ਹਰਿਆਣਾ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਕਤੂਬਰ
ਹਰਿਆਣਾ ਵਿੱਚ ਪਸ਼ੂਆਂ ਦਾ ਫੁੱਟ-ਰੋਟ ਰੋਗ ਤੋਂ ਬਚਾਅ ਕਰਨ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭੇਡ-ਬੱਕਰੀਆਂ ਵਿੱਚ ਫੈਲ ਰਹੇ ਰੋਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।
ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਹਰਿਆਣਾ ਨੇ ਸੂਬੇ ਵਿੱਚ ਚੌਕਸੀ ਵਧਾ ਦਿੱਤੀ ਹੈ। ਸੂਬੇ ਵਿੱਚ ਫੁੱਟ ਰੋਟ ਰੋਗ ਦੇ ਕਿਸੇ ਵੀ ਸੰਭਾਵੀ ਵਿਸਤਾਰ ਨੂੰ ਰੋਕਣ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਸੂਬਾ ਸਰਕਾਰ ਨੇ ਬਿਮਾਰੀ ਰੋਕਣ ਲਈ ਲਾਗੂ ਕੀਤੇ ਜਾ ਰਹੇ ਉਪਾਵਾਂ ਦੀ ਰੂਪਰੇਖਾ ਵੀ ਸਾਂਝੀ ਕੀਤੀ ਹੈ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਹਰਿਆਣਾ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਇਸ ਰੋਗ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਵਿਭਾਗ ਸੂਬੇ ਦੇ ਪਸ਼ੂਧਨ ਨੂੰ ਫੁੱਟ ਰੋਗ ਤੋਂ ਬਚਾਉਣ ਲਈ ਇਹਤਿਆਤੀ ਕਦਮ ਚੁੱਕ ਰਿਹਾ ਹੈ। ਇਸ ਰੋਗ ਨਾਲ ਪ੍ਰਭਾਵਿਤ ਭੇਡਾਂ ਤੇ ਬੱਕਰੀਆਂ ਦੇ ਖੁਰਾਂ ਨੂੰ ਨੁਕਸਾਨ ਪੁੱਜਦਾ ਹੈ। ਇਸ ਰੋਗ ਦੇ ਕਾਰਨ ਪਸ਼ੂਆਂ ਦੀ ਤੁਰਨ-ਫਿਰਨ ਦੀ ਸਮਰੱਥਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਬਿਮਾਰੀ ਤੋਂ ਬਚਾਅ ਲਈ ਕੋਈ ਦਵਾਈ ਜਾਂ ਟੀਕਾ ਉਪਲਬਧ ਨਹੀਂ ਹੈ। ਸਿਰਫ ਸਖ਼ਤ ਜੈਵ-ਸੁਰੱਖਿਆ ਉਪਾਅ ਹੀ ਇਸ ਰੋਗ ਦੇ ਪ੍ਰਸਾਰ ਨੂੰ ਰੋਕ ਸਕਦੇ ਹਨ।