ਛੇ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪੈਰਿਸ ਪੁੱਜਾ ਅਫ਼ਗਾਨ ਜੂਡੋਕਾ
ਚੈਟੋਰੌਕਸ (ਫਰਾਂਸ), 29 ਜੁਲਾਈ
ਓਲੰਪਿਕ ਵਿੱਚ ਖੇਡਣ ਲਈ ਆਉਣ ਵਾਲੇ ਲਗਪਗ ਸਾਰੇ ਖਿਡਾਰੀਆਂ ਨੂੰ ਤਿਆਰੀ ਲਈ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਦੋਂ ਖਿਡਾਰੀ ਅਫ਼ਗ਼ਾਨਿਸਤਾਨ ਵਰਗੇ ਦੇਸ਼ ਤੋਂ ਹੁੰਦਾ ਹੈ ਤਾਂ ਉਸ ਨੂੰ ਇਸ ਵਿੱਚ ਹਿੱਸਾ ਲੈਣ ਦਾ ਸੁਫਨਾ ਪੂਰਾ ਕਰਨ ਲਈ ਛੇ ਹਜ਼ਾਰ ਕਿਲੋਮੀਟਰ ਅਤੇ ਪੰਜ ਦੇਸ਼ਾਂ ਦਾ ਸਫ਼ਰ ਤੈਅ ਕਰਨਾ ਪੈ ਸਕਦਾ ਹੈ। ਅਫ਼ਗ਼ਾਨਿਸਤਾਨ ਦਾ ਜੂਡੋ ਖਿਡਾਰੀ ਸਿਬਗ਼ਾਤੁੱਲ੍ਹਾ ਅਰਬ 2021 ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਅਫ਼ਗ਼ਾਨਿਸਤਾਨ ’ਚੋਂ ਭੱਜ ਨਿਕਲਿਆ। ਇਸ ਤੋਂ ਬਾਅਦ ਉਸ ਨੇ ਪੰਜ ਦੇਸ਼ਾਂ ’ਚ ਸ਼ਰਨ ਲਈ ਅਤੇ ਅਖੀਰ 6000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਜਰਮਨੀ ਪਹੁੰਚ ਗਿਆ। ਉਹ ਕੌਮਾਂਤਰੀ ਓਲੰਪਿਕ ਕਮੇਟੀ ਦੀ ਸ਼ਰਨਾਰਥੀ ਟੀਮ ਦਾ ਹਿੱਸਾ ਹੈ ਅਤੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਜੂਡੋ 81 ਕਿਲੋ ਵਰਗ ਵਿੱਚ ਹਿੱਸਾ ਲਵੇਗਾ।
ਅਫ਼ਗ਼ਾਨਿਸਤਾਨ ਵਿੱਚ ਟੀਵੀ ’ਤੇ ਵਿਸ਼ਵ ਜੂਡੋ ਚੈਂਪੀਅਨਸ਼ਿਪ ਦੇਖਣ ਤੋਂ ਬਾਅਦ ਉਸ ਨੂੰ ਖੇਡ ਨਾਲ ਪਿਆਰ ਹੋ ਗਿਆ ਪਰ ਉਸ ਕੋਲ ਸ਼ੌਕ ਨੂੰ ਅੱਗੇ ਵਧਾਉਣ ਦਾ ਕੋਈ ਸਾਧਨ ਨਹੀਂ ਸੀ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 19 ਸਾਲ ਦੀ ਉਮਰ ਵਿੱਚ ਉਹ ਯੂਰਪ ਭੱਜ ਗਿਆ। ਉਸ ਨੇ ਕਿਹਾ, ‘‘ਜਦੋਂ ਮੈਂ ਅਫ਼ਗ਼ਾਨਿਸਤਾਨ ਛੱਡਿਆ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਬਚਾਂਗਾ ਜਾਂ ਨਹੀਂ। ਬਹੁਤ ਮੁਸ਼ਕਲਾਂ ਝੱਲੀਆਂ ਹਨ।’’ ਨੌਂ ਮਹੀਨਿਆਂ ਵਿੱਚ ਉਸ ਨੇ ਇਰਾਨ, ਤੁਰਕੀ, ਗ੍ਰੀਸ (ਯੂਨਾਨ), ਬੋਸਨੀਆ ਅਤੇ ਸਲੋਵੇਨੀਆ ਦੀ ਯਾਤਰਾ ਕੀਤੀ ਅਤੇ ਅੰਤ ਵਿੱਚ ਜਰਮਨੀ ਵਿੱਚ ਵਸ ਗਿਆ। -ਪੀਟੀਆਈ