ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਫਰੀਕਾ ਵਾਲੀ ਲਖੜਨਾਨੀ

05:47 AM Dec 08, 2024 IST
ਬੱਤੀ ਲੱਖ ਸਾਲ ਪੁਰਾਣਾ ਲੂਸੀ ਨਾਂ ਦੀ ਔਰਤ ਦਾ ਪਿੰਜਰ।

 

Advertisement

ਮਨਜੀਤ ਇੰਦਰ ਸਿੰਘ ਜੌਹਲ

ਟੋਰਾਂਟੋ ਤੋਂ ਉੱਡਿਆ ਹਵਾਈ ਜਹਾਜ਼ ਸਪੇਨ, ਇਟਲੀ, ਮਿਸਰ ਉੱਤੋਂ ਦੀ ਲੰਮਾ ਵਲ਼ ਪਾ ਕੇ ਮੱਧ ਪੂਰਬੀ ਅਫਰੀਕੀ ਸ਼ਹਿਰ ਅਦੀਸ ਅਬਾਬਾ ਵੱਲ ਵਧ ਰਿਹਾ ਸੀ। ਰਾਤ ਨੂੰ ਖਿੜਕੀ ਥਾਣੀ ਹੇਠਾਂ ਸੰਘਣੇ ਕਾਲ਼ੇ ਬੱਦਲਾਂ ਉੱਤੇ ਸੱਪਾਂ ਵਾਂਗ ਲਿਸ਼ਕਦੀਆਂ ਬਿਜਲੀਆਂ ਦਾ ਮੰਜ਼ਰ ਮੈਂ ਪਹਿਲੀ ਵਾਰ ਤੱਕਿਆ। ਇਹ ਬੱਦਲ ਹੀ ਹੇਠਾਂ ਮੋਹਲ਼ੇਧਾਰ ਮੀਂਹ ਸੁੱਟ ਰਹੇ ਸਨ। 15 ਘੰਟੇ ਦੀ ਲੰਮੀ ਸਟੇਅ ਮੈਂ ਜਾਣਬੁੱਝ ਕੇ ਚੁਣੀ ਸੀ ਤਾਂ ਕਿ ਇਥੋਪੀਆ ਦੀ ਰਾਜਧਾਨੀ ਨੂੰ ਫਿਰ ਤੁਰ ਕੇ ਵੇਖਿਆ ਜਾਵੇ। ਟੂਰ ਗਾਈਡ ਬਿਰੂਕ ਅਤੇ ਉਸ ਦਾ ਡਰਾਈਵਰ ਰੈਕਸ ਮੈਨੂੰ ਲੈਣ ਹੋਟਲ ਵਿੱਚ ਹੀ ਆ ਗਏ। ਅਮਹਾਰਿਕ ਭਾਸ਼ਾ ਵਿੱਚ ਅਦੀਸ ਅਬਾਬਾ ਦਾ ਮਤਲਬ ਹੈ ਨਵਾਂ ਫੁੱਲ। ਸ਼ਹਿਰ ਘੁੰਮਣ ਨਿਕਲੇ ਤਾਂ ਹਰ ਕੋਈ ਗਰਮ ਕਪੱੜੇ ਪਾਈ ਫਿਰਦਾ ਦਿਸਿਆ। ਪੁੱਛਣ ’ਤੇ ਪਤਾ ਲੱਗਿਆ ਕਿ ਇੱਥੇ ਸਿਆਲ ਦੀ ਰੁੱਤ ਚੱਲ ਰਹੀ ਸੀ ਜੋ ਜੁਲਾਈ ਅਗਸਤ ਵਿੱਚ ਹੁੰਦੀ ਹੈ ਅਤੇ ਗਰਮੀਆਂ ਦਸੰਬਰ ਤੋਂ ਫਰਵਰੀ ਦੌਰਾਨ। ਇਹ ਅਚੰਭੇ ਵਾਲੀ ਗੱਲ ਸੀ ਕਿਉਂਕਿ ਅਦੀਸ ਅਬਾਬਾ ਅਤੇ ਕੇਰਲਾ ਭੂ-ਮੱਧ ਰੇਖਾ ਤੋਂ ਇੱਕੋ ਜਿੰਨੀ ਦੂਰੀ ’ਤੇ ਉੱਤਰ ਵੱਲ ਹਨਠ ਪਰ ਰੁੱਤਾਂ ਉਲਟ! ਇਸ ਮੁਲਕ ਬਾਰੇ ਬਹੁਤ ਸਾਰੇ ਹੋਰ ਰੌਚਕ ਤੱਥ ਵੀ ਪਤਾ ਲੱਗੇ।
ਪਹਿਲਾਂ ਮੇਰੇ ਨਜ਼ਰੀਏ ਮੁਤਾਬਿਕ ਵੀ ਇਥੋਪੀਆ ਇੱਕ ਗ਼ਰੀਬ, ਪੱਛੜਿਆ ਅਤੇ ਭੁੱਖ ਨੰਗ ਨਾਲ ਝੰਬਿਆ ਅਫਰੀਕੀ ਮੁਲਕ ਸੀ, ਪਰ ਇੱਥੇ ਤਾਂ ਮਾਮਲਾ ਉਲਟ ਲੱਗਿਆ। ਹਰ ਪਾਸੇ ਉੱਚੀਆਂ, ਲਿਸ਼ਕਦੀਆਂ ਬਹੁਮੰਜ਼ਿਲਾ ਇਮਾਰਤਾਂ, ਸੁੰਦਰ ਹਰਿਆਈ ਅਤੇ ਚਮਚਮਾਉਂਦੀਆਂ ਕਾਰਾਂ ਵੇਖ ਮੈਨੂੰ ਟੋਰਾਂਟੋ ਦਾ ਹੀ ਭੁਲੇਖਾ ਪਈ ਜਾਵੇ। ਇੱਥੇ ਕਰੰਸੀ ਬਿਰ ਹੈ ਅਤੇ ਪੌਣੇ ਦੋ ਬਿਰ ਬਰਾਬਰ ਇੱਕ ਰਪਈਆ। ਲੋਕਾਂ ਦੇ ਨੈਣ ਨਕਸ਼ ਤਿੱਖੇ, ਰੰਗ ਕਣਕਵੰਨਾ ਪਰ ਲਿਸ਼ਕਦਾ ਅਤੇ ਵਾਲ਼ ਘੁੰਗਰਾਲ਼ੇ। ਆਬਾਦੀ ਸੱਤਰ ਫ਼ੀਸਦੀ ਇਸਾਈ ਜੀਹਦੇ ’ਚੋਂ ਤਕਰੀਬਨ 44 ਫ਼ੀਸਦੀ ਆਰਥੋਡਾਕਸ ਕ੍ਰਿਸਚਨ ਹਨ ਅਤੇ 31 ਫ਼ੀਸਦੀ ਮੁਸਲਮਾਨ। ਦਿਲਚਸਪ ਗੱਲ ਇਹ ਕਿ ਇੱਥੇ ਧਰਮ ਤਬਦੀਲੀ ਆਮ ਗੱਲ ਹੈ ਜਿਸ ’ਤੇ ਕੋਈ ਰੌਲਾ ਨਹੀਂ ਪੈਂਦਾ। ਹਫ਼ਤੇ ਦਾ ਹਰ ਦਿਨ ਕਿਸੇ ਇਸਾਈ ਮੱਤ ਦੇ ਸੰਤ ਨੂੰ ਸਮਰਪਿਤ ਹੁੰਦਾ ਹੈ। ਉਸ ਦਿਨ ਮੰਗਲਵਾਰ ਸੀ ਤੇ ਗਿਰਜਿਆਂ ਵਿੱਚ ਸੰਤ ਮੈਰੀ ਦੀ ਪੂਜਾ ਹੋ ਰਹੀ ਸੀ। ਸ਼ਰਧਾਲੂਆਂ ਵਿੱਚ ਵਧੇਰੇ ਔਰਤਾਂ ਜਿਨ੍ਹਾਂ ਨੇ ਚੁੰਨੀਆਂ ਜਾਂ ਚਾਦਰਾਂ ਲਈਆਂ ਹੋਈਆਂ। ਲੋਕ ਕਾਨੂੰਨ ਮੰਨਦੇ ਹਨ। ਇੱਥੋਂ ਤੱਕ ਕਿ ਬੱਸ ਚੜ੍ਹਨ ਵਾਸਤੇ ਵੀ ਲੰਮੀਆਂ ਕਤਾਰਾਂ ਵਿੱਚ ਹੀ ਖੜ੍ਹਦੇ ਹਨ। ਸੜਕਾਂ ’ਤੇ ਦੋਪਹੀਆ ਵਾਹਨ ਘੱਟ ਦਿਸ ਰਹੇ ਸਨ। ਇਸ ਬਾਰੇ ਗਾਈਡ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇੱਥੇ ਪ੍ਰਾਈਵੇਟ ਮੋਟਰਸਾਈਕਲ ਰੱਖਣ ਦੀ ਇਜਾਜ਼ਤ ਹੀ ਨਹੀਂ ਹੈ। ਜਿਹੜੇ ਵੀ ਸੜਕਾਂ ’ਤੇ ਫਿਰਦੇ ਨੇ, ਉਹ ਟੈਕਸੀਆਂ ਦੇ ਤੌਰ ’ਤੇ ਹੀ ਚੱਲਦੇ ਹਨ। ਇਹ ਕਾਨੂੰਨ ਇਸ ਲਈ ਬਣਾਇਆ ਗਿਆ ਕਿ ਮੋਟਰਸਾਈਕਲ ਵਰਤ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਹੋਣ ਲੱਗ ਪਈਆਂ ਸਨ। ਪੰਜਾਹ ਸਾਲ ਪਹਿਲਾਂ ਤੱਕ ਇਥੋਪੀਆ ਵਿੱਚ ਵੀ ਭਾਰਤ ਵਾਂਗ ਗੱਡੀਆਂ ਖੱਬੇ ਹੱਥ ਚੱਲਦੀਆਂ ਅਤੇ ਸਟੀਅਰਿੰਗ ਸੱਜੇ ਹੱਥ ਸਨ, ਪਰ ਫਿਰ ਇਹ ਨਿਜ਼ਾਮ ਉਲਟ ਕਰ ਦਿੱਤਾ ਗਿਆ ਅਮਰੀਕਾ ਵਾਂਗ। ਸ਼ਹਿਰ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਸੀ। ਜਿਹੋ ਜਿਹੀਆਂ ਦਿਲਕਸ਼ ਅਤੇ ਮਹਿੰਗੀਆਂ ਸਟਰੀਟ ਲਾਈਟਾਂ ਅਦੀਸ ਅਬਾਬਾ ਵਿੱਚ ਲੱਗ ਰਹੀਆਂ ਸਨ, ਮੈਂ ਹੋਰ ਕਿਸੇ ਮੁਲਕ ’ਚ ਨਹੀਂ ਵੇਖੀਆਂ। ਅਸੀਂ ਖ਼ਾਸ ਤੌਰ ’ਤੇ ਭੀੜ ਭੜੱਕੇ ਵਾਲੇ ਇੱਕ ਬਾਜ਼ਾਰ ਦਾ ਗੇੜਾ ਲਾਇਆ ਜਿਸ ਨੂੰ ਮਾਰਕੀਟੋ ਕਿਹਾ ਜਾਂਦਾ ਹੈ। ਇਸ ਵਿੱਚ ਨਿਰੀਆਂ ਹੀ ਪ੍ਰਚੂਨ ਤੇ ਥੋਕ ਦੀਆਂ ਦੁਕਾਨਾਂ, ਔਰਤਾਂ ਦੇ ਲੀੜੇ, ਪੰਸਾਰੀ ਦੀਆਂ ਦੁਕਾਨਾਂ, ਕੱਚੀ ਕੌਫੀ ਦੇ ਬੀਅ, ਕਬਾੜ ਦੀਆਂ ਦੁਕਾਨਾਂ ਜਿਸ ਵਿੱਚੋਂ ਲੋਕ ਪੁਰਾਣਾ ਕੰਮ ਦਾ ਸਾਮਾਨ ਖਰੀਦ ਰਹੇ ਸਨ। ਇੱਕ ਥਾਂ ਲੋਕਾਂ ਦੀ ਲੰਮੀ ਕਤਾਰ ਲੱਗੀ ਦੇਖੀ ਤਾਂ ਪਤਾ ਲੱਗਿਆ ਕਿ ਇਹ ਦਵਾਈਆਂ ਦੀ ਸਰਕਾਰੀ ਦੁਕਾਨ ਹੈ ਸਸਤੇ ਰੇਟਾਂ ਵਾਲੀ। ਬੱਸ ਅੱਡਾ ਸੋਹਣਾ ਤੇ ਸਾਫ਼ ਸੁਥਰਾ, ਬੱਸਾਂ ਵਧੀਆ ਏ.ਸੀ. ਕੋਚ, ਸਰਕਾਰੀ ਟਰਾਂਸਪੋਰਟ। ਇੱਥੋਂ ਦੀ ਸਰਕਾਰੀ ਇਥੋਪੀਅਨ ਏਅਰਲਾਈਨ ਵੀ ਵਧੀਆ ਹੈ, ਅਫਰੀਕਾ ਦੀ ਅੱਵਲ ਨੰਬਰ। ਵੱਡਾ ਹੋਟਲ ਸਕਾਈਲਾਈਟ ਵੀ ਸਰਕਾਰ ਦਾ ਹੈ। ਜਾਪਦਾ ਹੈ ਇੱਥੋਂ ਦੀਆਂ ਸਰਕਾਰਾਂ ਕਾਰਪੋਰੇਟਾਂ ਦੇ ਹੱਥੇ ਨਹੀਂ ਚੜ੍ਹੀਆਂ ਹਾਲੇ। ਸ਼ਹਿਰ ਵਿੱਚ ਇੱਕ ਵੱਡੀ ਚਾਰਦੀਵਾਰੀ ਕੋਲ ਦੀ ਲੰਘੇ ਤਾਂ ਬਿਰੂਕ ਨੇ ਮੈਨੂੰ ਫੋਟੋ ਖਿੱਚਣੋ ਰੋਕਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਾ ਮਹਿਲ ਹੈ। ਨਾਲ ਹੀ ਇੱਕ ਹੋਰ ਇਮਾਰਤ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਰਾਸ਼ਟਰਪਤੀ ਦਾ ਮਹਿਲ ਹੁੰਦਾ ਸੀ ਜੁਬਲੀ ਪੈਲੇਸ। ਇਸ ਨੂੰ ਹੁਣ ਅਜਾਇਬਘਰ ਵਿੱਚ ਬਦਲ ਦਿੱਤਾ ਹੈ ਤੇ ਰਾਸ਼ਟਰਪਤੀ ਸਾਹਿਬਾ ਪ੍ਰਧਾਨ ਮੰਤਰੀ ਵਾਲੇ ਮਹਿਲ ਵਿੱਚ ਹੀ ਸ਼ਿਫਟ ਹੋ ਗਏ ਹਨ।

Advertisement

ਇੱਕ ਸੰਗੀਤਕ ਸਾਜ਼। ਫੋਟੋਆਂ: ਲੇਖਕ

ਹੁਣ ਅਗਲੇ ਪੜਾਅ ’ਤੇ ਅਸੀਂ ਸਥਾਨਕ ਇਥੋਪੀਆਈ ਕੌਫੀ ਅਤੇ ਖਾਣੇ ਦਾ ਲੁਤਫ ਲੈਣ ਕਿਸੇ ਦੇ ਘਰ ਪੁੱਜੇ। ਦਰਅਸਲ, ਇਹ ਇੱਕ ਕੱਚਾ-ਪੱਕਾ ਜਿਹਾ ਪਰ ਸੁਚੱਜਾ ਘਰ ਸੀ ਜਿਸ ਵਿੱਚ ਕੌਫੀ ਦੀ ਦੁਕਾਨ ਸੀ। ਅਨਾਨ ਨਾਂ ਦੀ ਅੱਲ੍ਹੜ ਕੁੜੀ ਨੇ ਬੜੇ ਤਪਾਕ ਨਾਲ ਚੁੱਲ੍ਹੇ ’ਤੇ ਰੱਖੇ ਤਵੇ ਉੱਤੇ ਕੱਚੀ ਕੌਫੀ ਦੇ ਦਾਣਿਆਂ ਨੂੰ ਤਿੰਨ ਵਾਰ ਧੋ ਕੇ ਭੁੰਨਿਆ। ਕੌਫੀ ਬਣਦੇ ਬਣਦੇ ਸਾਡੇ ਹੱਥ ਧੁਆਏ ਗਏ ਜਿਵੇਂ ਕਿਸੇ ਜ਼ਮਾਨੇ ਪੰਜਾਬ ਵਿੱਚ ਆਏ ਗਏ ਦੇ ਰੋਟੀ ਖਵਾਉਣ ਤੋਂ ਪਹਿਲਾਂ ਧੁਆਏ ਜਾਂਦੇ ਸਨ। ਫਿਰ ਖਾਣਾ ਆ ਗਿਆ। ਖਮੀਰੇ ਹੋਏ ਕੰਗਣੀ ਦੇ ਆਟੇ ਦੀ ਵੱਡੀ ਸਾਰੀ ਸਪੰਜਨੁਮਾ ਰੋਟੀ ਜਿਹਨੂੰ ਇੰਜੀਰਾ ਕਿਹਾ ਜਾਂਦਾ ਹੈ, ਉੱਤੇ ਚਟਣੀ, ਪਨੀਰ, ਆਲੂ ਅਤੇ ਚੁਕੰਦਰ ਦੀ ਸਬਜ਼ੀ, ਹਰੀ ਮਿਰਚ, ਕੁਝ ਵੀ ਤਲ਼ਿਆ ਜਾਂ ਮਸਾਲੇ ਤੜਕੇ ਵਾਲਾ ਨਹੀਂ ਪਰ ਸੁਆਦਲਾ ਸੀ।
ਘਰ ਦੇ ਕੱਚੇ ਵਿਹੜੇ ਤੇ ਖਿਲਰੇ ਹਰੇ ਘਾਹ ਦੇ ਡਾਲਾਂ ਨੂੰ ਵੇਖ ਮੈਂ ਪਹਿਲਾਂ ਸੋਚਿਆ ਖੌਰੇ ਬੱਕਰੀਆਂ ਨੇ ਖਿੰਡਾਇਆ ਹੋਵੇਗਾ, ਪਰ ਪਤਾ ਚੱਲਿਆ ਇਹ ਸਜਾਵਟ ਵਾਸਤੇ ਰੱਖੇ ਨੇ। ਨਾਲ ਹੀ ਕੁਝ ਲਗਰਾਂ ਖੁਸ਼ਬੂਦਾਰ ਪੌਦਿਆਂ ਦੀਆਂ ਵੀ ਖਿਲਾਰੀਆਂ ਹੋਈਆਂ ਸਨ। ਹਰ ਸੱਭਿਆਚਾਰ ਦੀਆਂ ਆਪਣੀਆਂ ਵੰਨਗੀਆਂ ਹੁੰਦੀਆਂ ਹਨ। ਇੱਕ ਮਘਦੇ ਕੋਲਿਆਂ ਦੀ ਕੁੱਜੀ ਜਿਹੀ ਵਿੱਚ ਕੁਝ ਜੜੀਆਂ ਬੂਟੀਆਂ ਸਾੜ ਕੇ ਪੈਦਾ ਕੀਤੇ ਧੂੰਏ ਨੇ ਮਾਹੌਲ ਵਧੀਆ ਬਣਾਇਆ ਪਿਆ ਸੀ। ਉੱਤੋਂ ਰੜ੍ਹੀ ਹੋਈ ਕੌਫੀ ਦੇ ਦਾਣਿਆਂ ਨੂੰ ਅਨਾਨ ਨੇ ਛੋਟੇ ਜਿਹੇ ਲੋਹੇੇ ਦੇ ਮਾਮ-ਜਸਤੇ ’ਚ ਰਗੜਿਆ ਤਾਂ ਹੋਰ ਲਪਟਾਂ ਫੈਲ ਗਈਆਂ। ਬਿਨਾਂ ਦੁੱਧ ਤੋਂ ਬਣੀ ਦੇਸੀ ਕੌਫੀ ਦਾ ਸਵਾਦ ਮੈਂ ਪਹਿਲੀ ਵਾਰ ਚੱਖ ਰਿਹਾ ਸੀ। ਕੌਫੀ ਇਥੋਪੀਆਈ ਰਹਿਤਲ ਦਾ ਅਨਿੱਖੜਵਾਂ ਅੰਗ ਹੈ ਅਤੇ ਇੱਥੋਂ ਦੀ ਅਹਿਮ ਫਸਲ ਵੀ। ਜਿਵੇਂ ਸਾਡੇ ਵਾਸਤੇ ਚਾਹ ਹੈ, ਓਵੇਂ ਇਨ੍ਹਾਂ ਦੀ ਕੌਫੀ ਹੈ।
ਧਰਤੀ ’ਤੇ ਮਨੁੱਖ ਜਾਤੀ ਦੀ ਉਤਪਤੀ ਅਫਰੀਕੀ ਮਹਾਂਦੀਪ ਤੋਂ ਹੋਈ ਮੰਨੀ ਜਾਂਦੀ ਹੈ ਅਤੇ ਲੰਮੀਆਂ ਖੋਜਾਂ ਤੋਂ ਬਾਅਦ ਇਹ ਸਿੱਧ ਵੀ ਹੋ ਚੁੱਕਿਆ ਹੈ। ਆਧੁਨਿਕ ਮਨੁੱਖ ਦੇ ਪੁਰਖੇ ਜਾਣੀ ਦੋ ਲੱਤਾਂ ’ਤੇ ਤੁਰਨ ਵਾਲੇ ਆਸਟ੍ਰੈਲੋਪਾਈਥਕਸ ਅਤੇ ਹੋਮੋ ਇਰੈਕਟਸ ਦੇ ਹੁਣ ਤੱਕ ਦੇ ਸਭ ਤੋਂ ਪੁਰਾਣੇ ਕੰਕਾਲ ਇਥੋਪੀਆ ਵਿੱਚੋਂ ਹੀ ਲੱਭੇ ਹਨ। ਇਨ੍ਹਾਂ ’ਚੋਂ ਸਭ ਤੋਂ ਮਸ਼ਹੂਰ ਹੈ ਬੱਤੀ ਲੱਖ ਸਾਲ ਪਹਿਲਾਂ ਧਰਤੀ ’ਤੇ ਰਹਿਣ ਵਾਲੀ ‘ਲੂਸੀ’ ਨਾਮੀ ਇੱਕ ਔਰਤ ਦਾ ਪਿੰਜਰ। ਇਥੋਪੀਆਈ ਸੱਭਿਅਤਾ ਬਾਰੇ ਅਜਿਹੀਆਂ ਹੋਰ ਜਾਣਕਾਰੀਆਂ ਲੈਣ ਲਈ ਅਸੀਂ ਨੈਸ਼ਨਲ ਮਿਊਜ਼ੀਅਮ ਪਹੁੰਚੇ ਜੋ ਕਿ ਸ਼ਹਿਰ ਦੇ ਵਿਚਕਾਰ ਸਥਿਤ ਹੈ। ਅਮਹਾਰਿਕ ਇਥੋਪੀਆ ਦੀ ਕੌਮੀ ਜ਼ਬਾਨ ਹੈ ਅਤੇ ਇੱਕੋ ਅਫਰੀਕੀ ਬੋਲੀ ਜਿਸ ਦੀ ਆਪਣੀ ਲਿੱਪੀ ਹੈ। ਅਜਾਇਬਘਰ ਵਿੱਚ ਹੀ ਇੱਕ ਗੈਲਰੀ ਵਿੱਚ ਇੱਥੋਂ ਦੇ ਬਾਦਸ਼ਾਹਾਂ ਤੇ ਰਾਜਿਆਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਦੀਆਂ ਵਸਤਾਂ ਪਈਆਂ ਸਨ। ਇਥੋਪੀਆ ਦਾ ਕੋਈ ਆਜ਼ਾਦੀ ਦਿਵਸ ਨਹੀਂ ਮਨਾਇਆ ਜਾਂਦਾ ਕਿਉਂਕਿ ਇਸ ਮੁਲਕ ਨੇ ਕਦੇ ਲੰਮੀ ਗ਼ੁਲਾਮੀ ਨਹੀਂ ਕੱਟੀ। ਇੱਥੋਂ ਦੀ ਰਾਜਸ਼ਾਹੀ ਚਾਹੇ ਤਿੰਨ ਹਜ਼ਾਰ ਸਾਲ ਪੁਰਾਣੀ ਹੈ, ਪਰ ਆਧੁਨਿਕ ਇਥੋਪੀਆ ਦੀ ਨੀਂਹ ਬਾਦਸ਼ਾਹ ਤਵੋਦਰੋਸ ਨੇ 1855 ਵਿੱਚ ਰੱਖੀ। ਇੱਥੋਂ ਦੇ ਸ਼ਾਹੀ ਖਾਨਦਾਨਾਂ ਦੇ ਇੰਗਲੈਂਡ ਨਾਲ ਸਬੰਧ ਚੰਗੇ ਰਹੇ, ਪਰ ਫਾਸ਼ੀਵਾਦੀ ਇਟਲੀ ਨੇ 1936 ਵਿੱਚ ਇਥੋਪੀਆ ’ਤੇ ਕਬਜ਼ਾ ਕਰ ਲਿਆ। ਜਲਦ ਹੀ ਲੋਕ ਵਿਦਰੋਹ ਅਤੇ 1941 ਵਿੱਚ ਆਲਮੀ ਜੰਗ ਵਿੱਚ ਇਟਲੀ ਦੀ ਹਾਰ ਨਾਲ ਇਸ ਨੂੰ ਗ਼ੁਲਾਮੀ ਤੋਂ ਨਿਜਾਤ ਮਿਲ ਗਈ।
ਅਦੀਸ ਅਬਾਬਾ ਯੂਸੀਵਰਸਿਟੀ ਵਿੱਚ ਬਣਿਆ ਸੱਭਿਆਚਾਰਕ ਅਜਾਇਬਘਰ ਵੀ ਵੇਖਣ ਵਾਲੀ ਥਾਂ ਹੈ। ਇਹ ਮਿਊਜ਼ੀਅਮ ਇਥੋਪੀਆ ਦੇ ਆਖ਼ਰੀ ਰਾਜੇ ਹੈਲੇ ਸੇਲਾਸੀ ਦੇ ਮਹਿਲ ਵਿੱਚ ਹੈ ਜੋ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਸਥਿਤ ਹੈ। ਇਸ ਵਿੱਚ ਮੁੱਖ ਤੌਰ ’ਤੇ ਮੁਲਕ ਦੇ ਬਾਸ਼ਿੰਦਿਆਂ ਦੀ ਰਹਿਤਲ, ਸੱਭਿਆਚਾਰ ਤੋਂ ਬਿਨਾਂ ਬਾਦਸ਼ਾਹ ਦੀਆਂ ਨਿੱਜੀ ਵਸਤਾਂ ਦੀ ਨੁਮਾਇਸ਼ ਕੀਤੀ ਗਈ ਹੈ। ਦੇਖਭਾਲ ਵਜੋਂ ਤਾਂ ਹਾਲਤ ਬਹੁਤੀ ਚੰਗੀ ਨਹੀਂ, ਪਰ ਇੱਕ ਗੈਲਰੀ ਕਮਾਲ ਦੀ ਲੱਗੀ ਜਿਸ ਵਿੱਚ ਅਫਰੀਕਾ (ਇਥੋਪੀਆ) ਦੇ ਕਬਾਇਲੀ ਲੋਕਾਂ ਵੱਲੋਂ ਵਰਤੇ ਜਾਂਦੇ ਸੰਗੀਤਕ ਯੰਤਰ ਰੱਖੇ ਗਏ ਸਨ ਜਿਵੇਂ ਢੋਲ, ਤੰਤੀ ਸਾਜ਼, ਮੂੰਹ ਨਾਲ ਵਜਾਉਣ ਵਾਲੇ ਸਾਜ਼ ਆਦਿ। ਨਗਾਰੇ ਨੂੰ ਇਨ੍ਹਾਂ ਦੀ ਬੋਲੀ ਵਿੱਚ ਵੀ ਨਗਾਰਾ ਹੀ ਕਿਹਾ ਜਾਂਦਾ ਹੈ। ਕਈ ਸਾਜ਼ ਤਾਂ ਬਿਲਕੁਲ ਅਜੀਬ ਸਨ ਜਿਵੇਂ ਵੱਡੀ ਸਾਰੀ ਗੁਲੇਲ ਵਿੱਚ ਤਾਰਾਂ ਪਰੋਈਆਂ ਹੋਣ। ਲੱਕੜ ਦੀਆਂ ਮਾਲ਼ਾਵਾਂ ਜਿਹੜੀਆਂ ਆਪਸ ਵਿੱਚ ਭਿੜ ਕੇ ਹੀ ਸੰਗੀਤ ਪੈਦਾ ਕਰ ਦਿੰਦੀਆਂ ਹਨ। ਇੱਥੋਂ ਸਾਬਤ ਹੁੰਦਾ ਹੈ ਕਿ ਸੱਭਿਅਤਾਵਾਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਪਨਪੀਆਂ ਹੋੋਣ, ਸੰਗੀਤ ਉਨ੍ਹਾਂ ਦੀ ਰੂਹ ਦੀ ਖੁਰਾਕ ਰਿਹਾ ਹੈ।
ਯੂਨੀਵਰਸਿਟੀ ਦਾ ਗੇਟ ਨਿਕਲੇ ਤਾਂ ਗਾਈਡ ਬਿਰੂਕ ਨੇ ਪੁੱਛਿਆ ਕਿ ਕੀ ਮੈਂ ਸਾਹਮਣੇ ਲੱਗਿਆ ਕਾਰਲ ਮਾਰਕਸ ਦਾ ਬੁੱਤ ਦੇਖਣਾ ਚਾਹਾਂਗਾ। ਮੈਂ ਹਾਂ ਆਖੀ। ਅਸਲ ਵਿੱਚ ਰਾਜੇ ਸਰਬਸੇ ਦੇ ਸ਼ਾਸਨ ਖ਼ਿਲਾਫ਼ ਚੱਲੇ ਲੰਮੇ ਵਿਦਿਆਰਥੀ ਅਤੇ ਲੋਕ ਸੰਘਰਸ਼ ਦੇ ਨਤੀਜੇ ਵਜੋਂ 1974 ਵਿੱਚ ਉਸ ਦਾ ਤਖਤ ਪਲਟਾ ਹੋ ਗਿਆ ਅਤੇ ਸੋਵੀਅਤ ਯੂਨੀਅਨ ਦੀ ਮੱਦਦ ਨਾਲ ਮਾਰਕਸਵਾਦੀ-ਲੈਨਿਨਵਾਦੀ ਮਿਲੀਸ਼ੀਆ ‘ਦਰਗ’ ਨੇ ਦੇਸ਼ ਆਪਣੇ ਹੱਥਾਂ ਵਿੱਚ ਲੈ ਲਿਆ ਜੋ ਕਿ 1991 ਤੱਕ ਰਿਹਾ। ਆਪਣੇ ਰਾਜ ਦੌਰਾਨ ਇਸ ਹਕੂਮਤ ਨੇ ਦੇਸ਼ ’ਚੋਂ ਰਾਜਸ਼ਾਹੀ ਅਤੇ ਰਜਵਾੜਾਸ਼ਾਹੀ ਦੇ ਖ਼ਾਤਮੇ, ਅਸਾਸਿਆਂ ਦੇ ਕੌਮੀਕਰਨ ਅਤੇ ਜ਼ਮੀਨੀ ਸੁਧਾਰਾਂ ਵਰਗੇ ਅਹਿਮ ਕੰਮ ਕੀਤੇ ਪਰ ਦਮਨ ਵੀ ਬਹੁਤ ਕੀਤਾ। ਹੈਰਾਨੀ ਦੀ ਗੱਲ ਸੀ ਬਿਰੂਕ ਵਰਗੇ ਨਵੀਂ ਪੀੜ੍ਹੀ ਦੇ ਇਥੋਪੀਆਈ ਨੌਜਵਾਨ ਨੂੰ ਇਸ ਅਧਿਆਇ ਬਾਰੇ ਬਹੁਤਾ ਪਤਾ ਹੀ ਨਹੀਂ ਸੀ।
ਫਿਰਦਿਆਂ ਤੁਰਦਿਆਂ ਤਰਕਾਲ਼ਾਂ ਪੈ ਗਈਆਂ। ਸਰੀਰ ਤਾਂ ਕਹਿੰਦਾ ਸੀ ਕਿ ਹੋਟਲ ਵਿੱਚ ਲੰਮਿਆਂ ਪੈ ਜਾਈਏ, ਪਰ ਮਨ ਕਹੇ ਅਜਿਹਾ ਮੌਕਾ ਫੇਰ ਖਬਰੇ ਕਦੋਂ ਮਿਲੇ, ਜਿੰਨਾ ਕੁਝ ਦੇਖ ਹੁੰਦਾ ਹੋਰ ਵੇਖ ਲਵਾਂ। ਗੱਡੀ ਘੁੰਮ ਗਈ ਪੁਰਾਣੇ ਸ਼ਹਿਰ ਵਿੱਚ ਬਣੇ ਸੇਂਟ ਜਾਰਜ ਕੈਥੇਡਰਲ ਵੱਲ। ਪਿਛਲੀ ਸਦੀ ਦੇ ਮੁੱਢ ਵਿੱਚ ਇਹ ਗਿਰਜਾ ਇਟਲੀ ਨਾਲ ਹੋਈ 1896 ਦੀ ਪਹਿਲੀ ਜੰਗ ’ਚ ਇਥੋਪੀਆ ਦੀ ਫ਼ਤਹਿ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇੱਥੇ ਹੀ ਦੇਸ਼ ਦੇ ਕਈ ਰਾਜੇ ਰਾਣੀਆਂ ਦੀ ਤਾਜਪੋਸ਼ੀ ਹੋਈ। ਅਸ਼ਟਭੁਜੀ ਸੁੰਦਰ ਇਮਾਰਤ ਅਤੇ ਨਾਲ ਹੀ ਇੱਕ ਛੋਟਾ ਜਿਹਾ ਅਜਾਇਬਘਰ ਹੈ ਜਿੱਥੇ ਸ਼ਾਹੀ ਲਿਬਾਸ, ਸਿੰਘਾਸਣ ਆਦਿ ਪਏ ਹਨ। ਮੇਰੇ ਭਾਰਤ ਤੋਂ ਹੋਣ ਕਰਕੇ ਓਥੇ ਤਾਇਨਾਤ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਰਾਜੇ ਭਾਰਤੀ ਪੁਸ਼ਾਕਾਂ ਦੇ ਖ਼ਾਸ ਮੁਦੱਈ ਸਨ। ਆਮ ਤੌਰ ’ਤੇ ਅਜਿਹੇ ਲੇਲੇ-ਪੇਪੇ ਮਹਿਮਾਨ ਤੋਂ ਜਾਣ ਵੇਲ਼ੇ ਕੁਝ ਨਾ ਕੁਝ ਮਿਲਣ ਦੀ ਝਾਕ ਨਾਲ ਕੀਤੇ ਜਾਂਦੇ ਹਨ। ਚਾਲੇ ਪਾਉਣ ਲੱਗੇ ਤਾਂ ਮੀਂਹ ਪੈਣ ਲੱਗਾ। ਕਹਿੰਦੇ, ਇੱਥੇ ਨਿੱਤ ਦਿਨ ਦੇ ਇਸੇ ਸਮੇਂ ਮੀਂਹ ਆਉਂਦਾ ਹੈ। ਹੁਣ ਵੇਲ਼ਾ ਹੋਟਲ ਵਾਪਸੀ ਦਾ ਵੀ ਹੋ ਚੁੱਕਾ ਸੀ, ਪਰ ਜਾਣ ਤੋਂ ਪਹਿਲਾਂ ਮੈਂ ਮਸ਼ਹੂਰ ਇਥੋਪੀਆਈ ਕੌਫੀ ਖਰੀਦਣਾ ਚਾਹੁੰਦਾ ਸੀ ਆਪਣੇ ਲਈ ਅਤੇ ਤੋਹਫ਼ੇ ਵਜੋਂ ਦੇਣ ਵਾਸਤੇ। ਕੌਫੀ ਦੀ ਦੁਕਾਨ ਦੇ ਨੇੜੇ ਹੀ ਇੱਕ ਸਿਨੇਮਾਘਰ ਵੱਲ ਇਸ਼ਾਰਾ ਕਰ ਮੈਂ ਬਿਰੂਕ ਤੋਂ ਉੱਥੇ ਲੱਗੀ ਫਿਲਮ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਸਿਨੇਮਾ ਨਹੀਂ ਥੀਏਟਰ ਹੈ ਜਿੱਥੇ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ, ਬਾਹਰ ਲੱਗਿਆ ਪੋਸਟਰ ਵੀ ਓਸੇ ਡਰਾਮੇ ਦਾ ਹੈ। ਇਹ ਵੀ ਇੱਕ ਅਚੰਭਾ ਹੀ ਸੀ ਕਿ ਅੱਜ ਦੇ ਇੰਟਰਨੈੱਟ ਦੇ ਦੌਰ ਵਿੱਚ ਇਥੋਪੀਆਈ ਲੋਕ ਥੀਏਟਰ ਵਰਗੀ ਸਾਹਿਤਕ ਵੰਨਗੀ ਨਾਲ ਜੁੜੇ ਹਨ ਅਤੇ ਪੈਸੇ ਖਰਚ ਕੇ ਵੇਖਦੇ ਹਨ।
ਅਸੀਂ ਹੋਟਲ ਪਰਤ ਗਏ। ਬਿਰੂਕ ਅਤੇ ਡਰਾਈਵਰ ਤੋਂ ਫਿਰ ਮਿਲਣ ਦੇ ਵਾਅਦੇ ਨਾਲ ਵਿਦਾਇਗੀ ਲੈ ਕੇ ਮੈਂ ਆਪਣੇ ਕਮਰੇ ਵਿੱਚ ਅੱਪੜਿਆ ਤਾਂ ਟੀਵੀ ਉੱਤੇ ਜ਼ੀ ਟੀਵੀ ਦਾ ਲੜੀਵਾਰ ਚੱਲੀ ਜਾਵੇ ਡੱਬ ਕੀਤਾ ਹੋਇਆ। ਇਸ ਇੱਕ ਦਿਨ ਸਗੋਂ ਕੁਝ ਘੰਟਿਆਂ ਦੀ ਇਥੋਪੀਆ ਫੇਰੀ ਵਿੱਚ ਦੋ ਗੱਲਾਂ ਉੱਘੜ ਕੇ ਆਈਆਂ: ਪਹਿਲੀ ਇਹ ਕਿ ਤੀਜੀ ਦੁਨੀਆ ਦੇ ਇੱਕ ਮੁਲਕ ਵੱਲੋਂ ਤਰੱਕੀ ਅਤੇ ਆਰਥਿਕ ਖੁਸ਼ਹਾਲੀ ਵੱਲ ਗਾਮਜ਼ਨ ਕਦਮਾਂ ਨੂੰ ਅੱਖੀਂ ਵੇਖਣਾ ਅਤੇ ਦੂਜੀ ਇਹ ਕਿ ਧਰਤੀ ਦੀ ਸਵਾ ਚਾਰ ਅਰਬ ਸਾਲ ਦੀ ਉਮਰ ਵਿੱਚੋਂ ‘ਨਿਮਾਣੇ ਜਿਹੇ’ ਪ੍ਰਾਣੀ ਮਨੁੱਖ ਨੇ ਤੀਹ ਲੱਖ ਸਾਲ ਦੇ ਪਲਕ ਝਲਕਾਰੇ ਵਿੱਚ ਕੀ ਦਾ ਕੀ ਬਣਾ ਲਿਆ। ਅੱਜ ਮਨੁੱਖ ਧਰਤੀ ਦੇ ਹਰ ਕੋਨੇ ’ਤੇ ਪਸਰਿਆ ਹੋਇਆ ਹੈ, ਪਰ ਧੰਨ ਨੇ ਸਾਡੇ ਵਡੇਰੇ ਜਿਨ੍ਹਾਂ ਔਖੇ ਤੋਂ ਔਖੇ ਕੁਦਰਤੀ ਹਾਲਾਤ ਵਿੱਚ ਹਜ਼ਾਰਾਂ ਲੱਖਾਂ ਸਾਲ ਗੁਜ਼ਾਰਾ ਕੀਤਾ।
ਵਿਗਿਆਨ ਦੇ ਸਬੂਤਾਂ ਮੁਤਾਬਿਕ ਸ਼ਾਇਦ ਮੈਂ ਵੀ ਬੇਬੇ ਲੂਸੀ ਦੇ ਵੰਸ਼ ’ਚੋਂ ਹੀ ਹੋਵਾਂ। ਜੇ ਹੋਇਆ ਤਾਂ ਲਗਭਗ ਉਸ ਦੀ ਲੱਖਵੀਂ ਪੀੜ੍ਹੀ ’ਚੋਂ ਹੋਵਾਂਗਾ। ਮੇਰੇ ਇਥੋਪੀਆ ਆਉਣ ਦਾ ਅਸਲ ਕਾਰਨ ਵੀ ਇਹੀ ਸੀ, ਆਪਣੀ ‘ਲਖੜਨਾਨੀ’ ਦੇ ਦਰਸ਼ਨ ਕਰਨਾ।
ਸੰਪਰਕ: 84277-76251

Advertisement