ਕਤਲ ਤੋਂ ਬਾਅਦ ਸਿਰ ਕੱਟ ਕੇ ਲਾਸ਼ ਕੂੜੇ ਵਿੱਚ ਸੁੱਟੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਤਾਜਪੁਰ ਰੋਡ ਸਥਿਤ ਆਦਰਸ਼ ਨਗਰ ਇਲਾਕੇ ’ਚ ਅਣਪਛਾਤੇ ਕਾਤਲਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਬੋਰੀ ’ਚ ਬੰਦ ਕਰ ਦਿੱਤਾ ਤੇ ਕੂੜੇ ’ਚ ਸੁੱਟ ਕੇ ਫਰਾਰ ਹੋ ਗਏ। ਇਹ ਘਟਨਾ ਆਦਰਸ਼ ਨਗਰ ’ਚ ਉਸ ਸਮੇਂ ਸਾਹਮਣੇ ਆਈ ਜਦੋਂ ਕੂੜਾ ਚੁੱਕਣ ਵਾਲਾ ਨੌਜਵਾਨ ਬੋਰੀ ਚੁੱਕਣ ਲੱਗਾ ਤਾਂ ਬੋਰੀ ਭਾਰੀ ਹੋਣ ਕਾਰਨ ਉਸ ਨੂੰ ਖੋਲ੍ਹਿਆ ਤਾਂ ਅੰਦਰ ਇੱਕ ਲਾਸ਼ ਪਈ ਸੀ ਜਿਸ ਤੋਂ ਬਾਅਦ ਉਹ ਘਬਰਾ ਗਿਆ ਅਤੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਏਡੀਸੀਪੀ ਤੁਸ਼ਾਰ ਗੁਪਤਾ ਤੇ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ। ਲਾਸ਼ ਦਾ ਸਿਰ ਨਹੀਂ ਸੀ ਅਤੇ ਹੁਣ ਪੁਲੀਸ ਸਿਰ ਦੀ ਭਾਲ ਕਰ ਰਹੀ ਹੈ। ਕਿਉਂਕਿ ਜਦੋਂ ਤੱਕ ਸਿਰ ਨਹੀਂ ਮਿਲ ਜਾਂਦਾ, ਉਦੋਂ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੇਗੀ। ਉਸ ਦੀ ਸ਼ਨਾਖਤ ਤੋਂ ਬਾਅਦ ਹੀ ਪੁਲੀਸ ਜਾਂਚ ਅੱਗੇ ਵਧ ਸਕੇਗੀ। ਫਿਲਹਾਲ ਪੁਲੀਸ ਨੇ ਸਿਰ ਕਟੀ ਲਾਸ਼ ਨੂੰ ਕਬਜ਼ੇ ’ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ
ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਅਰਦਾਸ ਨਗਰ ਦੀ ਗਲੀ ਨੰਬਰ-8 ਵਿੱਚ ਖੰਭੇ ਕੋਲ ਬੋਰੀ ਪਈ ਸੀ। ਜੋ ਕਿ ਪੂਰੀ ਤਰ੍ਹਾਂ ਬੰਦ ਸੀ। ਕੂੜਾ ਚੁੱਕਣ ਵਾਲਾ ਉੱਥੋਂ ਲੰਘ ਰਿਹਾ ਸੀ। ਜਦੋਂ ਉਸ ਨੇ ਬੋਰੀ ਨੂੰ ਥੋੜ੍ਹਾ ਖੋਲਿ੍ਹਆ ਤਾਂ ਅੰਦਰ ਲਾਸ਼ ਦੇਖ ਕੇ ਉਹ ਘਬਰਾ ਗਿਆ ਅਤੇ ਰੌਲਾ ਪਾ ਕੇ ਇਲਾਕੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਲਾਸ਼ ਦੇਖ ਕੇ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਸਾਰੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਬੋਰੀ ਖੋਲ੍ਹਣ ’ਤੇ ਪਤਾ ਲੱਗਾ ਕਿ ਲਾਸ਼ ਦਾ ਕੋਈ ਸਿਰ ਨਹੀਂ ਸੀ। ਪੁਲੀਸ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਲਾਸ਼ ਪੁਰਾਣੀ ਲੱਗ ਰਹੀ ਸੀ। ਕਤਲ ਤੋਂ ਬਾਅਦ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਉਸ ਦੀ ਸ਼ਨਾਖਤ ਲਈ ਪੁਲੀਸ ਆਸਪਾਸ ਦੇ ਇਲਾਕਿਆਂ ’ਚ ਜਾ ਕੇ ਪੁੱਛਗਿੱਛ ਕਰ ਰਹੀ ਹੈ।
ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਫਿਰ ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਜਿਸ ਵਿੱਚ ਐਕਟਿਵਾ ਸਵਾਰ ਦੋ ਵਿਅਕਤੀ ਨਜ਼ਰ ਆ ਰਹੇ ਹਨ। ਜੋ ਸਵੇਰੇ ਕਰੀਬ 4 ਵਜੇ ਇਲਾਕੇ ’ਚ ਘੁੰਮ ਰਹੇ ਸਨ। ਜਿਨ੍ਹਾਂ ਨੇ ਗਲੀ ਵਿੱਚ ਬੋਰੀ ਸੁੱਟ ਦਿੱਤੀ ਸੀ। ਪੁਲੀਸ ਹੋਰ ਥਾਵਾਂ ’ਤੇ ਵੀ ਫੁਟੇਜ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।