‘ਆਪ’ ਸਰਕਾਰ ਬਣਨ ਮਗਰੋਂ ਵਿਕਾਸ ਦੀ ਲਹਿਰ ਚੱਲੀ: ਭਗਵੰਤ ਮਾਨ
ਸਰਬਜੀਤ ਸਾਗਰ
ਦੀਨਾਨਗਰ, 29 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਬਹਿਰਾਮਪੁਰ ਰੋਡ ’ਤੇ 51.74 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰੇਲਵੇ ਓਵਰਬ੍ਰਿੱਜ ਦਾ ਉਦਘਾਟਨ ਕੀਤਾ। ਪੁਲ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਪੁਲ ’ਤੇ ਸਾਰਾ ਪੈਸਾ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਸੂਬੇ ਅੰਦਰ ਵਿਕਾਸ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਹੁਣ ਤੱਕ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਰੇਲਵੇ ਓਵਰਬ੍ਰਿੱਜ ਦੇ ਉਦਘਾਟਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਅੰਦਰ ਸੱਤਾ ਵਿੱਚ ਆਈ ‘ਆਪ’ ਦੀ ਸਰਕਾਰ ਨੇ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਮਦਦ ਦੇ ਨਾਮ ’ਤੇ ਸ਼ਹੀਦਾਂ ਦਾ ਮਜ਼ਾਕ ਹੀ ਉਡਾਇਆ ਸੀ। ਉਨ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਛੜੇ ਹੋਣ ਦਾ ਕਾਰਨ ਇੱਥੋਂ ਦੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਘਰ ਭਰਨ ਨੂੰ ਤਰਜੀਹ ਦਿੱਤੀ ਪਰ ਹੁਣ ਇੱਥੇ ਟੂਰਿਸਟ ਹੱਬ ਬਣਾਇਆ ਜਾਵੇਗਾ।
ਪੰਡਾਲ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਚਿੱਟਾ ਖ਼ਤਮ ਕਰਨ ਦੇ ਸੁਆਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦੇ ਖ਼ਾਤਮੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਸਰਕਾਰੀ ਤੌਰ ’ਤੇ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਰੱਖੀਆਂ ਮੰਗਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਦਾ ਦੀਨਾਨਗਰ ਆਉਣ ’ਤੇ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਚੇਅਰਮੈਨ ਰਮਨ ਬਹਿਲ ਹਾਜ਼ਰ ਸਨ। ਇਸ ਪੁਲ ਦੇ ਬਣਨ ਨਾਲ ਹੁਣ ਬਾਰਡਰ ਏਰੀਆ ਦੇ ਲਗਪਗ 100 ਤੋਂ ਵੱਧ ਪਿੰਡ ਸ਼ਹਿਰ ਨਾਲ ਜੁੜਨਗੇ।