ਐਤਕੀ ਰੈਂਟ ਡੀਡ ’ਤੇ ਨਹੀਂ ਹੋਣਗੇ ਐਂਟਰੀ ਲੈਵਲ ਜਮਾਤਾਂ ’ਚ ਦਾਖਲੇ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2024-25 ਦੌਰਾਨ ਐਂਟਰੀ ਲੈਵਲ ਜਮਾਤਾਂ ਵਿੱਚ ਦਾਖਲੇ ਲਈ ਸਾਂਝੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰ ਸ਼ੁਰੂਆਤੀ ਜਮਾਤਾਂ ਵਿੱਚ ਦਾਖਲੇ ਲਈ ਚੰਡੀਗੜ੍ਹ ਵਿੱਚ ਕਿਰਾਏ ਦਾ ਮਕਾਨ ਦੱਸ ਕੇ ਰੈਂਟ ਡੀਡ (ਕਿਰਾਏਨਾਮੇ) ਦੇ ਆਧਾਰ ’ਤੇ ਬੱਚੇ ਦਾ ਦਾਖਲਾ ਨਹੀਂ ਹੋਵੇਗਾ। ਜੇਕਰ ਬੱਚੇ ਜਾਂ ਉਸ ਦੇ ਮਾਪਿਆਂ ਦਾ ਆਧਾਰ ਕਾਰਡ ਚੰਡੀਗੜ੍ਹ ਦਾ ਹੋਵੇਗਾ ਤਾਂ ਹੀ ਬੱਚੇ ਨੂੰ ਯੋਗ ਮੰਨਿਆ ਜਾਵੇਗਾ। ਜੇਕਰ ਬੱਚੇ ਜਾਂ ਮਾਪਿਆਂ ਦਾ ਆਧਾਰ ਕਾਰਡ ਨਹੀਂ ਹੈ ਤਾਂ ਉਸ ਦੇ ਮਾਪਿਆਂ ਦਾ ਚੰਡੀਗੜ੍ਹ ਪਤੇ ਦਾ ਵੋਟਰ ਕਾਰਡ ਮਨਜ਼ੂਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸ਼ਹਿਰ ਵਿੱਚ 73 ਦੇ ਕਰੀਬ ਪ੍ਰਾਈਵੇਟ ਸਕੂਲ ਹਨ ਅਤੇ 112 ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ 19 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਦਫਤਰ ਨੇ 15 ਨਵੰਬਰ ਨੂੰ ਐਂਟਰੀ ਲੈਵਲ ਜਮਾਤਾਂ ਵਿੱਚ ਦਾਖਲਿਆਂ ਲਈ ਸਾਂਝਾ ਵੇਰਵਾ ਜਾਰੀ ਕੀਤਾ ਹੈ। ਇਹ ਦਾਖਲੇ ਬਾਲ ਵਾਟਿਕਾ ਤਹਿਤ ਪਹਿਲੇ, ਦੂਜੇ ਤੇ ਤੀਜੇ ਲੈਵਲ ਲਈ ਕੀਤੇ ਜਾਣਗੇ। ਲੈਵਲ ਪਹਿਲੇ ਵਿੱਚ ਦਾਖਲੇ ਲਈ ਬੱਚੇ ਦੀ ਉਮਰ 3 ਤੋਂ 4 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਤੇ ਉਹ ਇਕ ਅਪਰੈਲ 2020 ਤੋਂ 31 ਮਈ 2021 ਦਰਮਿਆਨ ਜੰਮਿਆ ਹੋਣਾ ਚਾਹੀਦਾ ਹੈ। ਜਦਕਿ ਦੂਜੇ ਲੈਵਲ ਲਈ ਉਮਰ 4 ਤੋਂ 5 ਸਾਲ ਤੇ ਤੀਜੇ ਲੈਵਲ ਲਈ ਉਮਰ 5 ਤੋਂ 6 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਾਰੇ ਸਕੂਲ 30 ਨਵੰਬਰ ਤੱਕ ਦਾਖਲਿਆਂ ਸਬੰਧੀ ਸਾਰੀ ਜਾਣਕਾਰੀ ਡਾਇਰੈਕਟਰ ਸਕੂਲ ਸਿੱਖਿਆ ਕੋਲ ਜਮ੍ਹਾਂ ਕਰਵਾਉਣਗੇ। 6 ਦਸੰਬਰ ਤੱਕ ਇਹ ਜਾਣਕਾਰੀ ਸਕੂਲ ਆਪਣੇ ਨੋਟਿਸ ਬੋਰਡ ਅਤੇ ਵੈੱਬਸਾਈਟ ’ਤੇ ਸਾਂਝੀ ਕਰਨਗੇ। ਇਸ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਦੇ ਦਾਖਲੇ ਲਈ 7 ਤੋਂ 20 ਦਸੰਬਰ ਤੱਕ ਫਾਰਮ ਲੈ ਕੇ ਜਮ੍ਹਾਂ ਕਰਵਾਉਣਗੇ ਅਤੇ ਸਕੂਲਾਂ ਨੂੰ 16 ਜਨਵਰੀ ਤੋਂ ਪਹਿਲਾਂ ਡਰਾਅ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਬਾਰੇ ਜਾਣਕਾਰੀ ਨਸ਼ਰ ਕਰਨੀ ਪਵੇਗੀ। 17 ਜਨਵਰੀ ਤੋਂ ਪਹਿਲੀ ਫਰਵਰੀ ਤੱਕ ਦਾਖਲਿਆਂ ਲਈ ਡਰਾਅ ਕੱਢਣਾ ਲਾਜ਼ਮੀ ਹੋਵੇਗਾ।
ਫੀਸਾਂ ਵਿੱਚ ਵਾਧੇ ’ਤੇ ਨਜ਼ਰ ਰੱਖੇਗਾ ਸਿੱਖਿਆ ਵਿਭਾਗ
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਪੱਤਰ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਐਂਟਰੀ ਲੈਵਲ ਜਮਾਤਾਂ ’ਚ ਦਾਖਲਿਆਂ ਲਈ ਮਾਪਿਆਂ ਕੋਲੋਂ ਮਨਮਾਨੀਆਂ ਫੀਸਾਂ ਵਸੂਲਣ ਤੋਂ ਰੋਕਣ ਲਈ ਫੀਸ ਪਾਲਿਸੀ ਅਨੁਸਾਰ ਦਾਖਲੇ ਕੀਤੇ ਜਾਣਗੇ ਅਤੇ ਸਕੂਲ ਸਾਲ ਦੀ ਅੱਠ ਫੀਸਦੀ ਤੋਂ ਜ਼ਿਆਦਾ ਫੀਸ ਨਹੀਂ ਵਧਾ ਸਕਣਗੇ। ਸਿੱਖਿਆ ਵਿਭਾਗ ਵੱਲੋਂ ਨਵੀਂ ਫੀਸ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਫੀਸ ਪਾਲਿਸੀ ਲਾਗੂ ਹੋਣ ਨਾਲ ਹਰ ਸਾਲ ਦਾਖਲਾ ਫੀਸਾਂ ਤੇ ਹੋਰ ਖਰਚਿਆਂ ’ਤੇ ਵਿਭਾਗ ਨਜ਼ਰ ਰੱਖੇਗਾ ਅਤੇ ਮਨਮਾਨੀਆਂ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨਿੱਜੀ ਸਕੂਲ ਆਪਣੇ ਹਿਸਾਬ ਨਾਲ ਘਟਾ-ਵਧਾ ਨਹੀਂ ਸਕਣਗੇ ਸੀਟਾਂ
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਕੂਲ ਆਪਣੀ ਮਰਜ਼ੀ ਅਨੁਸਾਰ ਸੀਟਾਂ ਘਟਾ ਜਾਂ ਵਧਾ ਨਹੀਂ ਸਕਣਗੇ। ਸਕੂਲਾਂ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਰੱਖੀਆਂ ਗਈਆਂ ਸਭ ਤੋਂ ਵੱਧ ਸੀਟਾਂ ਦੀ ਗਿਣਤੀ ਹੀ ਇਸ ਵਾਰ ਵੀ ਰੱਖਣੀ ਪਵੇਗੀ। ਇਸ ਵਾਰ ਵਿਭਾਗ ਨੇ ਰਜਿਸਟਰੇਸ਼ਨ ਫੀਸ ਵਧਾ ਦਿੱਤੀ ਹੈ ਜੋ ਕਿ 100 ਦੀ ਥਾਂ 150 ਰੁਪਏ ਕੀਤੀ ਗਈ ਹੈ। ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਜਿਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।