ਦੋ ਸਾਲਾਂ ਮਗਰੋਂ ਪੈਟਰੋਲ ਤੇ ਡੀਜ਼ਲ ਦੋ ਰੁਪਏ ਸਸਤਾ
07:05 AM Mar 15, 2024 IST
ਨਵੀਂ ਦਿੱਲੀ: ਅਗਾਮੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿਚ ਪ੍ਰਤੀ ਲਿਟਰ ਦੋ ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਪਿਛਲੇ ਕਰੀਬ ਦੋ ਸਾਲਾਂ ਵਿਚ ਪਹਿਲੀ ਵਾਰ ਤੇਲ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਤੇਲ ਮੰਤਰਾਲੇ ਨੇ ਕਿਹਾ ਕਿ ਨਵੀਆਂ ਕੀਮਤਾਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਕੀਮਤਾਂ ਵਿਚ ਕਟੌਤੀ ਨਾਲ ਕੌਮੀ ਰਾਜਧਾਨੀ ਵਿਚ ਪੈਟਰੋਲ ਦਾ ਭਾਅ 96.72 ਰੁਪਏ ਤੇ ਡੀਜ਼ਲ ਦਾ 87.62 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਕੇਂਦਰ ਸਰਕਾਰ ਨੇ ਲਗਪਗ ਦਸ ਸਾਲ ਪਹਿਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਆਪਣੇ ਕੰਟਰੋਲ ਤੋਂ ਮੁਕਤ ਕਰ ਦਿੱਤਾ ਸੀ ਤੇ ਤੇਲ ਕੀਮਤਾਂ ਹੁਣ ਤੇਲ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੀਆਂ ਤੇ ਐਲਾਨੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਪਿਛਲੇ ਹਫ਼ਤੇ ਮਹਿਲਾ ਦਿਵਸ ਮੌਕੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਪ੍ਰਤੀ ਸਿਲੰਡਰ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੀ। -ਪੀਟੀਆਈ
Advertisement
Advertisement