀਆਂ ’ਚ ਪਹਿਲੀ ਵਾਰ ਹੋਇਆ ਸੀ
ਕਿਸੇ ਮਾਨਵ ਦੇ ਇਕ ਹੰਝੂ ਨੇ ਜਦ ਪਰਬਤ ਹਿਲਾ ਦਿੱਤੇ
* ਬੋਹੜ, ਪਿੱਪਲ, ਅੰਬ ਕਿਸ ਨੇ ਖੋਹ ਲਏ ਪਿੰਡ ਤੋਂ
ਕੌਣ ਸੀ ਜੂਹਾਂ ’ਚੋਂ ਜੋ ਰਮਣੀਕ ਮੰਜ਼ਰ ਲੈ ਗਿਆ।
* ਝੁੱਗੀ ਅੰਦਰ ਸੁਪਨੇ ਲੈਂਦੇ ਨੰਗੇ ਬਚਪਨ ਨੂੰ
ਕੇਲੇ ਦਾ ਇਕ ਪੱਤਾ ਵੀ ਲੰਗੋਟੀ ਲਗਦਾ ਹੈ।
* ਖੇਤ ਪਾ ਕੇ ਬੱਚਿਆਂ ਦਾ ਵਾਸਤਾ ਰੋਂਦੇ ਰਹੇ
ਫਿਰ ਵੀ ਪੱਕੀ ਫ਼ਸਲ ਨੂੰ ਅੱਗ ਲਾ ਦਿੱਤੀ ਗਈ।
ਰੌਸ਼ਨ ਕੋਲ ਭਾਸ਼ਾ ਦੀ ਅਮੀਰੀ, ਬਿੰਬਾਂ-ਪ੍ਰਤੀਕਾਂ ਦਾ ਭੰਡਾਰ, ਵਿਆਕਰਣ ਦੀ ਤਰਲਤਾ ਹੈ ਅਤੇ ਲੋਕਾਂ ਨੂੰ ਸੰਬੋਧਨ ਹੋ ਕੇ ਗੱਲ ਕਰਨ ਦਾ ਸ਼ਿਅਰੀ ਸਲੀਕਾ ਹੈ।
ਸੰਪਰਕ: 94174-84337

Advertisement

Advertisement
Author Image

joginder kumar

View all posts

Advertisement