ਅਕਾਲੀ ਦਲ ਤੇ ਭਾਜਪਾ ਦੇ ਵੱਖ ਹੋਣ ਦੇ ਐਲਾਨ ਮਗਰੋਂ ਚੋਣ ਮੈਦਾਨ ਭਖਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਮਾਰਚ
ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਾ ਕਰਨ ਦੇ ਐਲਾਨ ਤੋਂ ਬਾਅਦ ਹੁਣ ਬਠਿੰਡਾ ਲੋਕ ਸਭਾ ਹਲਕੇ ਤੋਂ ਬਾਦਲ ਪਰਿਵਾਰ ਖ਼ਿਲਾਫ਼ ਉਹੀ ਆਗੂ ਉਨ੍ਹਾਂ ਦਾ ਵਿਰੋਧ ਕਰਨਗੇ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਹਰਸਿਮਰਤ ਕੌਰ ਬਾਦਲ ਲਗਾਤਾਰ ਤਿੰਨ ਵਾਰ ਇਸ ਸੀਟ ਤੋਂ ਸੰਸਦ ਮੈਂਬਰ ਰਹੇ ਸਨ। ਇਹ ਆਗੂ ਬਾਦਲ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਅਕਾਲੀ ਦਲ ਵੱਲੋਂ ਚੋਣਾਂ ਲੜਦੇ ਰਹੇ ਹਨ।
ਵੇਰਵਿਆਂ ਅਨੁਸਾਰ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ, ਸੁਖਬੀਰ ਸਿੰਘ ਬਾਦਲ ਦੇ ਸਹਿਪਾਠੀ ਰਹੇ ਹਨ ਅਤੇ ਮਾਨਸਾ ਜ਼ਿਲ੍ਹੇ ਦੇ ਜੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਦੇ ਰਹੇ ਹਨ। ਉਹ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਭਾਜਪਾ ਵਿੱਚ ਚਲੇ ਗਏ ਸਨ। ਇਸ ਵੇਲੇ ਉਨ੍ਹਾਂ ਦਾ ਨਾਮ ਬਠਿੰਡਾ ਸੰਸਦੀ ਸੀਟ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਪਹਿਲੀ ਕਤਾਰ ਦੇ ਆਗੂਆਂ ਵਿੱਚ ਆਉਂਦਾ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਇਸ ਵੇਲੇ ਭਾਜਪਾ ਦੀ ਸਿਖ਼ਰਲੀ ਟੀਮ ਹੇਠ ਕੰਮ ਰਹੇ ਹਨ ਅਤੇ ਉਨ੍ਹਾਂ ਨੇ ਵੀ ਭਾਜਪਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਬਕਾਇਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਉਹ ਬਠਿੰਡਾ ਤੋਂ ਬਾਦਲ ਪਰਿਵਾਰ ਖ਼ਿਲਾਫ਼ ਚੋਣ ਲੜਨ ਤੋਂ ਪਿੱਛੇ ਨਹੀਂ ਹਟਣਗੇ। ਉਧਰ ਮਾਨਸਾ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਜੋ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੁੰਦਿਆਂ ਬੀਬਾ ਬਾਦਲ ਦੀ ਚੋਣ ਲਈ ਦਿਨ-ਰਾਤ ਜੁੱਟੇ ਰਹਿੰਦੇ ਸਨ, ਹੁਣ ਭਾਜਪਾ ਦੇ ਚੋਣ ਜਲਸਿਆਂ ’ਚ ਕੁੱਦਣ ਲਈ ਕਾਹਲੇ ਹਨ।
ਮੁੜ ਹਰਸਿਮਰਤ ਖ਼ਿਲਾਫ਼ ਪ੍ਰਚਾਰ ਲਈ ਉਤਰ ਸਕਦੇ ਨੇ ਮਨਪ੍ਰੀਤ ਬਾਦਲ
ਮਨਪ੍ਰੀਤ ਸਿੰਘ ਬਾਦਲ ਇੱਕ ਵਾਰ ਮੁੜ ਹਰਸਿਮਰਤ ਕੌਰ ਬਾਦਲ ਖਿਲਾਫ਼ ਚੋਣ ਮੈਦਾਨ ਵਿੱਚ ਪ੍ਰਚਾਰ ਕਰਨ ਲਈ ਉਤਰ ਸਕਦੇ ਹਨ। ਭਾਵੇਂ ਭਾਜਪਾ ਵੱਲੋਂ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਪਰ ਉਨ੍ਹਾਂ ਦੇ ਕੁੱਝ ਸਮਾਂ ਪਹਿਲਾਂ ਬਿਮਾਰ ਹੋਣ ਕਾਰਨ ਇਹ ਸੰਭਾਵਨਾਵਾਂ ਹਾਲੇ ਮੱੱਧਮ ਦਿਖਾਈ ਦਿੰਦੀਆਂ ਹਨ। ਹਾਲਾਂਕਿ ਉਹ ਚੋਣ ਪ੍ਰਚਾਰ ਵਿੱਚ ਜ਼ਰੂਰ ਸ਼ਾਮਲ ਹੋਣਗੇ।
ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਮਾਨਸਾ ਦੀ ਸਿਆਸਤ ’ਤੇ ਨਹੀਂ ਪਵੇਗਾ ਅਸਰ
ਮਾਨਸਾ: ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਅੱਜ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਮਾਨਸਾ ਜ਼ਿਲ੍ਹੇ ਦੀ ਸਿਆਸਤ ਉਪਰ ਕੋਈ ਅਸਰ ਨਹੀਂ ਪਵੇਗਾ। ਬਿੱਟੂ ਦੀ ਮਾਨਸਾ ਜ਼ਿਲ੍ਹੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫ਼ਰ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ ਜਿਸ ਕਰਕੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਦਿਲਚਸਪ ਗੱਲ ਹੈ ਕਿ ਬਿੱਟੂ ਦੀ ਸਕੀ ਭੈਣ ਜ਼ਿਲ੍ਹੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ ਨਾਲ ਵਿਆਹੀ ਹੋਈ ਹੈ। ਬਿਕਰਮ ਮੋਫ਼ਰ ਇਸ ਵੇਲੇ ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸ ਪਾਰਟੀ ਵੱਲੋਂ ਚੇਅਰਮੈਨ ਹਨ ਅਤੇ ਉਨ੍ਹਾਂ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਹਾਲ ਹੀ ਵਿੱਚ ਚੋਣ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਤੋਂ ਹਾਰ ਗਏ ਸਨ। ਬਿਕਰਮ ਮੋਫ਼ਰ ਦੇ ਪਿਤਾ ਅਜੀਤ ਇੰਦਰ ਸਿੰਘ ਮੋਫ਼ਰ ਕਾਂਗਰਸ ਦੇ ਪਹਿਲੀ ਕਤਾਰ ਦੇ ਆਗੂ ਹਨ ਅਤੇ ਉਹ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਵੱਲੋਂ ਸੰਭਾਵੀ ਉਮੀਦਵਾਰ ਵਜੋਂ ਵੱਡੀ ਚਰਚਾ ’ਚ ਹਨ। ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਕਿਸੇ ਵੀ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦੇ।