ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੇਖਰ ਕਪੂਰ 40 ਸਾਲਾਂ ਬਾਅਦ ਫਿਰ ਬਣਾਉਣਗੇ ‘ਮਾਸੂਮ...’

11:37 AM Apr 20, 2024 IST
ਸ਼ੇਖਰ ਕਪੂਰ ਆਪਣੀ ਧੀ ਕਾਵੇਰੀ ਨਾਲ

ਗੁਰਨਾਜ਼ ਕੌਰ

‘ਕਲਾਸਿਕ’ ਦਾ ਦਰਜਾ ਹਾਸਲ ਕਰਨ ਵਾਲੀ ਬੇਹੱਦ ਸਰਾਹੀ ਗਈ ਫਿਲਮ ‘ਮਾਸੂਮ’ ਬਣਾਉਣ ਤੋਂ 40 ਸਾਲਾਂ ਬਾਅਦ, ਉੱਘੇ ਫਿਲਮਸਾਜ਼ ਸ਼ੇਖਰ ਕਪੂਰ ਹੁਣ ਆਪਣੀ ਧੀ ਕਾਵੇਰੀ ਨੂੰ ਲੈ ਕੇ ਦੁਬਾਰਾ ਨਵੀਂ ਪੀੜ੍ਹੀ ਲਈ ‘ਮਾਸੂਮ... ਦਿ ਨੈਕਸਟ ਜੈੱਨਰੇਸ਼ਨ’ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸ਼ੇਖਰ ਕਪੂਰ ਨੇ ਆਪਣਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ...

Advertisement

ਸਿਨੇਮਾ ਦੀ ਦੁਨੀਆ ’ਚ ਨਵੀਆਂ ਪੈੜਾਂ ਪਾਉਣ ਵਾਲੇ ਸ਼ੇਖਰ ਕਪੂਰ ਆਪਣੀਆਂ ਲੀਕ ਤੋਂ ਹਟਵੀਆਂ ਕਹਾਣੀਆਂ ਤੇ ਕਲਾਤਮਕ ਦਲੇਰੀ ਲਈ ਜਾਣੇ ਜਾਂਦੇ ਹਨ।
‘ਮਾਸੂਮ’, ‘ਮਿਸਟਰ ਇੰਡੀਆ’ ਤੇ ਜੀਵਨੀ ਆਧਾਰਿਤ ‘ਬੈਂਡਿਟ ਕੁਈਨ’ ਜਿਹੀਆਂ ਪ੍ਰਭਾਵਸ਼ਾਲੀ ਤੇ ਵੱਖ-ਵੱਖ ਵਿਧਾਵਾਂ ਦੀਆਂ ਫਿਲਮਾਂ ਉਨ੍ਹਾਂ ਦੇ ਹਿੱਸੇ ਆਈਆਂ ਹਨ। ਹੌਲੀਵੁੱਡ ’ਚ ਵੀ ਉਨ੍ਹਾਂ ਦੀ ਪਾਰੀ ਬਰਾਬਰ ਸ਼ਾਨਦਾਰ ਰਹੀ...ਇਨ੍ਹਾਂ ’ਚ ਕੇਟ ਬਲੈਂਸ਼ੇਟ ਦੀ ਮੁੱਖ ਭੂਮਿਕਾ ਵਾਲੀ ਆਸਕਰ ਜੇਤੂ ‘ਐਲਿਜ਼ਾਬੈੱਥ’, ਹੀਥ ਲੈਜਰ ਦੀ ‘ਦਿ ਫੋਰ ਫੈਦਰਜ਼’ ਅਤੇ ਹਾਲੀਆ ਰੁਮਾਂਟਿਕ-ਕਾਮੇਡੀ ‘ਵ੍ਹਟ’ਸ ਲਵ ਗੌਟ ਟੂ ਡੂ ਵਿਦ ਇਟ’ ਜਿਹੀਆਂ ਫਿਲਮਾਂ ਸ਼ਾਮਲ ਹਨ।
ਇਸ ਲਈ, ਜਦੋਂ ਸ਼ੇਖਰ ਕਪੂਰ ਗੱਲਬਾਤ ਆਰੰਭਦੇ ਹਨ ਤਾਂ ਇਕ ਗੱਲ ਪੱਕੀ ਹੁੰਦੀ ਹੈ ਕਿ ਉਹ ਬੇਝਿਜਕ ਆਪਣੀ ਰਾਇ ਰੱਖਣਗੇ ਤੇ ਫਲਸਫ਼ੇ ਦੀ ਗੱਲ ਵੀ ਕਰਨਗੇ। ਸਾਡੇ ਨਾਲ ਗੱਲਬਾਤ ’ਚ ਉਨ੍ਹਾਂ ਆਪਣੇ ਲੰਮੇ ਸਫ਼ਰ ਦੇ ਕੁਝ ਤਜਰਬੇ ਸਾਂਝੇ ਕੀਤੇ, ਜਿਸ ’ਚ ਸਿਨੇਮਾ ਦੇ ਆਦਰਸ਼ ਮਾਪਦੰਡਾਂ ਨੂੰ ਚੁਣੌਤੀ ਦੇਣ ਤੋਂ ਲੈ ਕੇ ਇੱਕ ਪਿਤਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੱਕ ਦਾ ਸਾਰ ਸ਼ਾਮਲ ਹੈ।
ਨਿਰਦੇਸ਼ਨ ਤੋਂ ਮਿਲੇ ਸਬਕ
ਆਪਣੇ ਫਿਲਮੀ ਕਰੀਅਰ ਨੂੰ ਵਿਚਾਰਦਿਆਂ ਸ਼ੇਖਰ ਕਪੂਰ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਕੰਮ ਨੂੰ ਓਨੀ ਮਾਨਤਾ ਨਹੀਂ ਮਿਲੀ, ਜਿੰਨੀ ਮਿਲਣੀ ਚਾਹੀਦੀ ਸੀ। ‘‘ਬੈਂਡਿਟ ਕੁਈਨ’ ਤੋਂ ਬਾਅਦ ਮੈਂ ਭਾਰਤ ’ਚ ਕਈ ਪ੍ਰਾਜੈਕਟਾਂ ’ਤੇ ਕੰਮ ਕੀਤਾ ਪਰ ਇਸ ਦੇ ਬਾਵਜੂਦ ਮੇਰੇ ਬਹੁਤੇ ਕੰਮ ਦੀ ਪਛਾਣ ਨਹੀਂ ਬਣ ਸਕੀ। ਮੈਂ ਬਾਹਰ ਵੀ ਕੰਮ ਕਰ ਰਿਹਾ ਸੀ। ਲੋਕ ਮੇਰੇ ਵੱਲੋਂ ਕੀਤੇ ਅੱਧੇ ਕੰਮ ਨੂੰ ਵੀ ਨਹੀਂ ਜਾਣਦੇ। ਉਨ੍ਹਾਂ ਨੂੰ ਮੇਰੇ ਟੀਵੀ ਸੀਰੀਜ਼ ਬਾਰੇ ਨਹੀਂ ਪਤਾ, ਨਾ ਹੀ ਉਹ ਇਹ ਜਾਣਦੇ ਹਨ ਕਿ ਮੈਂ ਐੱਮਆਈਟੀ ’ਚ ਪੜ੍ਹਾਇਆ ਹੈ। ਪੂਰੀ ਦੁਨੀਆ ਦੇ ਸੰਗੀਤਕ ਥੀਏਟਰਾਂ ’ਚ ਮੇਰੇ ਵੱਲੋਂ ਕੀਤੇ ਥੀਏਟਰ ਦੇ ਕਾਰਜਾਂ ਬਾਰੇ ਵੀ ਉਹ ਨਹੀਂ ਜਾਣਦੇ।’’ ਉਨ੍ਹਾਂ ਜ਼ੋਰ ਦਿੱਤਾ ਕਿ ਇਨਸਾਨ ਨੂੰ ਖ਼ੁਦ ਹੀ ਆਪਣੇ ’ਤੇ ਥੋਪੇ ਬੰਧਨਾਂ ਤੋਂ ਮੁਕਤ ਹੋਣ ਦੀ ਲੋੜ ਹੈ ਤੇ ਆਲਮੀ ਪੱਧਰ ’ਤੇ ਮੁਕਾਬਲੇ ਲਈ ਵੱਡੇ ਖ਼ੁਆਬ ਦੇਖਣੇ ਪੈਣਗੇ।
ਬਦਲਾਅ ਦੀ ਲੋੜ
ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੁਆਚੀ ਕੜੀ ਕਿਹੜੀ ਹੈ? ‘‘ਕੁਝ ਚੀਜ਼ਾਂ ਭਾਰਤ ’ਚ ਨਹੀਂ ਹੋ ਰਹੀਆਂ। ਅਸੀਂ ਫਿਲਮ ਦੇ ਮਿਆਰ ਬਾਰੇ ਗੱਲ ਨਹੀਂ ਕਰਦੇ, ਸਿਰਫ਼ ਬਾਕਸ-ਆਫਿਸ ਦੀ ਕਮਾਈ ਪਿੱਛੇ ਭੱਜਦੇ ਹਾਂ। ਸਾਡੇ ਕੋਲ ਪ੍ਰਤਿਭਾ ਹੈ, ਸਾਡੇ ਅਦਾਕਾਰ ਵਧੀਆ ਹਨ, ਤਕਨੀਸ਼ੀਅਨ ਵੀ ਚੰਗੇ ਹਨ ਪਰ ਸਾਡੇ ਟੀਚੇ ਵੱਡੇ ਨਹੀਂ ਹਨ, ਇਹੀ ਸਮੱਸਿਆ ਹੈ।’’
ਵੱਡਾ ਫ਼ੈਸਲਾ
‘ਬੈਂਡਿਟ ਕੁਈਨ’ ਤੋਂ ਬਾਅਦ ਆਪਣੇ ਉਸ ਅਹਿਮ ਕਦਮ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, ‘‘ਵਿਦੇਸ਼ ਜਾਣ ਜਾਂ ਭਾਰਤ ਵਿੱਚ ਹੀ ਕੰਮ ਜਾਰੀ ਰੱਖਣ ਦਾ ਫ਼ੈਸਲਾ ਬਹੁਤ ਵੱਡਾ ਸੀ। ‘ਐਲਿਜ਼ਾਬੈੱਥ’ ਮਿਲਣ ਤੋਂ ਪਹਿਲਾਂ ਮੇਰੇ ਕੋਲ ਪੈਸੇ ਮੁੱਕ ਚੁੱਕੇ ਸਨ, ਮੈਂ ਲੋਕਾਂ ਦੇ ਸੋਫੇ ’ਤੇ ਸੌਂ ਰਿਹਾ ਸੀ, ਲਾਸ ਏਂਜਲਸ ’ਚ ਕਿਤੇ ਜਾਣ ਲਈ ਮੈਨੂੰ ਲੋਕਾਂ ਦੇ ਤਰਲੇ ਕਰਨੇ ਪੈਂਦੇ ਸਨ।’’
ਪਿਤਾ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ
ਜ਼ਿੰਮੇਵਾਰੀ ਦੀਆਂ ਰਵਾਇਤੀ ਕਦਰਾਂ-ਕੀਮਤਾਂ ਨਾਲ ਜੁੜੇ ਕਪੂਰ ਜਿੱਥੇ ਸਹਿਜ-ਸੁਭਾਅ ਹੀ ਆਪਣੀ ਧੀ ਦੀ ਸੁਰੱਖਿਆ ਦਾ ਬਹੁਤ ਖ਼ਿਆਲ ਕਰਦੇ ਹਨ, ਉੱਥੇ ਉਹ ਨਾਲ ਹੀ ਉਸ ਦੀ ਆਜ਼ਾਦੀ ਤੇ ਇੱਛਾਵਾਂ ਨੂੰ ਵੀ ਪੂਰੀ ਮਾਨਤਾ ਦਿੰਦੇ ਹਨ। ‘‘ਕਾਵੇਰੀ ਮੇਰੀ ਧੀ ਹੈ, ਤੇ ਇੱਕ ਪੰਜਾਬੀ ਵਿਹਾਰ ਹੈ ਜਿਵੇਂ ਕਈ ਕਹਿੰਦੇ ਹਨ, ‘ਉਸ ਨੂੰ ਹੁਣ ਸੈਟਲ ਕਰ ਦਿਓ।’’ ਮੈਂ ਸਿਰਫ਼ ਉਸ ਨੂੰ ਜ਼ਿੰੰਦਗੀ ਵਿੱਚ ਚੰਗਾ ਕਰਦਿਆਂ ਦੇਖਣਾ ਚਾਹੁੰਦਾ ਹਾਂ।’’
ਕਾਵੇਰੀ ਦਾ ਮੂਲ ਭਾਵ
ਪਰਿਵਾਰ ਤੇ ਫਿਲਮ ਨਿਰਮਾਣ ਦੀ ਚਰਚਾ ਵਿਚਾਲੇ ਕਪੂਰ ਆਪਣੀ ਧੀ ਕਾਵੇਰੀ ਦੇ ਸੁਭਾਅ ’ਤੇ ਰੌਸ਼ਨੀ ਪਾਉਂਦਿਆਂ ਮਾਣ ਨਾਲ ਕਹਿੰਦੇ ਹਨ, ‘‘ਉਸ ਦੀ ਅਧਿਆਤਮਕਤਾ ਉਸ ਦੀ ਸਭ ਤੋਂ ਜ਼ਿਕਰਯੋਗ ਖਾਸੀਅਤ ਹੈ।’’ ਕਾਵੇਰੀ ਦੀ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ਦੀ ਕਪੂਰ ਪ੍ਰਸ਼ੰਸਾ ਕਰਦੇ ਹਨ। ‘‘ਕਾਵੇਰੀ ਹੋਂਦ ਦੀ ਵਿਸ਼ਾਲਤਾ ਨੂੰ ਗਲ਼ ਲਾ ਕੇ, ਮੇਰੇ ਆਪਣੇ ਵਿਸ਼ਵਾਸਾਂ ਤੇ ਚਰਚਾਵਾਂ ਨੂੰ ਦੁਹਰਾ ਕੇ ਚੁਣੌਤੀਆਂ ਨਾਲ ਨਜਿੱਠਦੀ ਹੈ।’’
ਕਾਵੇਰੀ ਫਿਲਮ ‘ਮੌਸਮ...ਦਿ ਨੈਕਸਟ ਜੈੱਨਰੇਸ਼ਨ’ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਨਿਰਦੇਸ਼ਨ ਵਿੱਚ ਕੰਮ ਕਰਨ ਲਈ ਬਹੁਤ ਉਤਸੁਕ ਹੈ ਕਿਉਂਕਿ ਉਨ੍ਹਾਂ ਨੂੰ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਨਾਲ ਸਮਝ ਹੈੇ।
ਸੰਘਰਸ਼ਾਂ ਵਿਚਾਲੇ ਅਧਿਆਤਮਕਤਾ
ਸੰਘਰਸ਼ਾਂ ਦਰਮਿਆਨ ਅਧਿਆਤਮਕਤਾ ਬਾਰੇ ਸਵਾਲ ਦਾ ਜਵਾਬ ਕਪੂਰ ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਦਿੰਦੇ ਹਨ, ‘‘ਮਾਨਵੀ ਸੰਘਰਸ਼ਾਂ ਨੂੰ ਮੈਂ ਬਸ ਇੱਕ ਅਟੱਲ ਬੋਝ ਸਮਝਦਾ ਹਾਂ, ਫੇਰ ਵੀ ਵਿਅਕਤੀਗਤ ਵਿਹਾਰ ਦੀ ਇਸ ’ਚ ਅਹਿਮ ਭੂਮਿਕਾ ਹੈ।’’ ਨਿੱਜਤਾ ਤੇ ਆਤਮ-ਵਿਸ਼ਲੇਸ਼ਣ ’ਤੇ ਜ਼ੋਰ ਦਿੰਦਿਆਂ ਕਪੂਰ ਕਹਿੰਦੇ ਹਨ ਕਿ ਹੋਂਦ ਦੀਆਂ ਗੁੰਝਲਾਂ ਤੋਂ ਪਰ੍ਹੇ, ‘‘ਅਧਿਆਤਮ ਦੀ ਖੋਜ ਹੈ, ਜਿੱਥੇ ਵਿਅਕਤੀ ਆਪਣੇ ਅਸਲ ਨੂੰ ਪਛਾਣਦਾ ਹੈ।’’
ਓਟੀਟੀ ਦੇ ਦੌਰ ’ਚ ਫਿਲਮ ਨਿਰਮਾਣ
ਸਿਨੇਮਾ ਦੀ ਲਗਾਤਾਰ ਬਦਲ ਰਹੀ ਤਸਵੀਰ ਦੇ ਮੱਦੇਨਜ਼ਰ, ਕਪੂਰ ਓਟੀਟੀ ਪਲੈਟਫਾਰਮਾਂ ਵੱਲੋਂ ਪੇਸ਼ ਚੁਣੌਤੀਆਂ ਦੀ ਗੱਲ ਕਰਦੇ ਹਨ। ‘‘ਦਿ ਫੈਮਿਲੀ ਮੈਨ’ ਵਰਗੀ ਸੀਰੀਜ਼ ਨੇ ਮਨੋਜ ਬਾਜਪਈ ਨੂੰ ਸਟਾਰਡਮ ਦਿੱਤਾ, ਉਸ ਦੇ ਬੇਮਿਸਾਲ ਅਭਿਨੈ ਨੂੰ ਪ੍ਰਦਰਸ਼ਨ ਲਈ ਮੰਚ ਮਿਲਿਆ। ਇਸ ਤਰ੍ਹਾਂ ਦੀਆਂ ਕਈ ਹੋਰ ਉਦਾਹਰਨਾਂ ਵੀ ਹਨ। ਹਾਲਾਂਕਿ, ਫਿਲਮਾਂ ਬਣਾਉਣ ਵਾਲਿਆਂ ’ਚ ਇਸ ਗੱਲ ਦੀ ਚਿੰਤਾ ਹੈ ਕਿ ਓਟੀਟੀ ਪਲੈਟਫਾਰਮਾਂ ਦੇ ਮੁਖੀ ਨਿਰਦੇਸ਼ਨ ’ਤੇ ਕੰਟਰੋਲ ਕਰ ਰਹੇ ਹਨ, ਜੋ ਕਿ ਫਿਲਮ ਨਿਰਮਾਣ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਦਾ ਹੈ। ਜਦ ਫਿਲਮ ਨਿਰਮਾਣ ’ਚ ਬਿਲਕੁਲ ਤਜਰਬਾ ਨਾ ਰੱਖਣ ਵਾਲੇ ਕਲਾਤਮਕ ਫ਼ੈਸਲਿਆਂ ਵਿੱਚ ਦਖਲ ਦਿੰਦੇ ਹਨ ਤਾਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ।’’ ਉਨ੍ਹਾਂ ਕਿਹਾ, ‘‘ਮਾਸੂਮ’ ਲਈ, ਮੇਰੇ ਕੋਲ ਫਿਲਮ ਨਿਰਮਾਣ ਦਾ ਕੋਈ ਤਜਰਬਾ ਜਾਂ ਸਿੱਖਿਆ ਨਹੀਂ ਸੀ। ਨਾ ਹੀ ਸਾਧਨ ਸਨ, ਮੈਂ ਆਪਣੇ ਪੱਧਰ ’ਤੇ ਫਿਲਮ ਨੂੰ ਬੁਣਿਆ, ਸਿਰਫ਼ ਸੰਗੀਤ ਬਾਰੇ ਮੈਨੂੰ ਨਿਰਮਾਤਾ ਤੋਂ ਭਰੋਸਾ ਮਿਲਿਆ ਸੀ।’’
ਸੰਭਾਵਨਾਵਾਂ ਦੀ ਦੁਨੀਆ
ਚਾਲੀ ਸਾਲਾਂ ਬਾਅਦ, ਸ਼ੇਖਰ ਕਪੂਰ ਆਪਣੀ ਪਹਿਲੀ ਫਿਲਮ ਨੂੰ ਅੱਗੇ ਤੋਰਨ ਲਈ ਤਿਆਰ ਹਨ ਤੇ ਇਸ ਵਿਚ ਕਾਵੇਰੀ ਅਦਾਕਾਰੀ ਕਰੇਗੀ। ‘ਮਾਸੂਮ...ਦਿ ਨੈਕਸਟ ਜੈੱਨਰੇਸ਼ਨ’ ਅਸਲ ’ਚ ਕਾਵੇਰੀ ਤੇ ਉਸ ਵਰਗੇ ਉਨ੍ਹਾਂ ਹੋਰਨਾਂ ਨੌਜਵਾਨਾਂ ਦੁਆਲੇ ਵਾਪਰੀਆਂ ਘਟਨਾਵਾਂ ’ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਆਪਣੇ ਮਾਪਿਆਂ ਦੇ ਮੁਕਾਬਲੇ ਦਾਦੇ-ਦਾਦੀਆਂ, ਨਾਨੇ-ਨਾਨੀਆਂ ਨਾਲ ਮੋਹ ਪਾਲਣਾ ਵੱਧ ਸੌਖਾ ਲੱਗਦਾ ਹੈ। ‘‘ਇਹ ਉਦੋਂ ਦੀ ਗੱਲ ਹੈ ਜਦ ਮੇਰੀ ਬੇਟੀ ਨੇ ਬੇਚੈਨੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਤਦ ਮੈਂ 18 ਸਾਲਾਂ ਦੇ ਇੱਕ ਹੋਰ ਨੌਜਵਾਨ ਨੂੰ ਮਿਲਿਆ, ਜਿਸ ਨੇ ਆਪਣੀ ਦਾਦੀ ਨਾਲ ਆਪਣੇ ਰਿਸ਼ਤੇ ਬਾਰੇ ਡੂੰਘਾਈ ਤੋਂ ਗੱਲ ਕੀਤੀ। ਮੈਂ ਹੋਰਾਂ ਕਈ ਨੌਜਵਾਨਾਂ ਨੂੰ ਵੀ ਮਿਲਿਆ ਤੇ ਉਨ੍ਹਾਂ ਦੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਿਆਂ ਬਾਰੇ ਗਹਿਰਾਈ ’ਚ ਗੱਲਾਂ-ਬਾਤਾਂ ਕੀਤੀਆਂ। ਹੈਰਾਨੀਜਨਕ ਸੀ ਕਿ ਉਹ ਆਪਣੀ ਬੇਚੈਨੀ ਜਾਂ ਚਿੰਤਾ ਬਾਰੇ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਗੱਲ ਕਰਨਾ ਸੌਖਾ ਮੰਨਦੇ ਸਨ। ਮੇਰੀ ਬੇਟੀ ਕਾਵੇਰੀ ਨੂੰ ਮੈਂ ਉਸ ਦੇ ਆਪਣੇ ਫ਼ਿਕਰਾਂ ਤੋਂ ਉਪਰ ਉੱਠਦਿਆਂ ਅਤੇ ਇੱਕ ਸਵੈ-ਵਿਸ਼ਵਾਸ ਨਾਲ ਭਰੀ ਲੜਕੀ ਵਜੋਂ ਉੱਭਰਦਿਆਂ ਦੇਖਿਆ ਹੈ, ਜਿਸ ਤੋਂ ਉਤਸ਼ਾਹਿਤ ਹੋ ਕੇ ਮੈਂ ਉਸ ਨੂੰ ਇਸ ਰੋਲ ’ਚ ਲੈਣ ਦਾ ਫ਼ੈਸਲਾ ਕੀਤਾ।’’

Advertisement
Advertisement