For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਜ਼ਮਾਨਤ ਮਗਰੋਂ ‘ਆਪ’ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ

09:04 AM Sep 14, 2024 IST
ਕੇਜਰੀਵਾਲ ਦੀ ਜ਼ਮਾਨਤ ਮਗਰੋਂ ‘ਆਪ’ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ
ਦਿੱਲੀ ਸਥਿਤ ਪਾਰਟੀ ਦਫਤਰ ’ਚ ਕੇਜਰੀਵਾਲ ਦੀ ਰਿਹਾਈ ਦੀ ਖੁਸ਼ੀ ’ਚ ਜਸ਼ਨ ਮਨਾਉਂਦੇ ਹੋਏ ਪਾਰਟੀ ਆਗੂ ਤੇ ਵਰਕਰ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਸਤੰਬਰ
ਸੁਪਰੀਮ ਕੋਰਟ ਵੱਲੋਂ ਪੰਜ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ’ਚ ‘ਆਪ’ ਦੇ ਵਰਕਰਾਂ ਅਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆ ਕੇ ਵਧਾਈਆਂ ਦਿੱਤੀਆਂ। ‘ਆਪ’ ਦਾ ਕਹਿਣਾ ਹੈ ਕਿ ਅੱਜ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਕੇ ਦੇਸ਼ ਦੀ ਜਨਤਾ ਨੂੰ ਸੰਦੇਸ਼ ਦਿੱਤਾ ਹੈ ਕਿ ਭਾਰਤ ਵਿੱਚ ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੈ। ਅੱਜ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕੀਤਾ ਸੀ ਤਾਂ ਕਿ ਉਹ ਈਡੀ ਮਾਮਲੇ ਵਿੱਚ ਮਿਲੀ ਜ਼ਮਾਨਤ ਤੋਂ ਬਾਹਰ ਨਾ ਆ ਸਕੇ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਲਿਖਿਆ, ‘ਆਪ’ ਪਰਿਵਾਰ ਨੂੰ ਮਜ਼ਬੂਤ ਬਣੇ ​​ਰਹਿਣ ਲਈ ਵਧਾਈ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਕਿਸੇ ਗਲਤ ਕੰਮ ਜਾਂ ਭ੍ਰਿਸ਼ਟਾਚਾਰ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਭਾਜਪਾ ਸਾਡੇ ਤੋਂ ਚੋਣਾਂ ਨਹੀਂ ਜਿੱਤ ਸਕੀ ਅਤੇ ਸਾਡੀ ਪਾਰਟੀ ਨੂੰ ਤੋੜ ਨਹੀਂ ਸਕਦੀ ਸੀ, ਇਸ ਲਈ ਇਹ ਗ੍ਰਿਫ਼ਤਾਰੀ ਕੀਤੀ ਗਈ ਸੀ ਕਿ ‘ਆਪ’ ਦੀ ਸਰਕਾਰ ਡਿੱਗ ਜਾਵੇਗੀ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਇਸ ਅਖੌਤੀ ਆਬਕਾਰੀ ਮਾਮਲੇ ਵਿੱਚ ਕਿਤੇ ਵੀ ਕੁਝ ਨਹੀਂ ਮਿਲਿਆ। ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅੱਜ ਅਖਬਾਰਾਂ ’ਚ ਛਪਿਆ ਸੀ ਕਿ ਇਸ ਮਾਮਲੇ ’ਚ 40 ਦੇ ਕਰੀਬ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਸਿਰਫ 2 ਲੋਕ ਹੀ ਜੇਲ੍ਹ ’ਚ ਬੰਦ ਹਨ, ਇਸ ਲਈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋਣੀ ਤੈਅ ਸੀ ਪਰ ਅੱਜ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਬਾਰੇ ਟਿੱਪਣੀ ਕੀਤੀ ਹੈ, ਉਹ ਕੇਂਦਰ ਸਰਕਾਰ ਲਈ ਵੱਡੀ ਫਟਕਾਰ ਹੈ। ਕੌਮੀ ਜਨਰਲ ਸਕੱਤਰ (ਸੰਗਠਨ) ਡਾ. ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਾਰਟੀ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ, ਤਰੱਕੀ ਅਤੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਟਵੀਟ ਕੀਤਾ, ‘‘ਇਸ ਨਾਲ ਸਾਡੇ ਵਰਕਰਾਂ ਨੂੰ ਨਵੀਂ ਊਰਜਾ ਮਿਲੇਗੀ ਅਤੇ ‘ਆਪ’ ਦੀ ਹਰਿਆਣਾ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਕੇਜਰੀਵਾਲ ਭਵਿੱਖ ਵਿੱਚ ਵੀ ਇਸੇ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਨਗੇ।’’ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਇਮਾਨਦਾਰ ਰਾਜਨੀਤੀ ਦਾ ਇੱਕ ਬਰਾਂਡ ਹੈ। ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਤਾਨਾਸ਼ਾਹੀ ਜਿੰਨੀ ਮਰਜ਼ੀ ਤਾਕਤਵਰ ਕਿਉਂ ਨਾ ਹੋਵੇ, ਉਸ ਨੂੰ ਇਕ ਦਿਨ ਹਾਰਨਾ ਹੀ ਪੈਂਦਾ ਹੈ।

Advertisement

ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਅਧਿਕਾਰ ਨਹੀਂ: ਸਚਦੇਵਾ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਜਾਇਜ਼ ਹੈ ਅਤੇ ਉਨ੍ਹਾਂ ’ਤੇ ਲੱਗੇ ਦੋਸ਼ ਵੀ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਭਾਵੇਂ ਜ਼ਮਾਨਤ ਮਿਲ ਗਈ ਹੋਵੇ ਪਰ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਕੇਜਰੀਵਾਲ ਨੂੰ ਸ਼ਰਤੀਆ ਜ਼ਮਾਨਤ ਮਿਲਣਾ ਕੋਈ ਖਾਸ ਪ੍ਰਾਪਤੀ ਨਹੀਂ ਹੈ, ਕੇਸ ਚੱਲੇਗਾ ਅਤੇ ਉਨ੍ਹਾਂ ਨੂੰ ਜਲਦੀ ਹੀ ਲੰਬੀ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ, ਯਾਦ ਰੱਖਣ ਕਿ ਉਹ ਹੁਣ ਲਾਲੂ ਯਾਦਵ, ਮਧੂ ਕੋਡਾ ਵਰਗੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ ਅਤੇ ਜਲਦੀ ਹੀ ਸਜ਼ਾ ਮਿਲਣ ਤੋਂ ਬਾਅਦ ਉਹ ਦੁਬਾਰਾ ਜੇਲ੍ਹ ਜਾਣਗੇ।

Advertisement

ਸ਼ਰਤਾਂ ਨਾਲ ਜ਼ਮਾਨਤ ਮਿਲਣਾ ਨਿਆਂਇਕ ਪ੍ਰਕਿਰਿਆ ਦਾ ਹਿੱਸਾ: ਕਾਂਗਰਸ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕਤਾਂਤਰਿਕ ਪ੍ਰਣਾਲੀ ਵਿੱਚ ਸੰਵਿਧਾਨਕ ਪ੍ਰਕਿਰਿਆ ਤਹਿਤ ਸ਼ਰਾਬ ਘੁਟਾਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣਾ ਨਿਆਂਇਕ ਪ੍ਰਕਿਰਿਆ ਦਾ ਇਕ ਹਿੱਸਾ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਸਾਰਿਆਂ ਨੂੰ ਨਿਆਂ ਪ੍ਰਣਾਲੀ ’ਤੇ ਭਰੋਸਾ ਹੋਣਾ ਚਾਹੀਦਾ ਹੈ ਪਰ ਜ਼ਮਾਨਤ ਤੋਂ ਬਾਅਦ ਇਹ ਨਹੀਂ ਸਮਝਣਾ ਚਾਹੀਦਾ ਕਿ ਮਨੀਸ਼ ਸਿਸੋਦੀਆ, ਸੰਜੈ ਸਿੰਘ ਅਤੇ ਹੁਣ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਦੋਸ਼ਾਂ ਤੋਂ ਮੁਕਤ ਹੋ ਗਏ ਹਨ, ਮਾਮਲਾ ਅਜੇ ਵੀ ਚੱਲ ਰਿਹਾ ਹੈ।

Advertisement
Author Image

joginder kumar

View all posts

Advertisement