ਰਾਜਧਾਨੀ ਵਿੱਚ ਜਿੱਤ ਮਗਰੋਂ ਭਾਜਪਾ ਆਗੂ ਬਾਗੋ-ਬਾਗ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਰਾਜਧਾਨੀ ਵਿੱਚ ਭਾਜਪਾ ਵੱਲੋਂ ਸੱਤ ਲੋਕ ਸਭਾ ਸੀਟਾਂ ਜਿੱਤਣ ਮਗਰੋਂ ਇੱਥੋਂ ਦੇ ਭਾਜਪਾ ਖੇਮੇ ਵਿੱਚ ਉਤਸ਼ਾਹ ਦੇਖਿਆ ਗਿਆ। ਸੂਬਾ ਪ੍ਰਧਾਨ ਵਰਿੰਦਰ ਸੱਚਦੇਵਾ ਸਣੇ ਹੋਰ ਆਗੂ ਬਾਗੋ ਬਾਗ ਨਜ਼ਰ ਆਏ। ਹਾਲਾਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਖੇਮਿਆਂ ਵਿੱਚ ਨਾਮੋਸ਼ੀ ਛਾਈ ਰਹੀ। ਦੁਪਹਿਰ ਨੂੰ ਹੀ ਉੱਤਰੀ ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਤੋਂ ਵਰਕਰਾਂ ਨੇ ਪਾਰਟੀ ਦੇ ਸੂਬਾਈ ਮੁੱਖ ਦਫਤਰ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਧਾਨ ਵਰਿੰਦਰ ਸੱਚਦੇਵਾ ਨੂੰ ਵਧਾਈ ਦਿੱਤੀ।
ਆਗੂਆਂ ਨੇ ਕਿਹਾ ਕਿ ਦਿੱਲੀ ਭਾਜਪਾ ਵਰਕਰਾਂ ਦੀ ਮਿਹਨਤ, ਪਾਰਟੀ ਦੀ ਕੌਮੀ ਲੀਡਰਸ਼ਿਪ ਦੀ ਯੋਜਨਾਬੰਦੀ ਅਤੇ ਵਰਿੰਦਰ ਸੱਚਦੇਵਾ ਦੀ ਸੋਚ ਰੰਗ ਲਿਆਈ ਹੈ। ਪਾਰਟੀ ਦਫ਼ਤਰ ਵਿੱਚ ਲੋਕ ਇਕ ਦੂਜੇ ਨੂੰ ਵਧਾਈ ਦੇ ਰਹੇ ਸਨ। ਉਨ੍ਹਾਂ ਭਗਵਾ ਪੱਗਾਂ ਬੰਨ੍ਹੀਆਂਂ ਹੋਈਆਂ ਸਨ ਅਤੇ ਸਾਰੇ ਖੁਸ਼ੀ ਵਿੱਚ ਨੱਚ ਰਹੇ ਸਨ। ਉਧਰ, ‘ਆਪ’ ਦੇ ਦਫ਼ਤਰ ਵਿੱਚ ਨਾਮੋਸ਼ੀ ਭਰਿਆ ਮਾਹੌਲ ਸੀ। ਉੱਥੇ ਆਮ ਆਦਮੀ ਪਾਰਟੀ ਵਰਕਰ ਕਾਫ਼ੀ ਘੱਟ ਗਿਣਤੀ ਵਿੱਚ ਦਿਖਾਈ ਦਿੱਤੇ। ਪਾਰਟੀ ਆਗੂਆਂ ਨੇ ਪ੍ਰੈੱਸ ਕਾਨਫਰੰਸ ਜ਼ਰੂਰ ਕੀਤੀ ਪਰ ਉਤਸ਼ਾਹ ਨਹੀਂ ਸੀ।
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਾਰੀਆਂ 7 ਸੀਟਾਂ ’ਤੇ ਕੜਾਕੇ ਦੀ ਗਰਮੀ ਦੇ ਬਾਵਜੂਦ ਸਖ਼ਤ ਮਿਹਨਤ ਅਤੇ ਇਕਜੁੱਟ ਹੋ ਕੇ ਲੜੀਆਂ ਚੋਣਾਂ ਲਈ ਉਹ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਹ ਵਧੀਆ ਗੱਲ ਹੈ ਕਿ ਕਾਂਗਰਸ ਵਰਕਰਾਂ ਨੇ ਇੰਡੀਆ ਗੱਠਜੋੜ ਦੇ ਭਾਈਵਾਲਾਂ ਨਾਲ ਮਿਲ ਕੇ ਚੋਣਾਂ ਦੌਰਾਨ ਸਾਰੀਆਂ ਸੀਟਾਂ ’ਤੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਇੱਕ ਜਿੱਤਦਾ ਹੈ ਅਤੇ ਦੂਜਾ ਹਾਰਦਾ ਹੈ। ਕਾਂਗਰਸ ਪਾਰਟੀ ਦਿੱਲੀ ਵਿੱਚ ਮਿਲੇ ਫਤਵੇ ਨੂੰ ਪ੍ਰਵਾਨ ਕਰਦੀ ਹੈ।
ਸ੍ਰੀ ਦੇਵੇਂਦਰ ਯਾਦਵ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਚੋਣ ਵਿੱਚ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਤੋਂ ਜਨਤਾ ਨੂੰ ਸਪੱਸ਼ਟ ਸੰਦੇਸ਼ ਮਿਲਿਆ ਹੈ ਕਿ ਦਿੱਲੀ ਵਿੱਚ ਕਾਂਗਰਸ ਦੀ ਵਾਪਸੀ ਹੋਵੇਗੀ।