ਗੁਰਦੁਆਰੇ ਨੇੜਿਓਂ ਟੋਭੇ ਦਾ ਪਾਣੀ ਕੱਢਣ ਦਾ ਵਿਰੋਧ
ਕਰਮਜੀਤ ਸਿੰਘ ਚਿੱਲਾ
ਬਨੂੜ, 7 ਜੂਨ
ਇੱਥੋਂ ਨੇੜਲੇ ਪਿੰਡ ਕਲੌਲੀ ਜੱਟਾਂ ਦੇ ਗੁਰਦੁਆਰੇ ਨੇੜਲੀ ਥਾਂ ਵਿੱਚੋਂ ਕਲੌਲੀ ਰਿਜ਼ਰਵ ਦੀ ਪੰਚਾਇਤ ਵੱਲੋਂ ਟੋਭੇ ਦਾ ਪਾਣੀ ਕੱਢਣ ਦਾ ਮਾਮਲਾ ਭਖ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਇਸ ਨੂੰ ਰੋਕਣ ਦੀ ਮੰਗ ਕੀਤੀ। ਥਾਣਾ ਬਨੂੜ ਦੇ ਏਐੱਸਆਈ ਜਸਵਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੀ ਮੌਕੇ ’ਤੇ ਪਹੁੰਚੀ ਅਤੇ ਬੀਡੀਪੀਓ ਰਾਜਪੁਰਾ ਬਨਦੀਪ ਸਿੰਘ ਗਿੱਲ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਕਲੌਲੀ ਜੱਟਾਂ ਦੇ ਵਸਨੀਕਾਂ ਨੇ ਨਾਲੇ ਦੀ ਪੁਟਾਈ ਕਰ ਰਹੀਆਂ ਮਸ਼ੀਨਾਂ ਨੂੰ ਰੋਕ ਦਿੱਤਾ।
ਪਿੰਡ ਕਲੋਲੀ ਜੱਟਾਂ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਦਲਬੀਰ ਸਿੰਘ, ਪੰਚ ਦਿਲਬਾਗ ਸਿੰਘ, ਨਿਰਮਲ ਸਿੰਘ, ਜਗੀਰ ਕੌਰ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮੱਘਰ ਸਿੰਘ, ਗੁਰਕੀਰਤ ਸਿੰਘ ਆਦਿ ਨੇ ਗੁਰਦੁਆਰੇ ਦੀ ਥਾਂ ਵਿੱਚੋਂ ਟੋਭੇ ਦਾ ਗੰਦਾ ਪਾਣੀ ਕੱਢਣ ਦਾ ਵਿਰੋਧ ਕੀਤਾ। ਉਨ੍ਹਾਂ ਦੂਜੇ ਪਿੰਡ ਦੇ ਪਲਾਂਟ ’ਚ ਪਾਣੀ ਸੁੱਟਣ, ਗੁਰਦੁਆਰੇ ਦੀ ਥਾਂ ਵਿੱਚੋਂ ਖਾਈ ਪੁੱਟਣ ਅਤੇ ਖੇਡ ਗਰਾਊਂਡ ਨੂੰ ਨੁਕਸਾਨ ਪਹੁੰਚਾਉਣ ਵਿਰੁੱਧ ਕਾਰਵਾਈ ਮੰਗੀ।
ਆਪਣੇ ਪਿੰਡ ਦੀ ਥਾਂ ਵਿੱਚੋਂ ਕਰਾਈ ਹੈ ਪੁਟਾਈ: ਸਰਪੰਚ
ਪਿੰਡ ਕਲੌਲੀ ਰਿਜ਼ਰਵ ਦੇ ਸਰਪੰਚ ਸਰੂਪ ਸਿੰਘ ਨੇ ਆਖਿਆ ਕਿ ਜਿਹੜੀ ਥਾਂ ’ਚੋਂ ਖਾਲੀ ਪੁੱਟੀ ਗਈ ਹੈ, ਉਹ ਮਾਲ ਵਿਭਾਗ ਦੇ ਰਿਕਾਰਡ ’ਚ ਕਲੌਲੀ ਰਿਜ਼ਰਵ ਦੀ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਉੱਤੇ ਪਾਣੀ ਸੋਧਕ ਪਲਾਂਟ ਲੱਗਿਆ ਹੋਇਆ ਹੈ, ਉਹ ਵੀ ਕਲੌਲੀ ਰਿਜ਼ਰਵ ਪਿੰਡ ਦੀ ਪੰਚਾਇਤ ਦਾ ਨੰਬਰ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਦੇ ਪਲਾਂਟ ਵਿੱਚ ਟੋਭੇ ਦਾ ਪਾਣੀ ਸੁੱਟ ਰਹੇ ਹਨ ਅਤੇ ਇਸ ’ਚ ਕੁੱਝ ਵੀ ਗ਼ਲਤ ਨਹੀਂ ਹੈ।
ਨਿਯਮਾਂ ਅਨੁਸਾਰ ਹੋ ਰਿਹਾ ਹੈ ਸਾਰਾ ਕੁੱਝ: ਬੀਡੀਪੀਓ
ਰਾਜਪੁਰਾ ਦੇ ਬੀਡੀਪੀਓ ਬਨਦੀਪ ਸਿੰਘ ਗਿੱਲ ਨੇ ਕਿਹਾ ਕਿ ਸਾਰਾ ਕੁੱਝ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨੇੜਿਉਂ ਪਾਣੀ ਕੱਢੇ ਜਾਣ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ ਹੈ।