ਹਿਟਲਰ ਮਗਰੋਂ ਨੇਤਨਯਾਹੂ ਸਭ ਤੋਂ ਵੱਡਾ ਅਤਿਵਾਦੀ: ਮਹਿਬੂਬਾ
ਸ੍ਰੀਨਗਰ, 30 ਸਤੰਬਰ
ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਅਡੋਲਫ ਹਿਟਲਰ ਮਗਰੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਭ ਤੋਂ ਵੱਡਾ ਅਤਿਵਾਦੀ ਹੈ, ਕਿਉਂਕਿ ਯਹੂਦੀ ਆਗੂ ਨੇ ਫਲਸਤੀਨ ਅਤੇ ਲਿਬਨਾਨ ਨੂੰ ਗੈਸ ਚੈਂਬਰ ਬਣਾ ਦਿੱਤਾ ਹੈ। ਮਹਿਬੂਬਾ ਨੇ ਹਿਜ਼ਬੁੱਲਾ ਆਗੂ ਹਸਨ ਨਸਰੱਲਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਲਿਬਨਾਨ ਅਤੇ ਫਲਸਤੀਨ ਦੇ ਲੋਕਾਂ ਦੀ ਹਮਾਇਤ ਲਈ ਚੋਣ ਪ੍ਰਚਾਰ ਇਕ ਦਿਨ ਲਈ ਰੋਕ ਦਿੱਤਾ ਸੀ। ਮਹਿਬੂਬਾ ਨੇ ਪੀਟੀਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ ਕਿਹਾ, ‘ਕੌਮਾਂਤਰੀ ਫ਼ੌਜਦਾਰੀ ਅਦਾਲਤ ਨੇ ਨੇਤਨਯਾਹੂ ਖ਼ਿਲਾਫ਼ ਫ਼ੈਸਲਾ ਸੁਣਾਇਆ ਹੈ। ਲਿਬਨਾਨ ’ਚ ਹਮਲਿਆਂ ਤੋਂ ਸਾਬਤ ਹੋ ਗਿਆ ਹੈ ਕਿ ਉਹ ਹਕੀਕਤ ’ਚ ਅਪਰਾਧੀ ਹੈ ਜਿਸ ਨੇ ਫਲਸਤੀਨ ’ਚ ਹਜ਼ਾਰਾਂ ਲੋਕ ਮਾਰੇ ਹਨ ਅਤੇ ਹੁਣ ਉਹ ਲਿਬਨਾਨ ’ਚ ਵੀ ਇਹੋ ਕੁਝ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਹਿਟਲਰ ਨੇ ਲੋਕਾਂ ਨੂੰ ਮਾਰਨ ਲਈ ਗੈਸ ਚੈਂਬਰ ਬਣਾਏ ਸਨ ਪਰ ਨੇਤਨਯਾਹੂ ਨੇ ਫਲਸਤੀਨ ਅਤੇ ਲਿਬਨਾਨ ਨੂੰ ਗੈਸ ਚੈਂਬਰ ਬਣਾ ਦਿੱਤਾ ਹੈ ਜਿਥੇ ਉਹ ਹਜ਼ਾਰਾਂ ਲੋਕਾਂ ਨੂੰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੇਤਨਯਾਹੂ ਹਕੂਮਤ ਨਾਲ ਸਬੰਧ ਬਣਾਉਣ ਦਾ ਫ਼ੈਸਲਾ ਗਲਤ ਹੈ। ‘ਅਸੀਂ ਮਹਾਤਮਾ ਗਾਂਧੀ ਦੇ ਸਮੇਂ ਤੋਂ ਫਲਸਤੀਨ ਨਾਲ ਖੜ੍ਹੇ ਰਹੇ ਹਾਂ। ਲੋਕਾਂ ਨੂੰ ਮਾਰਨ ਵਾਲੀ ਹਕੂਮਤ ਨਾਲ ਸਬੰਧ ਅਤੇ ਉਸ ਨੂੰ ਹਥਿਆਰ ਤੇ ਡਰੋਨ ਸਪਲਾਈ ਕਰਨਾ ਗਲਤ ਹੈ।’ ਨਸਰੱਲਾ ਨੂੰ ਸ਼ਹੀਦ ਆਖਣ ’ਤੇ ਭਾਜਪਾ ਵੱਲੋਂ ਆਲੋਚਨਾ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਭਗਵਾ ਪਾਰਟੀ ਨੂੰ ਹੱਤਿਆ ਖ਼ਿਲਾਫ਼ ਦੇਸ਼ ’ਚ ਹੋ ਰਹੇ ਰੋਸ ਪ੍ਰਦਰਸ਼ਨਾਂ ਵੱਲ ਦੇਖਣਾ ਚਾਹੀਦਾ ਹੈ। -ਪੀਟੀਆਈ