ਦਿਮਾਗੀ ਦੌਰਿਆਂ ਤੇ ਹਾਦਸਾ ਪੀੜਤਾਂ ਦੇ ਇਲਾਜ ਲਈ ਹੋਣਗੇ ਪੁਖ਼ਤਾ ਇੰਤਜ਼ਾਮ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਨਵੰਬਰ
ਇੱਥੇ ਗੌਰਮਿੰਟ ਮੈਡੀਕਲ ਕਾਲਜ ਵਿੱਚ ‘ਵਿਸ਼ਵ ਸਟ੍ਰੋਕ ਦਿਵਸ’ ਮੌਕੇ ਸਟ੍ਰਾਈਕਰ ਦੇ ਸਹਿਯੋਗ ਨਾਲ ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਕਾਨਫਰੰਸ ਕਰਵਾਈ ਗਈ। ਜਿਸ ਦਾ ਉਦਘਾਟਨ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ, ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਅਜਿਹੇ ਪੁਖ਼ਤਾ ਪ੍ਰਬੰਧ ਕਰ ਰਹੀ ਹੈ ਕਿ ਕਿਸੇ ਵੀ ਵਿਅਕਤੀ ਦੀ ਦਿਮਾਗੀ ਦੌਰੇ ਜਾਂ ਸੜਕੀ ਹਾਦਸੇ ਕਰਕੇ ਸਿਰ ਦੀ ਸੱਟ ਨਾਲ ਜਾਨ ਨਾ ਜਾਵੇ। ‘ਫਰਿਸ਼ਤੇ ਸਕੀਮ’ ਵੀ ਸੜਕੀ ਹਾਦਸਿਆਂ ਦੇ ਪੀੜਤਾਂ ਲਈ ਰਾਹਤ ਦੇਵੇਗੀ। ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਦੀ ਘਾਟ ਕਰਕੇ ਮਰੀਜ਼ ਸਮੇਂ ’ਤੇ ਹਸਪਤਾਲ ਨਹੀਂ ਪਹੁੰਚ ਸਕਦਾ, ਇਸ ਲਈ ਸਟ੍ਰੋਕ ਦੀ ਜਾਗਰੂਕਤਾ ਲਈ ਵੀ ਸਿਹਤ ਵਿਭਾਗ ਵੱਲੋਂ ਕਦਮ ਉਠਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਦਿਮਾਗੀ ਦੌਰਿਆਂ ਤੇ ਸਟ੍ਰੋਕ ਦੇ ਇਲਾਜ ਲਈ ਬਿਹਤਰ ਪ੍ਰਬੰਧ ਮੌਜੂਦ ਹਨ।
ਕਾਨਫਰੰਸ ਦੌਰਾਨ ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ, ਨਿਊਰੋਲੋਜੀ ਦੇ ਪ੍ਰੋਫੈਸਰ ਜਯਾਰਾਜ ਪਾਂਡੀਅਨ ਨੇ ਦਿਮਾਗੀ ਦੌਰਿਆਂ ਦੇ ਕਾਰਨਾਂ, ਲੱਛਣਾਂ ਤੇ ਇਲਾਜ ਅਤੇ ਇਸ ਬਾਰੇ ਜਾਗਰੂਕਤਾ ਦੀ ਲੋੜ ਬਾਰੇ ਚਾਨਣਾ ਪਾਇਆ। ਫੋਰਟਿਸ ਹਸਪਤਾਲ ਤੋਂ ਡਾ. ਵਿਵੇਕ ਗੁਪਤਾ ਨੇ ਦਿਮਾਗੀ ਦੌਰਿਆਂ ਦੇ ਇਲਾਜ ਦੇ ਖੇਤਰ ਵਿੱਚ ਹੋਈਆਂ ਨਵੀਂਆਂ ਖੋਜਾਂ ਕਰਕੇ ਆਏ ਬਦਲਾਅ ਤੋਂ ਜਾਣੂ ਕਰਵਾਇਆ। ਮੰਚ ਸੰਚਾਲਨ ਡਾਇਰੈਕਟਰ ਤੇ ਮੁਖੀ ਹੈਲਥਕੇਅਰ ਐਡਵੋਕੇਸੀ ਡਾ. ਮਨੋਰਮਾ ਬਖ਼ਸ਼ੀ ਨੇ ਕੀਤਾ। ਕਾਨਫਰੰਸ ਮੌਕੇ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ. ਅਵਨੀਸ਼ ਕੁਮਾਰ, ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਬਿੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਐਮ.ਐਸ. ਮਾਨ, ਨਿਊਰੋਸਰਜਨ ਡਾ. ਹਰੀਸ਼ ਕੁਮਾਰ, ਡਿਪਟੀ ਐਮ.ਐਸ. ਡਾ. ਵਿਨੋਦ ਡੰਗਵਾਲ, ਸਟਰਾਈਕਰ ਤੋਂ ਸ਼ਾਹ ਫੈਜ਼ਲ, ਡਾ. ਮਨੋਜ ਮਾਥੁਰ ਮੌਜੂਦ ਸਨ।
ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ ’ਚ ਪੰਜਾਬ ਮੋਹਰੀ: ਡਾ. ਬਲਬੀਰ
ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ ’ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਉਹ ਅੱਜ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੇੜੇ ਆਮ ਆਦਮੀ ਕਲੀਨਿਕ ਵਿੱਚ ਪੰਜਾਬ ਰਾਜ ਤੰਬਾਕੂ ਰਹਤਿ ਦਿਵਸ ਸਬੰਧੀ ਕਰਵਾਏ ਸੂਬਾਈ ਸਮਾਗਮ ’ਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ 12.9 ਫ਼ੀਸਦੀ ਰਹਿ ਗਈ ਹੈ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਵਜੋਂ ਸਨਮਾਨਿਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਤਿ ਕੀਤੇ ਗਏ ਹਨ। ਈ-ਸਿਗਰਟ ਨੂੰ ਗ਼ੈਰ-ਮਨਜੂਰਸ਼ੁਦਾ ਡਰੱਗ ਐਲਾਨਣ ਵਾਲਾ ਪੰਜਾਬ ਪਹਿਲਾ ਅਤੇ ਹੁੱਕਾਬਾਰਾਂ ’ਤੇ ਪਾਬੰਦੀ ਲਗਾਉਣ ਵਾਲਾ ਦੂਜਾ ਸੂਬਾ ਬਣ ਗਿਆ ਹੈ। 800 ਪਿੰਡਾਂ ਨੇ ਖ਼ੁਦ ਨੂੰ ਤੰਬਾਕੂ ਮੁਕਤ ਐਲਾਨਿਆ ਹੋਇਆ ਹੈ ਤੇ 98 ਫ਼ੀਸਦੀ ਵਿਦਿਅਕ ਸੰਸਥਾਵਾਂ ਨੂੰ ਵੀ ਤੰਬਾਕੂ ਮੁਕਤ ਕੀਤਾ ਜਾ ਚੁੱਕਾ ਹੈ।ਉਨ੍ਹਾ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਦਾ ਖ਼ਤਰ ਵਧਦਾ ਹੈ। ਮੰਤਰੀ ਨੇ ਇਸ ਮੌਕੇ ਤੰਬਾਕੂ ਵਿਰੋਧੀ ਸਹੁੰ ਚੁਕਾਈ ਤੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ। ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਅਤੇ ਪ੍ਰਾਇਮਰੀ ਸਿਹਤ ਸੰਸਥਾਵਾਂ ਨੂੰ ਤੰਬਾਕੂ ਮੁਕਤ ਐਲਾਨਣ ਅਤੇ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ 1 ਤੋਂ 7 ਨਵੰਬਰ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਐੱਸਡੀਐੱਮ ਦੂਧਨਸਾਧਾਂ ਕਿਰਪਾਲਵੀਰ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ, ਸਹਾਇਕ ਡਾਇਰੈਕਟਰ ਡਾ. ਜਸਕਿਰਨਦੀਪ ਕੌਰ ਆਦਿ ਹਾਜ਼ਰ ਸਨ।