ਹਾਕੀ ਟੂਰਨਾਮੈਂਟ: ਮੁਹਾਲੀ ਤੇ ਉੜੀਸਾ ਵਿਚਾਲੇ ਹੋਵੇਗਾ ਫਾਈਨਲ
ਪੱਤਰ ਪ੍ਰੇਰਕ
ਜਲੰਧਰ, 23 ਨਵੰਬਰ
18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦਾ ਫਾਈਨਲ ਮੁਕਾਬਲਾ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਅਤੇ ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਦੀਆਂ ਟੀਮਾਂ ਦਰਮਿਆਨ ਐਤਵਾਰ ਬਾਅਦ ਦੁਪਿਹਰ ਖੇਡਿਆ ਜਾਵੇਗਾ। ਅੱਜ ਖੇਡ ਦੇ ਪਹਿਲੇ ਸੈਮੀ-ਫਾਈਨਲ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਐਨਸੀਓਈ ਸੋਨੀਪਤ ਨੂੰ 8-6 ਦੇ ਫਰਕ ਨਾਲ ਅਤੇ ਦੂਜੇ ਸੈਮੀਫਾਇਨਲ ਵਿੱਚ ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨੇ ਸਪੋਰਟਸ ਹਾਸਟਲ ਲਖਨਊ ਨੂੰ ਸ਼ੂਟਆਊਟ ਰਾਹੀਂ 4-2 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਤੀਸਰੇ ਅਤੇ ਚੌਥੇ ਸਥਾਨ ਲਈ ਮੈਚ ਸਵੇਰੇ 10-30 ਵਜੇ ਖੇਡਿਆ ਜਾਵੇਗਾ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਿਜ਼ਨੈਸਮੈਨ ਸਾਜਨ ਜਿੰਦਲ (ਚੇਅਰਮੈਨ ਜੇਐਸਡਬਲਿਊ ਗਰੁੱਪ) ਕਰਨਗੇ। ਜੇਤੂ ਟੀਮ ਨੂੰ ਮਾਤਾ ਪ੍ਰਕਾਸ਼ ਕੌਰ ਕੱਪ ਦੇ ਨਾਲ ਇਕ ਲੱਖ ਪੰਜਾਹ ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ। ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਅਤੇ ਉਪ ਜੇਤੂ ਟਰਾਫੀ ਦਿੱਤੀ ਗਈ। ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 80 ਹਜ਼ਾਰ ਰੁਪਏ ਨਕਦ ਤੇ ਟਰਾਫੀ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 60 ਹਜ਼ਾਰ ਰੁਪਏ ਨਕਦ ਦਿੱਤੇ ਗਏ। ਟੂਰਨਾਮੈਂਟ ਦੌਰਾਨ ਸਾਫ ਸੁਥਰੀ ਖੇਡ ਦਿਖਾਉਣ ਵਾਲੀ ਟੀਮ ਨੂੰ ਹਰਮੋਹਿੰਦਰ ਕੌਰ ਯਾਦਗਾਰੀ ਟਰਾਫੀ ਦਿੱਤੀ ਜਾਵੇਗੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਵਜੋਂ ਓਲੰਪੀਅਨ ਮਨਦੀਪ ਸਿੰਘ, ਓਲੰਪੀਅਨ ਗੁਰਮੇਲ ਸਿੰਘ, ਰਾਜਬੀਰ ਕੌਰ ਅਰਜੁਨ ਐਵਾਰਡੀ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।