ਮੀਂਹ ਪੈਣ ਮਗਰੋਂ ਝੋਨੇ ਦੀ ਲੁਆਈ ਨੇ ਫਡ਼ੀ ਰਫ਼ਤਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੂਨ
ਮਾਲਵਾ ਪੱਟੀ ਵਿਚ ਮੀਂਹ ਪੈਣ ਨਾਲ ਝੋਨੇ ਦੀ ਲੁਆਈ ਨੇ ਰਫ਼ਤਾਰ ਫਡ਼ ਲਈ ਹੈ। ਬੇਸ਼ੱਕ ਦੁਪਹਿਰ ਤੋਂ ਪਹਿਲਾਂ ਬੇਹੱਦ ਗਰਮੀ ਸੀ, ਕਾਮਿਆਂ ਦਾ ਖੇਤਾਂ ਵਿੱਚ ਕੰਮ ਕਰਦਿਆਂ ਮੁੜਕਾ ਚੌਂਦਾ ਸੀ, ਪਰ ਦੁਪਹਿਰ ਤੋਂ ਬਾਅਦ ਡਿੱਗੀਆਂ ਕਣੀਆਂ ਨੇ ਮੌਸਮ ਵਿੱਚ ਠੰਢ ਵਰਤਾ ਦਿੱਤੀ। ਅੱਜ ਖੇਤ ਦਾ ਕੱਦੂ ਕਰਨ ਲਈ ਕਿਸਾਨਾਂ ਨੂੰ ਸਾਰਾ ਦਿਨ ਪਾਣੀ ਦੀ ਤੋਟ ਨਹੀਂ ਆਈ। ਝੋਨੇ ਦੀ ਲੁਆਈ ਦਾ ਕਾਰਜ ਤੇਜ਼ੀ ਫੜਨ ਕਾਰਨ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੀ ਤੋਟ ਮਹਿਸੂਸ ਹੁੰਦੀ ਰਹੀ।
ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਝੋਨੇ ਦੀ ਲੁਆਈ ਦੌਰਾਨ ਪਈ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਨੂੰ ਬਰਫ਼ ਵਾਂਗ ਠਾਰ ਦਿੱਤਾ ਹੈ। ਅਜਿਹੇ ਠੰਢੇ ਮੌਸਮ ਵਿਚ ਲੱਗਣਸਾਰ ਹੀ ਝੋਨੇ ਨੇ ਹਰਿਆਲ ਦੇਣੀ ਸ਼ੁਰੂ ਕਰ ਦੇਣੀ ਹੈ। ਉਂਝ ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ, ਜੋ ਸੂਰਜ ਦੀ ਤੇਜ਼ ਤਪਸ਼ ਅਤੇ ਕਈ ਦਿਨਾਂ ਤੋਂ ਅਸਮਾਨੋ ਡਿੱਗਦੀ ਖੱਖ ਕਾਰਨ ਸੜਨ ਕਿਨਾਰੇ ਖੜ੍ਹੀਆਂ ਸਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਕਿਸਾਨਾਂ ਨੂੰ 8 ਘੰਟੇ ਲਗਾਤਾਰ ਬਿਜਲੀ ਦੇਣੀ ਆਰੰਭ ਕੀਤੀ ਹੋਈ ਹੈ। ਨਹਿਰਾਂ ਵਿੱਚ ਪਾਣੀ ਆਉਣ ਅਤੇ ਪੂਰੀ ਬਿਜਲੀ ਸਪਲਾਈ ਨੇ ਝੋਨੇ ਵਾਸਤੇ ਕੱਦੂ ਕਰਨ ਲਈ ਪਾਣੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਹੈ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ.ਜੀਐੱਸ ਰੋਮਾਣਾ ਨੇ ਕਿਹਾ ਕਿ ਕਈ ਦਿਨਾਂ ਦੀ ਪੈ ਰਹੀ ਗਰਮੀ ਤੋਂ ਬਾਅਦ ਹੁਣ ਜਦੋਂ ਅੱਜ ਹਲਕੇ-ਫੁਲਕੇ ਮੀਂਹ ਕਾਰਨ ਠੰਢ ਦੇ ਦਿਨ ਆਏ ਹਨ ਤਾਂ ਇਸ ਨਾਲ ਝੋਨੇ ਦੇ ਜਲਦੀ ਚੱਲਣ ਦੀ ਉਮੀਦ ਪੈਦਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਲੱਗਣ ਸਾਰ ,ਜੇ ਮੌਸਮ ਵਿਚ ਠੰਢ ਉਤਰ ਪਵੇ ਤਾਂ ਝੋਨਾ ਤੁਰੰਤ ਚੱਲ ਪੈਂਦਾ ਹੈ।
ਇਸੇ ਦੌਰਾਨ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਪਾਵਰਕੌਮ ਨੇ ਬਿਜਲੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਮੁਹੱਈ ਕਰਵਾਈ ਜਾ ਰਹੀ ਹੈ।