ਖੇਤੀ ਮਾਹਿਰਾਂ ਵੱਲੋਂ ਨਰਮੇ ਦੀ ਕਾਸ਼ਤ ਕਰਨ ਦੀ ਸਲਾਹ
ਪੱਤਰ ਪ੍ਰੇਰਕ
ਲਹਿਰਾਗਾਗਾ, 5 ਜੂਨ
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਲਹਿਰਾਗਾਗਾ ਬਲਾਕ ਦੇ 85 ਪਿੰਡਾਂ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਕਾਸ਼ਤ ਕੀਤੀ ਹੈ ਜਿਸ ’’ਚ ਖੇਤੀ ਵਿਭਾਗ ਨੇ 30 ਪਿੰਡ ਅਪਣਾ ਕੇ ਉਥੇ ਸਕਾਊਟ ਅਤੇ ਫੀਲਡ ਸਪਰਵਾਈਜ਼ਰ ਲਾਏ ਹਨ। ਪਿਛਲੇ ਸਾਲ ਬਿਮਾਰੀਆਂ ਘੱਟ ਪੈਣ ਅਤੇ 25-30 ਮਣ ਤੱਕ ਝਾੜ ਪ੍ਰਤੀ ਏਕੜ ਨਿਕਲਣ ਕਰ ਕੇ ਕਿਸਾਨ ਮੁੜ ਨਰਮਾ ਬੀਜਣ ਲਈ ਸੇਧਤ ਹੋਏ ਹਨ। ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਇਸ ਵਾਰ ਬਹੁਗਿਣਤੀ ਕਿਸਾਨਾਂ ਨੇ ਨਰਮੇ 650, 602, 773 ਅਤੇ 971, ਬੀਟੀ ਕਿਸਮ ਦੇ ਨਰਮੇ ਦੀ ਵੱਧ ਕਾਸ਼ਤ ਕੀਤੀ ਹੈ। ਇਨ੍ਹਾਂ ਕਿਸਮਾਂ ਦਾ ਝਾੜ 10-12 ਕੁਇੰਟਲ ਤੱਕ ਨਿਕਲਦਾ ਹੈ।
ਹਾਲ ਦੀ ਘੜੀ ਨਰਮੇ ਦੀ ਕਾਸ਼ਤ ਲਈ ਮੌਸਮ ਅਨੁਕੂਲ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਨੂੰ ਗਰਮੀ ਤੋਂ ਬਚਾਉਣ ਲਈ ਲੋੜ ਅਨੁਸਾਰ ਜ਼ਰੂਰ ਸਿੰਜਣ ਅਤੇ ਝੁਲਸ ਰੋਗ ਤੋਂ ਬਚਾਉਣ ਲਈ ਬਾਰਸ਼ਾਂ ਤੋਂ ਪਹਿਲਾਂ ਫੰਗੀਸਾਈਡ ਅਤੇ ਐਂਟੀਬਾਇਓਟਿਕ ਦਵਾਈ ਦੇ ਤਿੰਨ ਛਿੜਕਾਅ ਜ਼ਰੂਰ ਕਰਨ ਕਿਉਂਕਿ ਬਾਰਸ਼ਾਂ ਮਗਰੋਂ ਬਿਮਾਰੀ ਪੈਣ ’ਤੇ ਦਵਾਈ ਅਸਰਦਾਰ ਨਹੀਂ ਰਹਿੰਦੀ।