ਤਿੰਨ ਸਾਲਾਂ ਮਗਰੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਕਾਬੂ
ਹਤਿੰਦਰ ਮਹਿਤਾ
ਜਲੰਧਰ, 23 ਨਵੰਬਰ
ਦਿਹਾਤੀ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਹੋਣ ਦਾ ਦਾਅਵਾ ਕਰ ਕੇ ਇੱਕ ਪਰਿਵਾਰ ਤੋਂ ਕਥਿਤ ਤੌਰ ’ਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਮੁਲਜ਼ਮ 2021 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਇਸ ਸਬੰਧੀ ਐੱਸਐੱਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨਕੋਦਰ ਪੁਲੀਸ ਨੇ ਤਫ਼ਤੀਸ਼ ਤੋਂ ਬਾਅਦ ਇਹ ਅਹਿਮ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸਤੰਬਰ 2021 ਦਾ ਹੈ, ਜਦੋਂ ਮੁਲਜ਼ਮ ਨੇ ਦਰਸ਼ਨ ਲਾਲ ਦੀ ਪਤਨੀ ਰਾਣੋ ਨੂੰ ਵਟਸਐਪ ਕਾਲ ਕੀਤੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਅਤੇ ਉਸ ਦੇ ਪੁੱਤਰ ਸ਼ੇਰ ਕੁਮਾਰ ਨੂੰ ਮਾਰਨ ਦੀ ਧਮਕੀ ਦਿੰਦਿਆਂ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਗਰੋਹ ਦੇ ਪੰਜ ਹੋਰ ਮੈਂਬਰ ਸਨ। ਇਸ ਕੇਸ ਵਿੱਚ ਪਹਿਲਾਂ ਵੀ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਹੁਣ ਫੜੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਸੱਭਰਵਾਲ ਉਰਫ਼ ਭਾਰੂ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐੱਸਐੱਸਪੀ ਖੱਖ ਨੇ ਅੱਗੇ ਦੱਸਿਆ ਕਿ ਇਸ ਕੇਸ ਦੇ ਸਬੰਧ ਵਿੱਚ ਪੰਜ ਹੋਰ ਮੁਲਜ਼ਮ ਅੰਕੁਸ਼ ਉਰਫ ਭਈਆ, ਮੁਹੰਮਦ ਯਾਸੀਨ ਅਖਤਰ ਉਰਫ ਜੇਸੀ, ਗਗਨਦੀਪ ਸਿੰਘ ਉਰਫ ਬੱਬੂ, ਰੋਹਿਤ ਤੇ ਕਰਨੈਲ ਸਿੰਘ ਉਰਫ ਬੌਬੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।