ਮੇਰੇ ਮਰਨ ਤੋਂ ਬਾਅਦ
ਵੀਰ ਸਿੰਘ ਥਿੰਦ
ਵਿਅੰਗ
ਵੇਖੋ ਦੁਨੀਆਂ ਵਾਲਿਓ, ਮੌਤ ਸਭ ਨੂੰ ਆਉਣੀ ਏ ਤੇ ਸ਼ਾਇਦ ਆਉਣੀ ਮੈਨੂੰ ਵੀ ਏ। ਹਾਂ-ਹਾਂ ਸੱਚੀ, ਪੱਕਾ ਹੀ ਆਉਣੀ ਏ ਮੈਨੂੰ ਵੀ। ਓ ਤਾਂ ਅਸਲ ’ਚ ਮੈਂ ਕਈ ਵਾਰੀਂ ਭੁੱਲ ਜਾਨਾਂ। ਵੈਸੇ ਮੈਂ ਬਚਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਇੱਕ ਅੰਗਰੇਜ਼ ਲੇਖਕ ਦੀ ਕਵਿਤਾ ਪੜ੍ਹੀ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਜਦੋਂ ਮੌਤ ਆਵੇ ਉਸ ਤੋਂ ਭੱਜੋ। ਉਹ ਕਹਿੰਦਾ ਜਿੱਥੋਂ ਤੱਕ ਹੋ ਸਕੇ ਮੌਤ ਨੂੰ ਹਰਾਵੋ, ਸੋ ਮੈਂ ਵੀ ਉਸੇ ਤਰ੍ਹਾਂ ਪੂਰੀ ਕੋਸ਼ਿਸ਼ ਕਰਾਂਗਾ ਬਚਣ ਦੀ। ਜੇ ਗਰਮੀਆਂ ਹੋਈਆਂ ਅਤੇ ਮੈਂ ਕੋਠੇ ’ਤੇ ਸੁੱਤਾ ਹੋਇਆ ਤਾਂ ਮੈਂ ਮੰਜੇ ਥੱਲੇ ਲੁਕ ਜਾਵਾਂਗਾ। ਜੇ ਉੱਥੇ ਵੀ ਆ ਗਏ ਤਾਂ ਮੈਂ ਭੱਜ ਕੇ ਕੰਧ ਨਾਲ ਲਮਕ ਕੇ ਥੱਲੇ ਡਿੱਗ ਪਵਾਂਗਾ ਅਤੇ ਭੱਜ ਕੇ ਬੈੱਡ ਥੱਲੇ ਲੁਕ ਜਾਵਾਂਗਾ। ਇਸ ਨਾਲ ਕੀ ਹੋਵੇਗਾ? ਜ਼ਿਆਦਾ ਤੋਂ ਜ਼ਿਆਦਾ ਝਰੀਟਾਂ ਵੱਜ ਜਾਣਗੀਆਂ ਜਾਂ ਕੋਈ ਮਾਸਪੇਸ਼ੀ ਦਰਦ ਕਰ ਜਾਵੇਗੀ ਪਰ ਮਰਨ ਨਾਲੋਂ ਤਾਂ ਚੰਗਾ ਹੈ ਨਾ! ਜੇ ਇੱਥੇ ਵੀ ਆ ਗਈ ਤਾਂ ਮੈ ਭੱਜ ਕੇ ਕਿਸੇ ਟੋਏ ਵਿੱਚ ਛਾਲ ਮਾਰ ਦਿਆਂਗਾ, ਟੋਆ ਭਾਵੇਂ ਗੰਦੇ ਪਾਣੀ ਵਾਲਾ ਹੀ ਕਿਉਂ ਨਾ ਹੋਵੇ।
ਆਖ਼ਰ ਮਰਨ ਨਾਲੋਂ ਤਾਂ ਚੰਗਾ ਹੈ ਨਾ। ਅੱਜ ਤੱਕ ਬਹੁਤ ਭੌਰ ਉੱਡਦੇ ਵੇਖੇ ਅਤੇ ਸ਼ਾਇਦ ਵੇਖਣੇ ਨੇ, ਪਰ ਹੁਣ ਜੋ ਗੱਲ ਅਸਲ ’ਚ ਮੈਂ ਕਹਿਣੀ ਚਾਹੁੰਨਾਂ, ਉਹ ਇਹ ਏ ਕਿ ਮੈਂ ਅਕਸਰ ਈ ਵੇਖਿਆ, ਭੌਰਾਂ ਦੇ ਉੱਡ ਜਾਣ ਬਾਅਦ ਪਿੱਛੇ ਰਹਿ ਗਈਆਂ ਖੁਸ਼ਬੂ ਰਹਿਤ ਹੱਡੀਆਂ ਸੱਚ ਫੁੱਲਾਂ ਬਾਰੇ ਬੜੇ ਵਹਿਮ ਭਰਮ, ਨਿੰਦ-ਵਿਚਾਰ ਅਤੇ ਕਾਰ ਵਿਹਾਰ ਕੀਤੇ ਜਾਂਦੇ ਹਨ, ਪਰ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਬਈ ਜ਼ਿਆਦਾ ਰੌਲਾ ਨਹੀਂ ਪਾਉਣਾ। ਕਈ ਵਾਰੀ ਲੋਕ ਆਖ਼ਰੀ ਸਾਹ ਨਿਕਲਣ ਤੋਂ ਪਹਿਲਾਂ ਦੀਵਾ ਜਗਾਉਂਦੇ ਨੇ, ਤੁਸੀਂ ਇਉਂ ਨਾ ਕਰਨਾ। ਜਿਸ ਦੀ ਬੁਢਾਪੇ ਤੱਕ ਦੀ ਜ਼ਿੰਦਗੀ ਨਹਿਰੀ ਖਾਲਾਂ ਦੀਆਂ ਵੱਟਾਂ ’ਤੇ ਜੁਗਨੂੰਆਂ ਦੇ ਚਾਨਣੇ ਲੰਘੀ ਹੋਵੇ, ਉਸ ਨੂੰ ਦੀਵੇ ਦੀ ਰੌਸ਼ਨੀ ਕੀ ਰਾਹ ਦਿਖਾਵੇਗੀ। ਜ਼ਿੰਦਗੀ ਭਰ ਠੇਡੇ ਖਾਂਦਿਆਂ ਮਾਸ ਨਾਲੋਂ ਨਹੁੰ ਵੱਖ ਹੋ ਗਏ। ਸਾਰੀ ਉਮਰ ਦੁੱਖ ਝਲਦਿਆਂ ਜੇ ਅੱਜ ਇੱਕ ਦੁੱਖ ਹੋਰ ਆ ਗਿਆ ਤਾਂ ਕਿਧਰੇ ਨਹੀਂ ਲੋਹੜਾ ਪੈਣ ਲੱਗਾ। ਇੰਝ ਕਰਨਾ ਕੋਈ ਵੀ ਰਿਸ਼ਤੇਦਾਰ ਨਾ ਸੱਦਣਾ ਕਿਉਂਕਿ ਅੱਜ ਦੀ ਭੱਜ ਦੌੜ ਵਿੱਚ ਕਿਸੇ ਕੋਲ ਆਵਦੇ ਮਰਨ ਦਾ ਸਮਾਂ ਨਹੀਂ, ਮੇਰੇ ਮਰਨੇ ਜੋਗਾ ਕਿੱਥੋਂ ਹੋਵੇਗਾ! ਮੈਂ ਨਹੀਂ ਚਾਹੁੰਦਾ ਕਿ ਕੋਈ ਦਿਲ ਵਿੱਚ ਗੁੱਸਾ ਕਰੇ ਕਿ ‘ਇਸ ਨੂੰ ਵੀ ਹੁਣ ਈ ਚੇਤਾ ਆਇਆ ਸੀ ਮਰਨ ਦਾ, ਕੰਮ ਤਾਂ ਅੱਗੇ ਨੀ ਮੁੱਕ ਰਹੇ।’ ਲੋਕਾਂ ਨੇ ਮੇਰੇ ਮਰਨ ਨੂੰ ਵੀ ਕੰਮਾਂ ਵਿੱਚ ਲੈ ਲੈਣਾ ਹੈ। ਚਲੋ ਜੇ ਸ਼ਰਮੋਂ-ਸ਼ਰਮੀਂ ਸਮਾਂ ਕੱਢ ਵੀ ਲਿਆ ਤਾਂ ਅੱਜ ਦੀ ਮਹਿੰਗਾਈ ਵਿੱਚ ਹੋ ਸਕਦਾ ਏ ਅਗਲੇ ਕੋਲ ਕਿਰਾਏ ਭਾੜੇ ਜੋਗੇ ਪੈਸੇ ਨਾ ਹੋਣ। ਅਗਲਾ ਫਿਰ ਸੋਚੇਗਾ ਕਿ ‘ਇਸ ਨੂੰ ਵੀ ਅੱਜ ਈ ਆਇਆ ਸੀ ਚੇਤਾ ਮਰਨ ਦਾ, ਪੈਸੇ ਤਾਂ ਕਿਤੇ ਜ਼ਹਿਰ ਖਾਣ ਨੂੰ ਨੀ ਲੱਭਦੇ।’ ਸੋ ਪਿੰਡ ਵਾਲਿਓ ਆਪ ਈ ਰਲਮਿਲ ਕੇ ਥੋੜ੍ਹੀ ਖੇਚਲ ਕਰ ਦੇਣੀ। ਬਾਕੀ ਪਿੰਡ ਵਿੱਚੋਂ ਵੀ ਬਾਹਲੇ ਨਾ ਹੀ ਆਉਣ ਤਾਂ ਚੰਗਾ ਏ। ਉੱਤੋਂ-ਉੱਤੋਂ ਬੜਾ ਮਾੜਾ, ਬੜਾ ਮਾੜਾ ਹੋਇਆ ਕਹਿਣਗੇ, ਝੱਟ ਕੁ ਮੇਰੀਆਂ ਗੱਲਾਂ ਕਰਨਗੇ ਤੇ ਫਿਰ ਦਿੱਲੀ ਦੱਖਣ ਦੀ ਰਾਜਨੀਤੀ ਘੁਲ ਜਾਵੇਗੀ ਉਨ੍ਹਾਂ ਦੀਆਂ ਗੱਲਾਂ ਵਿੱਚ। ਕਈਆਂ ਨੂੰ ਪਤਾ ਵੀ ਹੋਵੇਗਾ ਕਿ ਇਸ ਦਾ ਭੌਰ ਕਿਹੜੀ ਬਿਮਾਰੀ ਨਾਲ ਉੱਡਿਆ ਪਰ ਫਿਰ ਵੀ ਝੂਠੀ ਮੂਠੀ ਪੁੱਛੀ ਜਾਣਗੇ, ਕਿੱਥੇ ਦਾਖਲ ਸੀ ਜਾਂ ਘਰ ਈ ਸੀ? ਅੱਛਾ..! ਅੱਛਾ..! ਬੜੀ ਹੈਰਾਨੀ ਨਾਲ ਕਹਿਣਗੇ। ਇਸ ਕਰਕੇ ਚੁੱਪ ਹੀ ਰੱਖਣਾ।
ਲਉ ਹੋਰ ਸੁਣੋ, ਪਹਿਲੀ ਗੱਲ ਤਾਂ ਇਹ ਮਿੱਟੀ ਸ਼ਾਇਦ ਕਿਸੇ ਨੂੰ ਪਸੰਦ ਨਾ ਆਵੇ ਪਰ ਫਿਰ ਵੀ ਜੇ ਕੋਈ ਕਹੇ ਤਾਂ ਮੁਸ਼ਕਣ ਤੋਂ ਪਹਿਲਾਂ ਕਿਸੇ ਹਸਪਤਾਲ ਵਾਲਿਆਂ ਨੂੰ ਚੁਕਾ ਦੇਣਾ। ਆਪੇ ਉੱਥੇ ਮਿੱਟੀ ਨੂੰ ਮਿੱਟੀ ਫਰੋਲੀ ਜਾਵੇਗੀ। ਹੋਰ ਤਾਂ ਹੋਰ ਲੱਕੜਾਂ ਵੀ ਬਚ ਜਾਣਗੀਆਂ ਤੇ ਧੂੰਆਂ ਵੀ ਨਹੀਂ ਉੱਡਣਾ। ਇਨ੍ਹਾਂ ਲੱਕੜਾਂ ਦੀ ਜ਼ਿੰਦਗੀ ਵੀ ਕਿੰਨੀ ਅਜੀਬ ਹੈ, ਜਿਉਂਦੇ ਜੀਅ ਇਨ੍ਹਾਂ ਰੁੱਖਾਂ ਸਾਡਾ ਸਿਰ ਛੁਪਾਇਆ, ਸੁੱਕ ਗਏ ਤਾਂ ਸਾਡਾ ਬਦਨ ਛੁਪਾ ਲਿਆ। ਇਨ੍ਹਾਂ ਸਾਡੀ ਮਿੱਟੀ ਨੂੰ ਮੁਸ਼ਕਣੋਂ ਬਚਾ ਲਿਆ। ਪਰ ਅੱਜ ਦੀ ਮਹਿੰਗਾਈ ਵਿੱਚ ਲੱਕੜ ਕਿਹੜਾ ਸਸਤੀ ਏ। ਉਹ ਸਾਂਝ ਦੇ ਵੇਲੇ ਲੱਦ ਗਏ ਜਦੋਂ ਮਰਗ ’ਤੇ ਗੇੜਾ ਦਿੱਤਿਆਂ ਪਿੰਡ ’ਚੋਂ ਟਰਾਲੀ ਭਰ ਜਾਂਦੀ ਸੀ। ਮਾਂ ਦੇ ਪੁੱਤ ਅਣਤੋਲੀਆਂ ਸੁੱਟ ਕੇ ਮਾਸ ਤਾਂ ਸੁਆਹ ਬਣਾਉਂਦੇ ਹੀ, ਹੱਡੀਆਂ ਵੀ ਜ਼ਿਆਦਾਤਰ ਸੜ ਕੇ ਸੁਆਹ ਬਣ ਜਾਂਦੀਆਂ। ਵੈਸੇ ਵੀ ਬਿਨਾ ਖਾਦਾਂ ਸਪਰੇਆਂ ਤੋਂ ਬੁੱਢੇ ਇਉਂ ਮੱਚਦੇ ਜਿਵੇਂ ਝੋਨਾ ਲਾਉਣ ਤੋਂ ਪਹਿਲਾਂ ਵੱਟ ਤੋਂ ਛਾਂਗਿਆ ਸੁੱਕਾ ਖੱਬਲ ਮੱਚਦਾ ਏ। ਹੁਣ ਤਾਂ ਲੱਕੜ ਮੁੱਲ ਲਿਆਉਣੀ ਪੈਂਦੀ ਏ ਅਤੇ ਉਹ ਵੀ ਗ਼ਰੀਬ ਆਦਮੀ ਅੰਦਰੇ-ਅੰਦਰ ਸੋਚਦਾ ਏ, ਬਈ ਜੇ ਘੱਟ ਨਾਲ ਹੀ ਸਰ ਜਾਵੇ ਤਾਂ ਚੰਗਾ। ਵੈਸੇ ਵੀ ਸਰੀਰ ਛੋਟੇ ਹੋ ਗਏ ਨੇ ਤੇ ਹੱਡੀਆਂ ਟੈਮ ਨਾਲ ਈ ਡਮਰੂ ਵਜਾਉਣ ਲੱਗਦੀਆਂ ਨੇ। ਬਾਕੀ ਝੋਰਿਆਂ, ਗੁੱਸਿਆਂ ਨਾਲ ਅੱਧਾ ਕੁ ਬੰਦਾ ਅੰਦਰੋਂ ਵੈਸੇ ਹੀ ਮੱਚਿਆ ਪਿਆ ਏ ਅੱਜਕੱਲ੍ਹ। ਪਰ ਲੱਕੜਾਂ ਦਾ ਖਰਚਾ ਤਾਂ ਅੱਗ ਲੱਗਣੀਆਂ ਦਵਾਈਆਂ ਵਧਾ ਦਿੰਦੀਆਂ ਨੇ। ਕਹਿ ਤਾਂ ਅੱਗ ਲੱਗਣੀਆਂ ਦੇਈਦੀਆਂ ਨੇ, ਪਰ ਛੇਤੀ ਅੱਗ ਤਾਂ ਕੋਈ ਨ੍ਹੀਂ ਲੱਗਦੀ ਇਨ੍ਹਾਂ ਨੂੰ। ਕਈ ਵਾਰ ਤਾਂ ਕਾਲਜੇ ’ਤੇ ਪਈਆਂ ਹੋਣ ਤਾਂ ਕਾਲਜਾ ਨਹੀਂ ਮਚਦਾ ਭਾਵੇਂ ਕਿ ਲੋਕ ਕਹਿ ਦਿੰਦੇ ਨੇ ਕਿ ‘ਹਾਏ! ਲੋਕਾਂ ਦੀਆਂ ਗੱਲਾਂ ਨੇ ਤਾਂ ਮੇਰਾ ਕਾਲਜਾ ਫੂਕਿਆ ਪਿਐ।’ ਪਰ ਕਾਲਜਾ ਮਚਾਉਣ ਵਾਸਤੇ ਲੱਕੜਾਂ ਹੋਰ ਲਿਆਉਣੀਆਂ ਪੈਂਦੀਆਂ ਨੇ। ਕਈ ਵਾਰ ਤਾਂ ਹੁੱਜਾਂ ਮਾਰ-ਮਾਰ ਜਾਂ ਕਿਸੇ ਤਿੱਖੇ ਗੰਡਾਸੇ ਨਾਲ ਵੱਢ-ਵੱਢ ਕੇ ਮਚਾਉਣਾ ਪੈਂਦਾ ਏ। ਰੱਬ ਜਾਣੇ ਕਾਲਜੇ ਹੀ ਪੱਥਰ ਹੋ ਗਏ ਨੇ।
ਚਲੋ ਜੇ ਹਸਪਤਾਲ ਵਾਲੇ ਨਾ ਲਿਜਾਣ ਤਾਂ ਚੱਕ ਲਓ, ਚੱਕ ਲਓ ਕਹਿ ਕੇ ਚੱਕ ਲਿਓ ਤੇ ਪੈ ਜਾਇਓ ਸਿਵਿਆਂ ਦੇ ਰਾਹ। ਹਾਂ, ਇੱਕ ਗੱਲ ਹੋਰ ਮੈਨੂੰ ਨੁਹਾਉਣਾ ਨਾ, ਐਵੇਂ ਪਾਣੀ ਅਜਾਈਂ ਗਵਾਉਗੇ। ਪਾਣੀ ਦੀ ਅੱਗੇ ਈ ਘਾਟ ਏ। ਨਾਲੇ ਐਵੇਂ ਮੁਸ਼ਕੀ ਸਾਬਣ ਮਾੜਾ ਮੋਟਾ ਲਾ ਕੇ ਸਣੇ ਤੌਲੀਏ ਉੱਥੇ ਹੀ ਦੱਬ ਦਿੰਦੇ ਨੇ। ਉਹੀ ਸਾਬਣ ਕਿਸੇ ਗਰੀਬ ਨੂੰ ਦੇ ਦੇਣਾ, ਖੌਰੇ ਦੋ ਦਿਨ ਸਾਬਣ ਨਾਲ ਧੋ ਕੇ ਸਾਫ਼ ਹੱਥਾਂ ਨਾਲ ਰੋਟੀ ਖਾ ਲਵੇ। ਨਹੀਂ ਤਾਂ ਵਿਚਾਰੇ ਸਾਰੀ ਜ਼ਿੰਦਗੀ ਮੈਲ ਦੇ ਤੁਪਕਿਆਂ ਡਿੱਗਦੇ ਹੱਥਾਂ ਨਾਲ ਹੀ ਰੋਟੀ ਖਾ ਕੇ ਟਪਾ ਗਏ। ਤੌਲੀਆ ਵੀ ਦੇ ਦੇਣਾ। ਸ਼ਾਇਦ ਕਿਸੇ ਦੇ ਪਿੰਡੇ ਦੀ ਪਿੱਤ ਰਗੜੀ ਜਾਵੇ। ਬਾਕੀ ਨਹਾਉਣ ਜਾਂ ਨਾ ਨਹਾਉਣ ਨਾਲ ਮੈਨੂੰ ਫ਼ਰਕ ਨਹੀਂ ਪੈਣਾ ਕਿਉਂਕਿ ਤੀਰਥਾਂ ’ਤੇ ਨਹਾ-ਨਹਾ ਕੇ ਮੇਰੇ ਅੰਦਰੋਂ ਮੈਲ ਨਹੀਂ ਗਈ ਤੇ ਤੁਹਾਡਾ ਲਾਇਆ ਸਾਬਣ ਕਿੱਥੋਂ ਦੇਹ ਕੁੰਦਨ ਕਰ ਦੇਊ। ਨਾਲੇ ਮੇਰੇ ਅੰਦਰ ਦੀ ਮੈਲ ਤਾਂ ਅੱਗ ਈ ਸਾੜ ਕੇ ਸੁਆਹ ਕਰੇਗੀ। ਨਾਲੇ ਨਵਾਈ ਤਾਂ ਕਿਹੜੀ ਹੁੰਦੀ ਐ, ਐਵੇਂ ਨਾਂ ਹੀ ਹੁੰਦਾ ਏ ਸਗੋਂ ਜੰਮੀ ਹੋਈ ਮੈਲ ਗਿੱਲੀ ਕਰਕੇ ਚਿੱਟੇ ਕਫਨ ਨੂੰ ਦਾਗ ਲਾਓਗੇ। ਬਾਕੀ ਕਫਨ ਦੀ ਵੀ ਲੋੜ ਨਹੀਂ, ਐਵੇਂ ਘੰਟੇ-ਡੇਢ ਵਾਸਤੇ ਕਈ ਮੀਟਰ ਨਵਾਂ ਕੱਪੜਾ ਖਰਾਬ ਕਰੋਂਗੇ। ਉਹੀ ਕੱਪੜਾ ਕਿਸੇ ਗਰੀਬ ਨੂੰ ਲਿਆ ਦਿਉ, ਵਿਚਾਰਾ ਤਨ ਢੱਕ ਲਊ। ਆਹ ਮੇਰੇ ਉੱਤੇ ਲੋਈਆਂ, ਕੰਬਲ ਪਾਉਣ ਦੀ ਕੋਈ ਲੋੜ ਨਹੀਂ। ਕੀ ਗਹਾਂ ਮਿੱਟੀ ਨੂੰ ਕਾਂਬਾ ਚੜ੍ਹਨ ਲੱਗਿਐ। ਵੈਸੇ ਵੀ ਸਾਰੀ ਜ਼ਿੰਦਗੀ ਬਹੂ ਨੇ ਪੇਕਿਆਂ ਤੋਂ ਬਥੇਰੇ ਸੂਟ ਪੱਗਾਂ ਢੋਏ ਨੇ। ਪਹਿਲੀ ਗੱਲ ਤਾਂ ਜਿਉਂਦੇ ਜੀਅ ਵੀ ਨਹੀਂ ਸੀ ਹੱਕ ਬਣਦਾ ਬਾਕੀ ਮਰਿਆਂ ਤੋਂ ਵੀ ਠੇਕਾ ਥੋੜ੍ਹੀ ਚੱਕਿਆ ਅਗਲਿਆਂ ਨੇ। ਕਮਾਲ ਦੀ ਗੱਲ ਏ?
ਬਾਕੀ ਹੋਰ ਬੇਨਤੀ ਸੁਣ ਲਉ। ਆਹ ਪਾਣੀ ਆਲਾ ਘੜਾ ਲੈਣ ਦੀ ਵੀ ਕੋਈ ਲੋੜ ਨਹੀਂ। ਐਵੇਂ ਇੱਕ ਤਾਂ ਨਵਾਂ ਘੜਾ ਖਰਾਬ ਕਰੋਗੇ, ਉਪਰੋਂ ਪਾਣੀ। ਇਹੀ ਘੜਾ ਗਰਮੀਆਂ ਵਿੱਚ ਕਿਤੇ ਅੱਡੇ ’ਤੇ ਭਰ ਕੇ ਰੱਖ ਦੇਣਾ। ਵੈਸੇ ਤਾਂ ਮੈਂ ਸਾਰੀ ਜ਼ਿੰਦਗੀ ਕਿਸੇ ਨੂੰ ਘੁੱਟ ਪਾਣੀ ਦੀ ਨਹੀਂ ਪੁੱਛੀ, ਸ਼ਾਇਦ ਇਸ ਨਾਲ ਹੀ ਕਿਸੇ ਦੀ ਪਿਆਸ ਬੁਝ ਜਾਵੇ। ਨਾਲੇ ਐਵੇਂ ਘੜੇ ਦੀਆਂ ਠੀਕਰੀਆਂ ਲੋਕਾਂ ਦੇ ਪੈਰਾਂ ਨੂੰ ਵੱਜਣ, ਉਹ ਵੀ ਮੇਰੇ ਕਰਕੇ, ਮੈਂ ਨ੍ਹੀਂ ਚਾਹੁੰਦਾ। ਬਾਕੀ ਸਿਵਿਆਂ ਵਿੱਚ ਜਾ ਕੇ ਸਿੱਧਾ ਲੱਕੜਾਂ ਵਿੱਚ ਰੱਖਣਾ, ਐਵੇਂ ਨਾ ਮੇਰਾ ਮੂੰਹ ਦਿਖਾਉਂਦੇ ਰਹਿਣਾ। ਮੇਰਾ ਮੂੰਹ ਦੇਖ ਕੇ ਲੋਕ ਆਪਣੇ ਅੰਦਰ ਜ਼ਹਿਰ ਈ ਘੋਲਣਗੇ। ਬਾਕੀ ਮੇਰੀ ਛਾਤੀ ’ਤੇ ਘਿਉ ਪਾਉਣ ਦੀ ਲੋੜ ਨਹੀਂ ਕਿਉਂਕਿ ਬਹੁਤ ਮਹਿੰਗਾ ਹੈ। ਅੱਜਕੱਲ੍ਹ ਜਿਉਂਦੇ ਜੀਅ ਤਾਂ ਮਸਾਂ ਦਸੌਰੀ ਖਾਣ ਨੂੰ ਮਿਲਦਾ ਏ, ਮਰਿਆਂ ’ਤੇ ਐਵੇਂ ਦੇਸੀ ਡੋਲੀ ਜਾਨੇ ਓ। ਨਾਲੇ ਛਾਤੀ ’ਤੇ ਚੰਦਨ ਵਾਲਾ ਚੂਰਾ ਜਿਹਾ ਪਾਉਣ ਦੀ ਕੋਈ ਲੋੜ ਨਹੀਂ। ਸਾਰੀ ਜ਼ਿੰਦਗੀ ਪਾਥੀਆਂ ਤੇ ਛਟੀਆਂ ਦੀ ਅੱਗ ਨਾਲ ਘੁਲਦੇ ਰਹੇ। ਆਹ ਮੂੰਹ ’ਚ ਰੁਪਈਆ ਪਾਉਣ ਦੀ ਕੋਈ ਲੋੜ ਨਹੀਂ। ਸਾਰੀ ਜ਼ਿੰਦਗੀ ਮੇਰੀ ਜੇਬ ਵਿੱਚ ਤਾਂ ਪੰਜੀ ਨਾ ਟਿਕੀ...। ਕਿਹੜਾ ਅਗਾਂਹ ਉੱਥੇ ਯਮਰਾਜ ਨੇ ਹੱਟ ਖੋਲ੍ਹ ਰੱਖੀ ਏ, ਬਈ ਮੈਂ ਸੰਤਰੇ ਵਾਲੀਆਂ ਗੋਲੀਆਂ ਲੈ ਲਊਂ ਜਾਂ ਮਰੂੰਡੇ। ਇੱਥੇ ਰੱਬ ਨੂੰ ਧਿਆਉਣ ਦੀ ਵੀ ਕੋਈ ਲੋੜ ਨੀ ਹੈਗੀ। ਸਾਲਾਂ ਬਾਅਦ ਤਾਂ ਕਿਤੇ ਮੱਥਾ ਟੇਕਣ ਜਾਂਦਾ ਮੈਂ, ਉਹ ਵੀ ਖਾਲੀ ਹੱਥ।
ਅੱਛਾ ਹੁਣ ਇਉਂ ਕਰਿਓ, ਬਈ ਲੱਕੜਾਂ ’ਚ ਰੱਖਣ ਲੱਗਿਆਂ ਪੂਰਾ ਧਿਆਨ ਰੱਖਿਓ। ਹੱਥਾਂ ਪੈਰਾਂ ਵੱਲ ਲੱਕੜਾਂ ਭਾਵੇਂ ਘੱਟ ਹੋ ਜਾਣ ਕਿਉਂਕਿ ਹੱਡੀਆਂ ਤਾਂ ਸਮਝੋ ਘੁਣ ਖਾਧੀ ਲੱਕੜ ਵਾਂਗ ਹੋ ਰਹੀਆਂ ਨੇ, ਸ਼ਾਇਦ ਸੇਕ ਨਾਲ ਈ ਮੱਚ ਜਾਣ ਪਰ ਸਿਰ ਦਾ ਤੇ ਦਿਲ ਦਾ ਖਿਆਲ ਰੱਖਿਓ। ਇੱਥੇ ਸੁੱਕੀ ਅਤੇ ਮਜ਼ਬੂਤ ਲੱਕੜ ਲਾਓ, ਕਿਤੇ ਗਿੱਲੀ ਅਤੇ ਧੁਖਣ ਵਾਲੀ ਨਾ ਲਾ ਦੇਣਾ। ਧੁਖਦਿਆਂ ਤਾਂ ਸਾਰੀ ਜ਼ਿੰਦਗੀ ਹੋ ਗਈ ਏ ਮੈਨੂੰ, ਅੱਜ ਮੱਚਣ ਦਾ ਵਕਤ ਆਇਆ ਤਾਂ ਮੱਚ ਚੱਜ ਨਾਲ ਲੈਣ ਦਿਓ ਮੈਨੂੰ। ਐਸੀਆਂ ਲੱਕੜਾਂ ਲਾਓ ਕਿ ਮੇਰੇ ਦਿਲ ਅਤੇ ਸਿਰ ਵਿੱਚ ਜੰਮ ਕੇ ਬੈਠੀਆਂ ਪੀੜਾਂ, ਦਰਦ, ਚਿੰਤਾ, ਫ਼ਿਕਰ, ਨਫ਼ਰਤ, ਗੁੱਸਾ ਸਭ ਕੁਝ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਜਾਣ। ਨਾ ਜਾਣੀਏ ਕਿਤੇ ਸਵਾਹ ਕੱਚੀ ਰਹਿ ਜਾਵੇ ਅਤੇ ਉਹੀ ਸਵਾਹ ਹੱਥਾਂ ਨੂੰ ਲੱਗ ਮਾੜੀ ਮੋਟੀ ਕਿਸੇ ਦੇ ਅੰਦਰ ਚਲੀ ਜਾਵੇ ਅਤੇ ਉਹ ਮੇਰੇ ਵਰਗਾ ਬਣ ਜਾਵੇ, ਮੈਂ ਬਿਲਕੁਲ ਨਹੀਂ ਚਾਹੁੰਦਾ। ਅੱਗ ਲਾਉਣ ਲਈ ਹੋਕਾ ਦੇ ਦੇਣਾ, ਬਈ ਆ ਜਾਓ ਜਿਸ-ਜਿਸ ਨੂੰ ਕੋਈ ਗੁੱਸਾ ਹੈ ਅੱਜ ਵੇਲਾ ਹੈ ਕੱਢ ਓ। ਆ ਜਾਓ ਅੱਗ ਲਾ ਦਿਓ ਮਾਰ ਕੇ ਲਲਕਾਰਾ, ‘ਬਈ ਸਾੜ ਕੇ ਸਵਾਹ ਕਰ ਦਿਆਂਗੇ।’ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਣਾ, ਫੇਰ ਪਛਤਾਓਗੇ। ਅੱਗ ਉਨ੍ਹਾਂ ਤੋਂ ਲਗਵਾ ਲੈਣਾ ਤਾਂ ਜੋ ਸ਼ਾਇਦ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਵੇ। ਬਾਕੀ ਅੱਗ ਲਾਉਂਦਿਆਂ ਸਾਰ ਸਿਵਿਆਂ ਵਿੱਚੋਂ ਚਲੇ ਜਾਣਾ, ਐਵੇਂ ਮੋਬਾਈਲਾਂ ਦੀਆਂ ਘੰਟੀਆਂ ਸ਼ੋਰ ਮਚਾਉਣਗੀਆਂ। ਵੰਨ-ਸੁਵੰਨੇ ਗੀਤਾਂ ਦੀਆਂ ਟੋਨਾਂ ਵੱਜਣਗੀਆਂ। ਖੂੰਜਿਆਂ ਵੱਲ ਜਾ-ਜਾ ਹੱਸ-ਹੱਸ ਗੱਲਾਂ ਕਰਨਗੇ। ਲੋਕ ਵੀ ਕੀ ਕਰਨ, ਜ਼ਿੰਦਗੀ ਇੰਨੀ ਕੁ ਝਮੇਲਿਆਂ ਵਿੱਚ ਉਲਝ ਕੇ ਰਹਿ ਗਈ ਕਿ ਸਿਵਿਆਂ ਵਿੱਚ ਆ ਕੇ ਵੀ ਆਰਾਮ ਨਹੀਂ। ਸੋ ਬਾਹਰ ਜਾ ਕੇ ਮੋਬਾਈਲ ਸੁਣ ਲੈਣਾ ਤਾਂ ਜੋ ਮਰ ਚੁੱਕਿਆਂ ਨੂੰ ਤਾਂ ਸ਼ਾਂਤੀ ਮਿਲੇ। ਕੁਝ ਘੰਟਿਆਂ ਬਾਅਦ ਇੱਕ ਦੋ ਜਾਣੇ ਆ ਕੇ ਗੇੜਾ ਮਾਰ ਜਾਣਾ ਤਾਂ ਜੋ ਵੇਖ ਸਕੋ ਕਿ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਹੈ? ਉਸ ਤੋਂ ਬਾਅਦ ਜਿਸ ਦਿਨ ਵੀ ਸਮਾਂ ਲੱਗੇ ਆ ਕੇ ਮੇਰੀ ਸਵਾਹ ਅਤੇ ਹੱਡੀਆਂ ਕੱਠੀਆਂ ਕਰ ਕੇ ਸਿਵਿਆਂ ਦੇ ਕਿਸੇ ਖੂੰਜੇ ਵਿੱਚ ਦੱਬ ਦੇਣਾ। ਵੇਖਿਓ ਕਿਤੇ ਫੁੱਲ ਕਹਿ ਕੇ ਕਿਸੇ ਦੂਰ ਨੇੜੇ ਜਲ ਪ੍ਰਵਾਹ ਕਰਨ ਦੀ ਖੇਚਲਾ ਨਾ ਕਰ ਬੈਠਿਓ। ਕਿਤੇ ਗਤੀ ਦੇ ਚੱਕਰਾਂ ਵਿੱਚ ਨਾ ਪੈ ਜਾਣਾ। ਸਾਰੀ ਜ਼ਿੰਦਗੀ ਗਤੀ ਹੀ ਤਾਂ ਕੀਤੀ ਹੈ। ਹੁਣ ਮੈਥੋਂ ਹੋਰ ਗਤੀ ਨਹੀਂ ਜੇ ਹੋਣੀ। ਹੁਣ ਮੈਂ ਉੱਥੇ ਆਰਾਮ ਨਾਲ ਸੌਵਾਂਗਾ। ਰੱਬ ਦੇ ਵਾਸਤੇ ਮੈਨੂੰ ਬਖ਼ਸ਼ ਦਿਉ। ਬਾਕੀ ਤੁਹਾਨੂੰ ਡਰਨ ਦੀ ਲੋੜ ਨਹੀਂ, ਮੈਂ ਕਿਸੇ ਨੂੰ ਨਹੀਂ ਚਿੰਬੜਦਾ। ਵੱਡੇ ਮਹਾਰਾਜ ਦੀ ਸਹੁੰ, ਭਾਵੇਂ ਮੈਥੋਂ ਅੱਜ ਲਿਖਵਾ ਲਉ। ਬਾਕੀ ਮੈ ਨਹੀਂ ਚਾਹੁੰਦਾ ਕਿ ਮੇਰੀਆਂ ਹੱਡੀਆਂ ਨਾਲ ਸਾਫ਼ ਸੁਥਰਾ ਪਵਿੱਤਰ ਪੀਣ ਵਾਲਾ ਪਾਣੀ ਗੰਦਾ ਹੋਵੇ। ਜਿਉਂਦੇ ਜੀਅ ਸਾਰੀ ਜ਼ਿੰਦਗੀ ਇਹ ਮੇਰੇ ਗੰਦੇ ਸਰੀਰ ਨੂੰ ਸਾਫ਼ ਕਰਦਿਆਂ ਗੰਦਾ ਹੁੰਦਾ ਰਿਹਾ। ਹੁਣ ਮਰਨ ਤੋਂ ਬਾਅਦ ਤਾਂ ਨਾ ਗੰਦਾ ਕਰਾਂ। ਕਹਿੰਦੇ ਨੇ ‘ਜਲ ਮਿਲਿਆ ਪਰਮੇਸ਼ਰ ਮਿਲਿਆ’। ਫਿਰ ਭਲਾ ਮੈਂ ਪਰਮੇਸ਼ਰ ਨੂੰ ਮੈਲਾ ਕਰ ਕੇ ਕਿੱਥੋਂ ਸਵਰਗ ਪਾ ਲਵਾਂਗਾ? ਮੈਂ ਕਿਉਂ ਪਾਪਾਂ ਦਾ ਭਾਗੀ ਬਣਾਂ। ਸਾਰੀ ਜ਼ਿੰਦਗੀ ਪਾਪ ਹੀ ਤਾਂ ਇੱਕਠੇ ਕੀਤੇ ਨੇ, ਹੁਣ ਤੁਸੀਂ ਮੇਰੇ ਪਾਪਾਂ ਵਿੱਚ ਵਾਧਾ ਨਾ ਕਰਨਾ।
ਮੇਰੇ ਮਰਨ ਬਾਅਦ ਕਿਸੇ ਤਰ੍ਹਾਂ ਦਾ ਕੋਈ ਧਾਰਮਿਕ ਪ੍ਰੋਗਰਾਮ ਨਾ ਕਰਨਾ। ਨਰਕ ਸਵਰਗ ਵਾਲਾ ਲੇਖਾ ਜੋਖਾ ਮੈਂ ਆਪੇ ਯਮਰਾਜ ਨਾਲ ਕਰ ਲਵਾਂਗਾ। ਨਾਲੇ ਯਮਰਾਜ ਕੋਈ ਬਿਗਾਨਾ ਥੋੜ੍ਹੀ ਏ? ਆਪਣੇ ਵਿੱਚੋਂ ਹੀ ਕੋਈ ਚੁਣਿਆ ਗਿਆ ਹੋਣਾ। ਮੈਨੂੰ ਪੱਕਾ ਯਕੀਨ ਏ, ਜੇ ਸਾਰੀ ਦੁਨੀਆਂ ਦਾ ਯਮਰਾਜ ਇੱਕ ਹੈ ਤਾਂ ਪੱਕਾ ਭਾਰਤ ਦਾ ਹੋਵੇਗਾ। ਉਹ ਇਸ ਲਈ ਕਿਉਂਕਿ ਸਾਡੇ ਦੇਵਤੇ ਜ਼ਿਆਦਾ ਨੇ ਤਾਂ ਵੋਟ ਵੀ ਤਾਂ ਆਪਣੇ ਬੰਦੇ ਨੂੰ ਪਾਈ ਜਾਂਦੀ ਏ। ਭਾਵੇਂ ਬੰਦਾ ਕਿਹੋ ਜਿਹਾ ਹੋਵੇ। ਨਾਲੇ ਦੋ ਹੀ ਤਾਂ ਘਰ ਨੇ ਉੱਥੇ ਇੱਕ ਸਵਰਗ ਤੇ ਦੂਜਾ ਨਰਕ। ਬਾਕੀ ਮੈਂ ਸਵਰਗ ਲਈ ਪੂਰੀ ਕੋਸਿਸ਼ ਕਰਾਂਗਾ, ਉਸ ਲਈ ਮੈਨੂੰ ਚਾਹੇ ਕੋਈ ਵੀ ਤਰੀਕਾ ਵਰਤਣਾ ਪਵੇ। ਵੈਸੇ ਮੇਰੇ ਜ਼ਿਆਦਾ ਮੌਕੇ ਨਰਕ ਦੇ ਹੀ ਰਹਿਣਗੇ। ਰੱਬ ਰਾਖਾ।
ਸੰਪਰਕ: 94163-63622