ਜਬਰ-ਜਨਾਹ ਤੇ ਕਤਲ ਕਾਂਡ ਮਗਰੋਂ ਡਾਕਟਰਾਂ ਦਾ ਰੋਹ ਭੜਕਿਆ
ਜਗਤਾਰ ਲਾਂਬਾ
ਅੰਮ੍ਰਿਤਸਰ, 16 ਅਗਸਤ
ਕੋਲਕਾਤਾ ’ਚ ਟਰੇਨੀ ਡਾਕਟਰ ਨਾਲ ਵਾਪਰੀ ਘਟਨਾ ਦੇ ਰੋਸ ਵਜੋਂ ਅੱਜ ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਰੋਸ ਵਿਖਾਵੇ ਕੀਤੇ ਗਏ। ਵਿਖਾਵਾਕਾਰੀਆਂ ਨੇ ਮੈਡੀਕਲ ਕਿੱਤੇ ਨਾਲ ਜੁੜੇ ਕਰਮੀਆਂ ਵਾਸਤੇ ਸੈਂਟਰਲ ਪ੍ਰੋਟੈਕਸ਼ਨ ਐਕਟ ਲਾਗੂ ਕਰਨ ਦੀ ਮੰਗ ਕੀਤੀ।
ਸਰਕਾਰੀ ਡੈਂਟਲ ਕਾਲਜ ਦੇ ਵਿਹੜੇ ਵਿੱਚ ਇਕੱਠੇ ਹੋਏ ਵਿਦਿਆਰਥੀ ਡਾਕਟਰਾਂ ਨੇ ਕੋਲਕਾਤਾ ਘਟਨਾ ਵਿੱਚ ਨਿਆਂ ਦੀ ਮੰਗ ਕੀਤੀ ਅਤੇ ਡਾਕਟਰਾਂ ਵਾਸਤੇ ਸੁਰੱਖਿਆ ਦੀ ਮੰਗ ਕੀਤੀ। ਡਾਕਟਰ ਅਰਸ਼ ਨੂਰ ਨੇ ਕਿਹਾ ਕਿ ਜਦੋਂ ਤੱਕ ਕੰਮ ਕਰਦੇ ਮੈਡੀਕਲ ਕਿੱਤੇ ਦੇ ਕਰਮੀਆਂ ਵਾਸਤੇ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਹੁੰਦੇ ਅਤੇ ਸੈਂਟਰ ਪ੍ਰੋਟੈਕਸ਼ਨ ਐਕਟ ਲਾਗੂ ਨਹੀਂ ਹੁੰਦਾ, ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਅੱਜ ਡੈਂਟਲ ਹਸਪਤਾਲ ਵਿੱਚ ਮੁਕੰਮਲ ਕੰਮਕਾਜ ਠੱਪ ਰੱਖਿਆ ਗਿਆ ਹੈ ਅਤੇ ਓਪੀਡੀ ਵਿੱਚ ਮਰੀਜ਼ ਨਹੀਂ ਦੇਖੇ ਗਏ।
ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਰੋਸ ਵਿਖਾਵਾ ਕੀਤਾ ਗਿਆ ਅਤੇ ਮੈਡੀਕਲ ਸੇਵਾਵਾਂ ਠੱਪ ਰੱਖੀਆਂ ਗਈਆਂ। ਇਸ ਤੋਂ ਪਹਿਲਾਂ ਮੈਡੀਕਲ ਵਿਦਿਆਰਥੀਆਂ ਵੱਲੋਂ ਕੈਂਡਲ ਮਾਰਚ ਕੱਢੇ ਗਏ ਸਨ।
ਜਲੰਧਰ (ਹਤਿੰਦਰ ਮਹਿਤਾ): ਕੋਲਕਾਤਾ ਦੇ ਇਕ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਘਿਨੌਣੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਪੰਜਾਬ ਰਾਜ ਦੇ ਸਰਕਾਰੀ ਡਾਕਟਰਾਂ ਦੇ ਸੰਗਠਨ ਪੀਸੀਐੱਮਐੱਸਏ ਪੰਜਾਬ ਦੇ ਸੱਦੇ ’ਤੇ ਰੋਸ ਵਜੋਂ ਜ਼ਿਲ੍ਹੇ ਦੇ ਸਾਰੇ ਜਨਤਕ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਓਪੀਡੀ ਸੇਵਾਵਾਂ ਠੱਪ ਰਹੀਆਂ। ਇਸ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਪਠਾਨਕੋਟ (ਐੱਨਪੀ ਧਵਨ): ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਟਰੇਨੀ ਡਾਕਟਰ ਨਾਲ ਹਸਪਤਾਲ ਵਿੱਚ ਸਮੂਹਿਕ ਬਲਾਤਕਾਰ ਅਤੇ ਬਾਅਦ ਵਿੱਚ ਹੱਤਿਆ ਕਰਨ ਦੀ ਵਾਪਰੀ ਘਟਨਾ ਨੂੰ ਲੈ ਕੇ ਅੱਜ ਪਠਾਨਕੋਟ ਅਤੇ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਦੇ ਹਸਪਤਾਲਾਂ ਵਿੱਚ ਪੀਸੀਐਮਐਸ ਐਸੋਸੀਏਸ਼ਨ ਦੇ ਸੱਦੇ ’ਤੇ ਸਮੂਹ ਡਾਕਟਰਾਂ ਨੇ ਹੜਤਾਲ ਕੀਤੀ। ਇਸ ਕਾਰਨ ਓਪੀਡੀ ਪੂਰੀ ਤਰ੍ਹਾਂ ਬੰਦ ਰਹੀ ਅਤੇ ਆਮ ਲੋਕ ਪਰਚੀ ਨਾ ਕੱਟੇ ਜਾਣ ਕਾਰਨ ਖੱਜਲ-ਖੁਆਰ ਹੋਏ। ਪਠਾਨਕੋਟ ਸਿਵਲ ਹਸਪਤਾਲ ਵਿੱਚ ਸਮੂਹ ਡਾਕਟਰਾਂ ਨੇ ਹੜਤਾਲ ਕਰਕੇ ਧਰਨਾ ਦਿੱਤਾ। ਸਮੂਹ ਡਾਕਟਰਾਂ ਨੇ ਕਿਹਾ ਕਿ ਜਦ ਤੱਕ ਮਹਿਲਾ ਡਾਕਟਰ ਦੇ ਹੱਤਿਆਰਿਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਤਦ ਤੱਕ ਡਾਕਟਰ ਚੈਨ ਨਾਲ ਨਹੀਂ ਬੈਠਣਗੇ। ਉਨ੍ਹਾਂ ਪਠਾਨਕੋਟ ਸਿਵਲ ਹਪਸਤਾਲ ਵਿੱਚ ਵੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਸ਼ਾਹਪੁਰਕੰਢੀ ਵਿੱਚ ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਿਤ ਕੁਮਾਰ ਅਤੇ ਡਾ. ਰਾਣੀ ਚੌਧਰੀ ਦੀ ਅਗਵਾਈ ਵਿੱਚ ਡਾਕਟਰਾਂ ਨੇ ਓਪੀਡੀ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕਲਕੱਤਾ ’ਚ ਡਾਕਟਰ ਨਾਲ ਘਿਨੌਣੇ ਕਾਂਡ ਉਪਰੰਤ ਕਤਲ ਕੀਤੇ ਜਾਣ ਦੀ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੁਆਉਣ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਗਾਂਧੀ ਪਾਰਕ ’ਚ ਇਕੱਠੇ ਹੋ ਕੇ ਰੋਸ ਰੈਲੀ ਕੀਤੀ। ਮਗਰੋਂ ਸ਼ਹਿਰ ਅੰਦਰ ਮਾਰਚ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਇਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।