ਪਾਕਿਸਤਾਨ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਮਗਰੋਂ ਜਥਾ ਵਤਨ ਪਰਤਿਆ
ਪੱਤਰ ਪ੍ਰੇਰਕ
ਅਟਾਰੀ, 17 ਜੂਨ
ਗੁਰੂੁ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਮਨਾਉਣ ਮਗਰੋਂ ਸਿੱਖ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਿਆ। ਇਸ ਮੌਕੇ ਦਰਸ਼ਨ ਸਿੰਘ ਰੋਸ਼ਨਵਾਲਾ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸੰਗਤ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਇਆ। ਉਨ੍ਹਾਂ ਦੱਸਿਆ ਕਿ ਮਗਰੋਂ ਉਥੇ ਸੰਗਤ ਨੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੰਗਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਆਦਿ ਗੁਰਧਾਮਾਂ ਦੇ ਦਰਸ਼ਨ ਕੀਤੇ।
ਪਾਕਿਸਤਾਨ ਤੋਂ ਦੋ ਹਿੰਦੂ ਜਥੇ ਭਾਰਤ ਪੁੱਜੇ
ਅਟਾਰੀ (ਪੱਤਰ ਪ੍ਰੇਰਕ): ਭਾਰਤ ਸਥਿਤ ਗੁਰਧਾਮਾਂ ਅਤੇ ਹਿੰਦੂ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਲਈ ਅੱਜ ਪਾਕਿਸਤਾਨ ਤੋਂ ਦੋ ਹਿੰਦੂ ਜਥੇ ਭਾਰਤ ਪੁੱਜੇ। ਦੋਵਾਂ ਜਥਿਆਂ ਦੀ ਅਗਵਾਈ ਮੂਲਚੰਦ ਅਤੇ ਹਿੰਮਤ ਸਿੰਘ ਕਰ ਰਹੇ ਹਨ। ਜਥਿਆਂ ਵਿੱਚ 63 ਸ਼ਰਧਾਲੂ ਸ਼ਾਮਲ ਹਨ। ਜਥੇ ਦੇ ਆਗੂਆਂ ਨੇ ਦੱਸਿਆ ਕਿ ਜਥੇ ਭਾਰਤ ਦੀ ਯਾਤਰਾ ਦੌਰਾਨ ਅੰਮ੍ਰਿਤਸਰ, ਦਿੱਲੀ ਅਤੇ ਹਰਿਦੁਆਰ ਸਥਿਤ ਗੁਰਧਾਮਾਂ ਅਤੇ ਹਿੰਦੂ ਤੀਰਥ ਅਸਥਾਨਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਅੰਮ੍ਰਿਤਸਰ ਸਥਿਤ ਗੁਰਧਾਮਾਂ ਤੇ ਮੰਦਰਾਂ ਦੇ ਦਰਸ਼ਨ ਕੀਤੇ ਜਾਣਗੇ।