ਹੜ੍ਹਾਂ ਮਗਰੋਂ ਖੱਡਾਂ ਚੋਆਂ ’ਚ ਆਈ ਰੇਤ ਦੀ ਨਾਜਾਇਜ਼ ਚੁਕਾਈ
ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 16 ਜੁਲਾਈ
ਸੱਤਾਧਾਰੀ ਪਾਰਟੀ ਦੇ ਪ੍ਰਭਾਵ ਹੇਠਾਂ ਕੰਢੀ ਇਲਾਕੇ ਵਿੱਚ ਨਾਜਾਇਜ਼ ਖਣਨ ਦਾ ਅਮਲ ਲਗਾਤਾਰ ਤੇਜ਼ ਹੋ ਰਿਹਾ ਹੈ। ਹੁਣ ਤਹਿਸੀਲ ਦੇ ਨੀਮ ਪਹਾੜੀ ਪਿੰਡਾਂ ਵਿੱਚ ਸ਼ਿਵਾਲਕ ਪਹਾੜਾਂ ਤੋਂ ਨਿਕਲਦੀਆਂ ਖੱਡਾ ਅਤੇ ਚੋਆਂ ਵਿੱਚ ਆਏ ਹੜ੍ਹ ਨਾਲ ਰੁੜ ਕੇ ਆਏ ਰੇਤ ਦੀ ਪਿਛਲੇ ਚਾਰ ਦਨਿਾਂ ਤੋਂ ਨਾਜਾਇਜ਼ ਚੁਕਾਈ ਜਾਰੀ ਹੈ ਪਰ ਇਸ ਪਾਸੇ ਖਣਨ ਵਿਭਾਗ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਪਿੰਡ ਰਾਮਪੁਰ, ਬਿਲੜੋਂ, ਹਾਜੀਪੁਰ, ਗੱਜਰ, ਬੀਰਮਪੁਰ, ਕੁਨੈਲ ਵਿੱਚ ਖੇਤਾਂ ਅੰਦਰ ਅਨੇਕਾਂ ਥਾਵਾਂ ’ਤੇ ਰੈਂਪ ਬਣਾ ਕੇ ਰੇਤ ਦੀ ਨਾਜਾਇਜ਼ ਚੁਕਾਈ ਕੀਤੀ ਜਾ ਰਹੀ ਹੈ। ਲੋਕਾਂ ਅਨੁਸਾਰ ਕੰਢੀ ਦੇ ਇਨ੍ਹਾਂ ਪਿੰਡਾਂ ਵਿੱਚ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਵਿਚ ਦਸ ਤੋਂ ਵੀਹ ਫੁੱਟ ਤੱਕ ਦੀ ਮਿੱਟੀ ਚੁੱਕੀ ਜਾ ਰਹੀ ਹੈ ਅਤੇ ਖੇਤਾਂ ਨੂੰ ਵੀਹ ਪੰਝੀ ਫੁੱਟ ਤੱਕ ਪੁੱਟ ਕੇ ਰੇਤ ਕੱਢਿਆ ਜਾ ਰਿਹਾ ਹੈ, ਜਿਸ ਦੀ ਇਲਾਕੇ ਵਿੱਚ ਮਹਿੰਗੇ ਮੁੱਲ ਨਾਲ ਸਪਲਾਈ ਕੀਤੀ ਜਾ ਰਹੀ ਹੈ। ਸ਼ਿਵਾਲਕ ਪਹਾੜਾਂ ਤੋਂ ਆਉਂਦੀਆਂ ਖੱਡਾਂ ਵੀ ਖਣਨ ਮਾਫੀਆ ਲਈ ਵਰਦਾਨ ਬਣ ਗਈਆਂ ਹਨ ਅਤੇ ਇਨ੍ਹਾਂ ਖੱਡਾਂ, ਚੋਆਂ ਦੀ ਨਿਲਾਮੀ ਸਬੰਧੀ ਖਣਨ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਸ ਇਲਾਕੇ ਵਿਚ ਖਣਨ ਗਤੀਵਿਧੀਆ ਵਧਦੀਆਂ ਜਾ ਰਹੀਆਂ ਹਨ।
ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ‘ਆਪ’ ਸਰਕਾਰ ਵਿਚ ਖਣਨ ਮਾਫੀਆ ਨੇ ਇਲਾਕੇ ਦਾ ਭੂਗੋਲ ਵਿਗਾੜ ਦਿੱਤਾ ਹੈ ਅਤੇ ਬਨਿਾਂ ਕਿਸੇ ਵਿਭਾਗੀ ਮਨਜ਼ੂਰੀ ਤੋਂ ਸੱਤਾਧਾਰੀ ਆਗੂਆਂ ਦੀ ਸ਼ਹਿ ਹੇਠਾਂ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿਸ ਨਾਲ ਇਲਾਕੇ ਦੀਆਂ ਲਿੰਕ ਸੜਕਾਂ ਵੀ ਬਰਬਾਦ ਹੋ ਗਈਆਂ ਹਨ। ਐੱਸਡੀਐੱਮ ਜਸ਼ਨਪਰੀਤ ਕੌਰ ਨੇ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਵਾਉਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।