ਸਰਹੱਦੀ ਖੇਤਰ ਵਿੱਚ ਮੀਂਹ ਮਗਰੋਂ ਠੰਢ ਨੇ ਜ਼ੋਰ ਫੜਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਫਰਵਰੀ
ਸਰਹੱਦੀ ਖੇਤਰ ਵਿੱਚ ਮੀਂਹ ਨਾਲ ਠੰਢ ਮੁੜ ਵਧ ਗਈ ਹੈ। ਜਾਣਕਾਰੀ ਅਨੁਸਾਰ ਅੱਜ ਤੜਕੇ ਚਾਰ ਵਜੇ ਦੇ ਕਰੀਬ ਸ਼ੁਰੂ ਹੋਏ ਦਰਮਿਆਨੇ ਮੀਂਹ ਦਾ ਸਿਲਸਿਲਾ 7 ਵਜੇ ਤੱਕ ਜਾਰੀ ਰਿਹਾ ਅਤੇ ਬਾਅਦ ਵਿੱਚ ਦਿਨ ਭਰ ਰੁਕ-ਰੁਕ ਕੇ ਕ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਬੀਤੇ ਕੱਲ੍ਹ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਸੀ। ਮੀਂਹ ਨਾਲ ਅੱਜ ਤਾਪਮਾਨ ਵਿੱਚ ਘੱਟੋ-ਘੱਟ ਚਾਰ ਡਿਗਰੀ ਸੈਲਸੀਅਸ ਗਿਰਾਵਟ ਆਈ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਠੰਢ ਦਾ ਇਹ ਸਿਲਸਿਲਾ ਕੁਝ ਹੋਰ ਦਿਨ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਮੌਸਮ ਵਿੱਚ ਤਬਦੀਲੀ ਦੇ ਕਾਰਨ ਮੀਂਹ ਅਤੇ ਬਰਫਬਾਰੀ ਪੱਛੜ ਕੇ ਹੋ ਰਹੇ ਹਨ।
ਇਸ ਤੋਂ ਪਹਿਲਾਂ ਲਗਪਗ ਇੱਕ ਮਹੀਨਾ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦਾ ਜੋਰ ਰਿਹਾ। ਪਿਛਲੇ ਇੱਕ ਦੋ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਬੱਦਲਵਾਈ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਤੜਕਸਾਰ ਤੋਂ ਸ਼ੁਰੂ ਹੋਇਆ ਮੀਂਹ ਸਾਰਾ ਦਿਨ ਰੁਕ-ਰੁਕ ਕੇ ਪੈਂਦਾ ਰਿਹਾ। ਇਲਾਕੇ ਦੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਵੀ ਸਿਰਫ 4 ਅੰਕਾਂ ਦਾ ਹੀ ਅੰਤਰ ਰਿਹਾ, ਜੋ ਕਿ ਵੱਧ ਤੋਂ ਵੱਧ 15 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 11 ਡਿਗਰੀ ਸੈਲਸੀਅਸ ਰਿਹਾ। ਮੀਂਹ ਨਾਲ ਜਿੱਥੇ ਠੰਢ ਦਾ ਕਹਿਰ ਵਧ ਗਿਆ ਹੈ, ਉੱਥੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵੀ ਵਾਧਾ ਹੋਇਆ, ਕਿਉਂ ਕਿ ਜ਼ਿਆਦਾ ਮੀਂਹ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਖੇਤਰ ਵਿੱਚ ਪੈ ਰਹੇ ਹਲਕੇ ਤੋਂ ਦਰਮਿਆਨੇ ਮੀਂਹ ਨੇ ਸਬਜ਼ੀ ਦੀਆਂ ਫਸਲਾਂ ਨੂੰ ਛੱਡ ਕੇ ਭਾਵੇਂ ਮੁੱਖ ਫਸਲ ਕਣਕ ਦਾ ਨੁਕਸਾਨ ਨਹੀਂ ਕੀਤਾ ਪਰ ਅਸਮਾਨ ਵਿੱਚ ਛਾਈ ਬੱਦਲਵਾਈ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਸਰਹੱਦੀ ਖੇਤਰ ਦੇ ਰੱਤੋਕੇ ਪਿੰਡ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਪਿੰਡ ਖਾਲੜਾ, ਵਲਟੋਹਾ, ਖੇਮਕਰਨ, ਭਿੱਖੀਵਿੰਡ, ਵਰਨਾਲਾ ਆਦਿ ਦੇ ਇਲਾਕਿਆਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਹਾਲੇ ਤੱਕ ਮੀਂਹ ਨੇ ਕਿਸੇ ਕਿਸਮ ਦਾ ਨੁਕਸਾਨ ਨਹੀਂ ਕੀਤਾ, ਪਰ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਅੱਜ ਤਰਨ ਤਾਰਨ ਤਹਿਸੀਲ ਵਿੱਚ 7 ਐਮਐਮ, ਖਡੂਰ ਸਾਹਿਬ ਵਿੱਚ 6 ਅਤੇ ਪੱਟੀ ਵਿੱਚ 9 ਐਮਐਮ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਅਸਮਾਨ ਦੇ ਸਾਫ਼ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਕਰਕੇ ਧੁੱਪ ਦੇ ਨਿਕਲਣ ਨਾਲ ਕਣਕ ਦੀ ਫਸਲ ਲਈ ਇਹ ਮੀਂਹ ਲਾਹੇਵੰਦ ਸਾਬਤ ਹੋਣ ਦੀ ਸੰਭਾਵਨਾ ਹੈ।
ਚੋਹਲਾ ਸਾਹਿਬ ਇਲਾਕੇ ਦੇ ਕਿਸਾਨ ਰਣਜੀਤ ਸਿੰਘ ਨੇ ਕਿਹਾ ਇਲਾਕੇ ਦੇ ਕੁਝ ਇਕ ਪਿੰਡਾਂ ਅੰਦਰ ਤਿੰਨ ਦਿਨ ਪਹਿਲਾਂ ਗੜੇਮਾਰੀ ਹੋਈ ਹੈ ਜਿਸ ਨੇ ਜਿਥੇ ਆਲੂਆਂ ਦੀ ਫਸਲ ਦੇ ਨੁਕਸਾਨ ਤੋਂ ਇਲਾਵਾ ਇਸ ਦੀ ਪੁਟਾਈ ਦੇ ਕੰਮ ਵਿੱਚ ਰੁਕਾਵਟ ਖੜ੍ਹੀ ਕਰ ਦਿੱਤੀ ਹੈ, ਉਥੇ ਹੀ ਕੱਦੂ ਜਾਤੀ ਦੀਆਂ ਅਗੇਤੀਆਂ ਕਿਸਮਾਂ ਦੀ ਕੀਤੀ ਬਿਜਾਈ ਦਾ ਨੁਕਸਾਨ ਹੋਇਆ ਹੈ|