ਏਜੰਸੀਆਂ ਟੀਐੱਮਸੀ ’ਤੇ ਪਾ ਰਹੀਆਂ ਨੇ ਦਬਾਅ: ਮਮਤਾ
ਪੁਰੁਲੀਆ, 7 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਟੀਐੱਮਸੀ ਆਗੂਆਂ ਨੂੰ ਭਾਜਪਾ ’ਚ ਸ਼ਾਮਲ ਹੋਣ ਜਾਂ ਕਾਰਵਾਈ ਲਈ ਤਿਆਰ ਰਹਿਣ ਦਾ ਦਬਾਅ ਪਾ ਰਹੀਆਂ ਹਨ। ਪੁਰੁਲੀਆ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਈਡੀ, ਸੀਬੀਆਈ, ਐੱਨਆਈਏ ਅਤੇ ਆਈ-ਟੀ ਵਿਭਾਗ ਭਾਜਪਾ ਦੇ ਹਥਿਆਰ ਵਜੋਂ ਕੰਮ ਕਰ ਰਹੇ ਹਨ। ‘ਇਨ੍ਹਾਂ ਏਜੰਸੀਆਂ ਦੀ ਵਰਤੋਂ ਟੀਐੱਮਸੀ ਆਗੂਆਂ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਜਾ ਰਹੀ ਹੈ। ਉਹ ਬਗੈਰ ਅਗਾਊਂ ਸੂਚਨਾ ਦੇ ਜਬਰੀ ਘਰਾਂ ਅੰਦਰ ਦਾਖ਼ਲ ਹੋ ਕੇ ਛਾਪੇ ਮਾਰ ਰਹੀਆਂ ਹਨ। ਜੇਕਰ ਕੋਈ ਰਾਤ ਨੂੰ ਸੁੱਤਾ ਹੋਵੇ ਅਤੇ ਕੋਈ ਜਬਰੀ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਜਾਵੇ ਤਾਂ ਔਰਤਾਂ ਕੀ ਕਰਨਗੀਆਂ?’ ਮਮਤਾ ਬੈਨਰਜੀ ਸ਼ਨਿਚਰਵਾਰ ਨੂੰ ਐੱਨਆਈਏ ਟੀਮ ’ਤੇ ਹੋਏ ਹਮਲੇ ਵਾਲੀ ਘਟਨਾ ਦਾ ਜ਼ਿਕਰ ਕਰ ਰਹੀ ਸੀ। ਲੋਕਾਂ ਨੂੰ ਕਿਸੇ ਭੜਕਾਹਟ ’ਚ ਨਾ ਆਉਣ ਲਈ ਆਖਦਿਆਂ ਉਨ੍ਹਾਂ ਕਿਹਾ ਕਿ ਭਾਜਪਾ 17 ਅਪਰੈਲ ਨੂੰ ਰਾਮ ਨੌਮੀ ਵਾਲੇ ਦਿਨ ਫਿਰਕੂ ਭਾਵਨਾਵਾਂ ਭੜਕਾ ਸਕਦੀ ਹੈ। ‘ਭਾਜਪਾ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਉਹ ਰੈਲੀਆਂ ਕਰਨ ਪਰ ਦੰਗਿਆਂ ’ਚ ਸ਼ਾਮਲ ਨਾ ਹੋਣ। ਪੋਲਿੰਗ 19 ਅਪਰੈਲ ਨੂੰ ਹੋਣੀ ਹੈ ਅਤੇ ਉਹ 17 ਤਰੀਕ ਨੂੰ ਦੰਗੇ ਕਰਵਾਉਣਗੇ। ਭਗਵਾਨ ਰਾਮ ਤੁਹਾਨੂੰ ਦੰਗੇ ਕਰਾਉਣ ਲਈ ਨਹੀਂ ਆਖਦੇ ਹਨ। ਪਰ ਭਾਜਪਾ ਦੰਗੇ ਕਰਵਾਏਗੀ ਅਤੇ ਫਿਰ ਐੱਨਆਈਏ ਨੂੰ ਲਿਆਏਗੀ।’ ਮੁੱਖ ਮੰਤਰੀ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਪੱਛਮੀ ਬੰਗਾਲ ਨੂੰ ਮਗਨਰੇਗਾ ਦੇ ਫੰਡਾਂ ਅਤੇ ਪੀਐੱਮ-ਆਵਾਸ ਯੋਜਨਾਵਾਂ ਤੋਂ ਮਹਿਰੂਮ ਕਰ ਰਹੀ ਹੈ। ਚੋਣ ਕਮਿਸ਼ਨ ’ਤੇ ਵਰ੍ਹਦਿਆਂ ਟੀਐੱਮਸੀ ਮੁਖੀ ਨੇ ਕਿਹਾ ਕਿ ਜਦੋਂ ਉਹ ਰੈਲੀ ਵਾਲੀ ਥਾਂ ’ਤੇ ਆ ਰਹੀ ਸੀ ਤਾਂ ਰਾਹ ’ਚ ਮੋਦੀ ਦੀਆਂ ਤਸਵੀਰਾਂ ਨਾਲ ਕੇਂਦਰੀ ਯੋਜਨਾਵਾਂ ਦੇ ਉਨ੍ਹਾਂ ਹੋਰਡਿੰਗ ਦੇਖੇ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ‘ਚੋਣ ਕਮਿਸ਼ਨ ਨੇ ਸੂਬਾ ਸਰਕਾਰ ਦੇ ਪ੍ਰਾਜੈਕਟਾਂ ਵਾਲੇ ਹੋਰਡਿੰਗਾਂ ’ਚ ਮੇਰੀਆਂ ਤਸਵੀਰਾਂ ’ਤੇ ਪਰਦੇ ਪਾ ਦਿੱਤੇ। ਕੋਈ ਗੱਲ ਨਹੀਂ ਪਰ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਨੂੰ ਕਿਉਂ ਨਹੀਂ ਢੱਕਿਆ ਗਿਆ ਹੈ।’ ਮਮਤਾ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ, ਜਿਥੇ ਨਾਰੀ ਦੀ ਪੂਜਾ ਕੀਤੀ ਜਾਂਦੀ ਹੈ, ’ਚ ਭਾਜਪਾ ‘ਮਗਰਮੱਛ ਦੇ ਹੰਝੂ’ ਵਹਾਅ ਰਹੀ ਹੈ ਪਰ ਮਨੀਪੁਰ ’ਚ ਔਰਤਾਂ ਨਾਲ ਹੋਈਆਂ ਵਧੀਕੀਆਂ ’ਤੇ ਉਸ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। -ਪੀਟੀਆਈ