ਫ਼ਰੀਦਕੋਟ ’ਚ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ
ਜਸਵੰਤ ਜੱਸ/ਸ਼ਗਨ ਕਟਾਰੀਆ
ਫਰੀਦਕੋਟ/ਜੈਤੋ, 2 ਨਵੰਬਰ
ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਪ੍ਰਸ਼ਾਸਨ ਨੇ ਆਪਣੇ ਤੇਵਰ ਤਿੱਖੇ ਕਰ ਲਏ ਹਨ। ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਤੋਂ ਮਿਲੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ 51 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 18 ਕੇਸ ਅੱਗ ਲੱਗਣ ਦੇ ਹਨ ਅਤੇ 33 ਕੇਸ ਅੱਗ ਲੱਗਣ ਦੇ ਨਹੀਂ ਹਨ। ਇਸ ਸਬੰਧ ’ਚ 18 ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀਆਂ ਦਰਜ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਣਦਾ ਜੁਰਮਾਨਾ 50-50 ਹਜ਼ਾਰ ਰੁਪਏ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮਜਿਸਟਰੇਟ ਵੱਲੋਂ ਕੰਬਾਈਨਾਂ ਨੂੰ ਸੁਪਰ ਐੱਸਐੱਮਐੱਸ ਨਾਲ ਕਟਾਈ ਕਰਨ ਲਈ ਕਿਹਾ ਗਿਆ ਸੀ ਪਰ ਸੁਪਰ ਐੱਸਐੱਮਐੱਸ ਨਾ ਲਾ ਕੇ, ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਛੇ ਕੰਬਾਈਨਾਂ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਅੱਠ ਜਿਨ੍ਹਾਂ ਦੇ ਏਰੀਏ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ 8 ਨੋਡਲ ਅਫ਼ਸਰਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਹਨ। ਜੈਤੋ ਸਬ ਡਿਵੀਜ਼ਨ ਦੇ ਪਿੰਡ ਝੱਖੜਵਾਲਾ ਦੇ ਜ਼ਮੀਨੀ ਰਕਬੇ ’ਚ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਸਾਰ ਐੱਸਡੀਐੱਮ ਜੈਤੋ ਸੂਰਜ ਅਤੇ ਡੀਐੱਸਪੀ ਸੁਖਦੀਪ ਸਿੰਘ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਅਤੇ ਪਰਾਲੀ ਦਾ ਪ੍ਰਬੰਧਨ ਕਰਕੇ ਹੀ ਕਣਕ ਦੀ ਬਿਜਾਈ ਕਰਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਦੀਵਾਲੀ ਵਾਲੀ ਰਾਤ ਤੋਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣ ਦੇ ਇੱਕ ਦਿਨ ’ਚ 25 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰਾਲੀ ਸਾੜਨ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਮਾਮਲੇ ’ਚ ਸਖਤ ਰੁਖ਼ ਅਖ਼ਤਿਆਰ ਕਰਦਿਆਂ ਕਿਸਾਨਾਂ ਨੂੰ ਪਰਾਲੀ ਦਾ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਿਸਾਨਾਂ ਖ਼ਿਲਾਫ਼ ਐਫ਼ਆਈਆਰ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਅਤੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਆਖਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਇੱਕ ਫਸਲ ਨੂੰ ਕੱਟ ਕੇ ਦੂਜੀ ਫਸਲ ਦੀ ਬਿਜਾਈ ਕਰਨ ਵਿੱਚ ਅੱਠ ਤੋਂ ਦਸ ਦਿਨ ਦਾ ਸਮਾਂ ਹੀ ਹੁੰਦਾ ਹੈ। ਇਸ ਲਈ ਕਿਸਾਨ ਪਰਾਲੀ ਦੀ ਸਮੱਸਿਆ ਤੋਂ ਮਜਬੂਰੀ ਕਾਰਨ ਅੱਗ ਲਗਾਉਂਦਾ ਹੈ। ਖੇਤੀਬਾੜੀ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਪਰਾਲੀ ਦੀ ਅਹਿਮੀਅਤ ਸਮਝਣ। ਉਨ੍ਹਾਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਘੱਟ ਜ਼ਮੀਨ ਵਾਲੇ ਛੋਟੇ ਕਿਸਾਨ ਸਮੇਂ ਦੇ ਹਾਣੀ ਬਣ ਕੇ ਜਿੱਥੇ ਖ਼ੁਦ ਦੇ ਟ੍ਰੈਕਟਰ ਤੇ ਹੋਰ ਵੱਡੇ ਖੇਤੀ ਸੰਦ ਖਰੀਦਣ ਤੋਂ ਗੁਰੇਜ਼ ਕਰਨ, ਉਥੇ ਸਹਿਕਾਰੀ ਸਭਾਵਾਂ ਦੇ ਖੇਤੀ ਸੰਦ ਵਰਤਣ।
ਖੇਤਾਂ ਵਿੱਚ ਅੱਗ ਬੁਝਾਉਣ ਪੁੱਜੇ ਡੀਸੀ ਤੇ ਐੱਸਐੱਸਪੀ
ਫਰੀਦਕੋਟ: ਦੀਵਾਲੀ ਵਾਲੇ ਦਿਨ ਕਿਸਾਨਾਂ ਵੱਲੋਂ ਆਪਣੇ ਖੇਤ ਵਿੱਚ ਪਰਾਲੀ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਅੱਜ ਪੂਰਾ ਦਿਨ ਸਖਤੀ ਦਿਖਾਈ। ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ, ਡੱਲੇਵਾਲਾ ਅਤੇ ਬੁਰਜ ਮਸਤਾ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਗਈ ਅੱਗ ਬੁਝਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਖੁਦ ਖੇਤਾਂ ਵਿੱਚ ਪਹੁੰਚੇ ਅਤੇ ਉਨ੍ਹਾਂ ਪੁਲੀਸ ਅਤੇ ਅੱਗ ਬੁਝਾਊ ਅਮਲੇ ਦੀ ਮਦਦ ਨਾਲ ਪਰਾਲੀ ਨੂੰ ਲੱਗੀ ਅੱਗ ਬੁਝਾਈ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਪਿਛਲੇ ਸਾਲਾ ਨਾਲੋਂ ਇਸ ਵਾਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਕਿਸਾਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਪਰਾਲੀ ਨਾ ਸਾੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਸਾਲ 319 ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਸੀ ਜਦੋਂ ਕਿ ਇਸ ਵਾਰੀ ਸਿਰਫ 65 ਥਾਵਾਂ ‘ਤੇ ਅੱਗ ਲੱਗਣ ਦੀ ਸੂਚਨਾ ਹੈ।