ਚੀਨ ਤੋਂ ਬਾਅਦ ਹੈਪੇਟਾਈਟਸ ਬੀ ਅਤੇ ਸੀ ਦੇ ਸਭ ਤੋਂ ਵੱਧ ਮਾਮਲੇ ਭਾਰਤ ’ਚ
ਜਨੇਵਾ, 10 ਅਪਰੈਲ
ਭਾਰਤ ਵਿੱਚ 2022 ’ਚ ਹੈਪੇਟਾਈਟਸ ਬੀ ਅਤੇ ਸੀ ਦੇ ਕੁੱਲ 3.50 ਕਰੋੜ ਮਾਮਲੇ ਸਾਹਮਣੇ ਆਏ ਸਨ। ਇਹ ਖੁਲਾਸਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ ਭਾਰਤ ਹੈਪੇਟਾਈਟਸ ਬੀ ਅਤੇ ਸੀ ਦੇ ਮਾਮਲਿਆਂ ਵਿੱਚ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਵਿਸ਼ਵ ਹੈਪੇਟਾਈਟਸ ਸੰਮੇਲਨ ’ਚ ਡਬਲਿਊਐੱਚਓ ਵੱਲੋਂ ਪੇਸ਼ ਕੀਤੀ ਗਈ ਗਲੋਬਲ ਹੈਪੇਟਾਈਟਸ ਰਿਪੋਰਟ-2024 ਮੁਤਾਬਕ 2022 ਵਿੱਚ ਦੁਨੀਆ ਭਰ ’ਚ 25.40 ਕਰੋੜ ਵਿਅਕਤੀ ਹੈਪੇਟਾਈਟਸ ਬੀ ਤੋਂ ਪੀੜਤ ਸਨ ਜਦੋਂ ਕਿ ਹੈਪੇਟਾਈਟਸ ਸੀ ਤੋਂ ਪੀੜਤ ਲੋਕਾਂ ਦੀ ਗਿਣਤੀ 5 ਕਰੋੜ ਰਹੀ। ਅੰਕੜਿਆਂ ਮੁਤਾਬਕ ਭਾਰਤ ਵਿੱਚ 2022 ’ਚ ਹੈਪੇਟਾਈਟਸ ਬੀ ਦੇ 2.98 ਕਰੋੜ ਮਾਮਲੇ ਸਾਹਮਣੇ ਆਏ ਜਦੋਂ ਕਿ ਹੈਪੇਟਾਈਟਸ ਸੀ ਨਾਲ ਪੀੜਤ ਲੋਕਾਂ ਦੀ ਗਿਣਤੀ 55 ਲੱਖ ਰਹੀ। ਚੀਨ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਕੇਸਾਂ ਦੀ ਕੁੱਲ ਗਿਣਤੀ 8.3 ਕਰੋੜ ਸੀ ਜੋ ਦੁਨੀਆ ਭਰ ਵਿੱਚ ਦਰਜ ਕੀਤੇ ਗਏ ਕੁੱਲ ਕੇਸਾਂ ਦਾ 27.5 ਫੀਸਦ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਕੁੱਲ 3.5 ਕਰੋੜ ਮਾਮਲੇ ਸਾਹਮਣੇ ਆਏ ਜੋ ਵਿਸ਼ਵ ਭਰ ਵਿੱਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਦਾ 11.6 ਫੀਸਦ ਹੈ। ਰਿਪੋਰਟ ਵਿੱਚ ਕਿਹਾ ਕਿ ਦੁਨੀਆ ’ਚ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੁਨੀਆ ਭਰ ਵਿੱਚ ਹੈਪੇਟਾਈਟਸ ਕਾਰਨ ਹਰ ਸਾਲ ਲਗਪਗ 13 ਲੱਖ ਮੌਤਾਂ ਹੁੰਦੀਆਂ ਹਨ। ਦੁਨੀਆ ਦੇ 187 ਦੇਸ਼ਾਂ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹੈਪੇਟਾਈਟਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿੱਚ 11 ਲੱਖ ਤੋਂ ਵੱਧ ਕੇ 2022 ’ਚ 13 ਲੱਖ ਹੋ ਗਈ। -ਪੀਟੀਆਈ