For the best experience, open
https://m.punjabitribuneonline.com
on your mobile browser.
Advertisement

ਤਲਖ਼ ਹਕੀਕਤਾਂ ਦਾ ਸਿਰਨਾਵਾਂ

08:06 AM Jan 05, 2024 IST
ਤਲਖ਼ ਹਕੀਕਤਾਂ ਦਾ ਸਿਰਨਾਵਾਂ
Advertisement

ਡਾ. ਅਮਰ ਕੋਮਲ

Advertisement

ਇੱਕ ਪੁਸਤਕ - ਇੱਕ ਨਜ਼ਰ

Advertisement

ਸਮੇਂ ਸਮੇਂ ਦੀਆਂ ਬਾਤਾਂ ਹਨ। ਪੰਜਾਬੀ ਕਹਾਣੀ ਦੀ ਉਤਪਤੀ ਤੇ ਵਿਕਾਸ ਦੇ ਮੁੱਢਲੇ ਦਿਨਾਂ ਦੇ ਕਹਾਣੀਕਾਰਾਂ ’ਚੋਂ ਕਿਸੇ ਤਿੰਨ ਕਹਾਣੀਕਾਰਾਂ ਨੂੰ ਉਸ ਸਮੇਂ ਦੇ ਕਹਾਣੀਕਾਰ ਮੰਨ ਲਿਆ ਕਰਦੇ ਸਾਂ; ਭਾਵੇਂ ਪਸੰਦ ਆਪਣੀ ਆਪਣੀ ਹੁੰਦੀ ਹੈ; ਪਰ ਕਹਾਣੀ ਦੇ ਵਧੀਆ ਹੋਣ ਦੇ ਮਾਪਦੰਡ ਕਿਸੇ ਕਹਾਣੀਕਾਰ ਦੀ ਕਹਾਣੀ ਨੂੰ ਵਧੀਆ ਕਹਾਣੀ ਹੋਣ ਦਾ ਮਾਣ ਪ੍ਰਦਾਨ ਕਰਵਾਉਂਦੇ ਹਨ। ਪਾਠਕਾਂ, ਆਲੋਚਕਾਂ ਦੇ ਮਨ, ਬੁੱਧੀ ਕਿਸੇ ਨੂੰ ਵਧੀਆ ਕਹਾਣੀਕਾਰ ਸਵੀਕਾਰਨ ਵਿੱਚ ਗ਼ਲਤ ਫ਼ੈਸਲਾ ਨਹੀਂ ਕਰਦੇ। ਖ਼ਲਕਤ ਦੀ ਆਵਾਜ਼ ਹੀ ਖ਼ਾਲਕ ਦੀ ਆਵਾਜ਼ ਹੁੰਦੀ ਹੈ। ਕਿਸੇ ਕਹਾਣੀਕਾਰ ਨੂੰ ਵਧੀਆ ਕਹਿ ਦੇਣ ਵਾਲੀਆਂ ਦਲੀਲਾਂ ਲਈ ਕੁਝ ਮਾਪਦੰਡ ਹੁੰਦੇ ਹਨ। ਆਲੋਚਕ, ਵਿਵੇਚਕ, ਪਾਰਖੂ ਪਰਖ-ਪੜਤਾਲ ਕੇ ਹੀ ਫ਼ੈਸਲਾ ਕਰਦੇ ਹਨ।
ਹਥਲੀ ਪੁਸਤਕ ‘ਕਿੰਨੇ ਸਾਰੇ ਡੈਡੀ: ਗੁਰਪਾਲ ਸਿੰਘ ਲਿੱਟ ਦੀਆਂ 21 ਕਹਾਣੀਆਂ (ਸੰਪਾਦਕ : ਗੁਰਬਚਨ ਸਿੰਘ ਭੁੱਲਰ; ਕੀਮਤ: 750 ਰੁਪਏ; ਆਰਸੀ ਪਬਲਿਸ਼ਰਜ, ਨਵੀਂ ਦਿੱਲੀ)’ ਦੀ ਗੱਲ ਕਰੀਏ ਤਾਂ ਇਸ ਵਿਚਲੀਆਂ ਇੱਕੀ ਕਹਾਣੀਆਂ ਦੇ ਵਿਸ਼ੇ ਬਹੁਭਾਂਤੀ ਮਨੁੱਖੀ ਫ਼ਿਤਰਤ ਨਾਲ ਸਬੰਧਿਤ ਹਨ, ਪਰ ਇਨ੍ਹਾਂ ਕਹਾਣੀਆਂ ਦੇ ਪਾਤਰ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀਆਂ ਸ਼ਕਤੀਆਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚੰਡ ਰੂਪ ਵਿੱਚ ਭੋਗਦੇ ਦਿਖਾਏ ਹਨ। ਮਨ ਦੀਆਂ ਪੰਜੇ ਸ਼ਕਤੀਆਂ ਉਤੇਜਿਤ ਹੋ ਜਾਣ ਤਾਂ ਮਨੁੱਖ ਪਸ਼ੂ ਰੂਪ ਧਾਰ ਕੇ ਪਾਗਲ ਬਣ ਜਾਂਦਾ ਹੈ। ਅਜਿਹਾ ਵਿਅਕਤੀ ਬੁੱਧੀਹੀਣ ਹੋ ਜਾਂਦਾ ਹੈ। ਮਾਨਵੀ ਤਨ ਦੀ ਸੰਰਚਨਾ ਅਲੌਕਿਕ ਹੈ। ਜਿਸ ਅੰਦਰ ਦਿਲ ਹੈ, ਦਿਮਾਗ਼ ਹੈ, ਬੁੱਧੀ ਹੈ, ਮਨ ਹੈ। ਮਨ ਅੰਦਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੈ। ਇਨ੍ਹਾਂ ਪਰਤਾਪੀ ਸ਼ਕਤੀਆਂ ਵਿੱਚ ਉਲਝਿਆ ਮਾਨਵ (ਅਥਵਾ ਨਿੱਕੇ ਵੱਡੇ ਜੀਵ) ਆਪਣਾ ਸਾਰਾ ਜੀਵਨ ਗੁਜ਼ਾਰ ਦਿੰਦੇ ਹਨ।
ਗੁਰਪਾਲ ਸਿੰਘ ਲਿੱਟ ਦੀਆਂ ਇਨ੍ਹਾਂ ਇੱਕੀ ਕਹਾਣੀਆਂ ਦੇ ਆਧਾਰੀ ਤੱਤਾਂ ਵਿੱਚ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਭਾਰੂ ਹਨ। ਇਨ੍ਹਾਂ ਵਿੱਚ ਮੁਬਤਲਾ ਪਾਤਰ ਉਸ ਦੀਆਂ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਬਣਦੇ ਹਨ। ਇਹ ਆਮ ਕਹਾਵਤ ਹੈ ਕਿ ਜਿੰਨੇ ਵਿਸ਼ੇ ਕਹਾਣੀਕਾਰ ਦੇ ਆਪ ਭੋਗੇ ਹੋਣ, ਓਨੀ ਉਹ ਕਹਾਣੀ ਸਫਲ ਮੰਨੀ ਜਾਂਦੀ ਹੈ, ਪਰ ਗੁਰਪਾਲ ਸਿੰਘ ਲਿੱਟ ਆਪਣੇ ਨਿੱਜੀ ਜੀਵਨ ਵਿੱਚ ਵਧੇਰੇ ਘਰੇਲੂ ਦੁੱਖਾਂ ਅਤੇ ਸਮਾਜਿਕ ਸਮੱਸਿਆਵਾਂ ਵਿੱਚ ਉਲਝਿਆ ਰਿਹਾ ਹੈ। ਉਹ ਆਪਣੀ ਮੌਤ ਨਾਲ ਲੜਦਿਆਂ, ਸੰਘਰਸ਼ ਕਰਦਿਆਂ ਸਾਡੇ ਪਾਠਕਾਂ ਲਈ ਆਪਣੀਆਂ ਕਹਾਣੀਆਂ ਦੇ ਰੂਪ ਵਿੱਚ ਅਮੁੱਲ ਖ਼ਜ਼ਾਨਾ ਭੇਟਾ ਕਰ ਕੇ 2018 ਵਿੱਚ ਸਦੀਵੀ ਵਿਛੋੜਾ ਦੇ ਗਿਆ।
ਗੁਰਪਾਲ ਸਿੰਘ ਲਿੱਟ ਦੀਆਂ ਕਹਾਣੀਆਂ ਵਿੱਚ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਮਾਨਸਿਕ-ਕਸ਼ਟ ਭੋਗਦੇ ਵਧੇਰੇ ਪਾਤਰ ਤਣਾਅ ਗ੍ਰਸੇ ਅਤੇ ਸੰਕਟ ਭੋਗਦੇ ਦਿਖਾਏ ਗਏ ਹਨ। ਕਹਾਣੀ ‘ਕਿੰਨੇ ਸਾਰੇ ਡੈਡੀ’ ਦੀ ਜਵਾਨ ਪਾਤਰ ਬਿੱਟੋ ਹੈ, ਜੋ ਆਪਣੀ ਮਾਂ ਦੇ ਪਹਿਲੇ ਮਰਹੂਮ ਪਤੀ ਦੀ ਬੇਟੀ ਹੈ, ਪਰ ਉਸ ਦੀ ਮਾਂ ਨੂੰ ਦੂਜਾ ਵਿਆਹ ਕਰਨਾ ਪਿਆ ਜਿਸ ਕਾਰਨ ਇਸ ਲੜਕੀ ਨੂੰ ਮਾਂ ਦੇ ਨਵੇਂ ਪਤੀ ਦੇ ਘਰ ਰਹਿਣਾ ਪਿਆ। ਬਿੱਟੋ ਆਪਣੇ ਦੂਜੇ ਡੈਡੀ ਦਾ ਪਿਆਰ ਪ੍ਰਾਪਤ ਕਰਨ ਦੀ ਥਾਂ ਉਸ ਦੀਆਂ ਭੈੜੀਆਂ ਕਾਮੁਕ ਹਰਕਤਾਂ ਦਾ ਸ਼ਿਕਾਰ ਬਣਦੀ ਹੈ। ਰਿਸ਼ਤਿਆਂ ਦੀਆਂ ਪਾਕ ਪਵਿੱਤਰ ਭਾਵਨਾਵਾਂ ਕਿਵੇਂ ਟੁੱਟਦੀਆਂ ਹਨ, ਕਿਵੇਂ ਪਹਿਲੇ ਵਿਆਹ ਦੀਆਂ ਜਵਾਨ ਪਰ ਮਾਸੂਮ ਕੁੜੀਆਂ ਤਣਾਅ ਗ੍ਰੱਸੇ ਦਿਨ ਭੋਗਦੀਆਂ ਹਨ, ਅਸੀਂ ਇਸ ਕਹਾਣੀ ਨੂੰ ਪੜ੍ਹ ਕੇ ਅਨੁਭਵ ਕਰ ਸਕਦੇ ਸਾਂ। ਗੁਪਤ ਰੂਪ ਵਿੱਚ ਪਤਾ ਨਹੀਂ ਕਿੰਨੀਆਂ ਜਵਾਨ ਕੁੜੀਆਂ ਅਜਿਹੇ ਹਾਲਾਤ ਵਿੱਚ ਦੁਖਾਂਤ ਭੋਗ ਰਹੀਆਂ ਹੋਣਗੀਆਂ। ਕਹਾਣੀਕਾਰ ਨੇ ਇਸ ਕਹਾਣੀ ਰਾਹੀਂ ਅਜੋਕੇ ਸਮੇਂ ਵਿੱਚ ਔਰਤ ਦੀ ਇਸ ਸਮੱਸਿਆ ਵੱਲ ਸਾਡਾ ਧਿਆਨ ਦਿਵਾਇਆ ਹੈ। ਇਹ ਹਰਕਤਾਂ ਬਲਾਤਕਾਰ ਤੋਂ ਘੱਟ ਨਹੀਂ। ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਵਧੀਕੀਆਂ ਦਾ ਸ਼ਿਕਾਰ ਤਾਂ ਬਣੀਆਂ ਰਹਿੰਦੀਆਂ ਹਨ, ਤਣਾਅ ਵੀ ਝੱਲਦੀਆਂ ਰਹਿੰਦੀਆਂ ਹਨ; ਪਰ ਬਗ਼ਾਵਤ ਨਹੀਂ ਕਰਦੀਆਂ। ਕਿਉਂ? ਇਸ ਲਈ ਕਿ ਸਮਾਜ ਕੀ ਕਹੇਗਾ?
ਗੁਰਬਚਨ ਸਿੰਘ ਭੁੱਲਰ ਸੰਪਾਦਕੀ ਪੰਨੇ ’ਤੇ ਆਪਣੇ ਵਿਚਾਰ ਪੇਸ਼ ਕਰਦਾ ਲਿਖਦਾ ਹੈ ਕਿ ‘‘ਉਹਦੀ ਕਹਾਣੀ ਦੀਆਂ ਨਿਵੇਕਲੀਆਂ ਪਛਾਣਾਂ ਹਨ। ਇੱਕ ਆਕਾਰ ਦੇ ਪੱਖੋਂ ਪੰਜਾਬੀ ਦੇ ਉਨ੍ਹਾਂ ਗਲਪਕਾਰਾਂ ਵਿੱਚ ਗਿਣਿਆ ਜਾਂਦਾ ਸੀ ਜੋ ਲੰਮੀਆਂ ਕਹਾਣੀਆਂ ਲਿਖਦੇ ਸਨ। ਪਰ ਕੋਈ ਸੱਚਾ ਲੇਖਕ, ਜਾਣ-ਬੁੱਝ ਕੇ ਤਾਂ ਅਜਿਹਾ ਨਹੀਂ ਕਰਦਾ। ਜੇ ਲੇਖਕ ਨੇ ਪਾਣੀ ਨਾ ਪਾਇਆ ਹੋਵੇ ਤਾਂ ਕਹਾਣੀ ਆਪਣਾ ਆਕਾਰ ਆਪਣੇ ਨਾਲ ਲੈ ਕੇ ਆਉਂਦੀ ਹੈ ਅਤੇ ਇਹਦਾ ਸਬੰਧ ਉਹਦੇ ਵਿਸ਼ੇ ਨਾਲ ਤੇ ਲੇਖਕ ਵੱਲੋਂ ਉਹ ਵਿਸ਼ਾ ਪਾਠਕਾਂ ਅੱਗੇ ਪਰੋਸੇ ਜਾਣ ਦੀ ਵਿਧੀ ਨਾਲ ਹੁੰਦਾ ਹੈ।’’
ਜੇਕਰ ਅਸੀਂ ਇਹੋ ਪ੍ਰਕਿਰਿਆ ਗੁਰਪਾਲ ਸਿੰਘ ਲਿੱਟ ਦੀਆਂ ਕਹਾਣੀਆਂ ਉਪਰ ਲਾਗੂ ਕਰਦੇ ਹਾਂ ਤਾਂ ਸਹਿਜੇ ਸਪੱਸ਼ਟ ਹੁੰਦਾ ਹੈ ਕਿ ਉਸ ਦੀ ਹਰ ਕਹਾਣੀ ਸਹਿਜ ਸੁਭਾਵਿਕ ਆਰੰਭ ਹੁੰਦੀ ਹੋਈ ਅੱਧ ਤੋਂ ਪਹਿਲਾਂ ਹੌਲੀ ਹੌਲੀ ਗੁੰਝਲਦਾਰ ਸਮੱਸਿਆ ਵੱਲ ਵਧਦੀ ਹੈ। ਮੁੱਖ ਪਾਤਰ ਨੂੰ ਸਮੱਸਿਆਗ੍ਰਸਤ; ਉਲਝਿਆ ਬਣਾ ਕੇ ਪੇਸ਼ ਕਰਦੀ ਹੋਈ ਸਮਾਪਤ ਹੋ ਜਾਂਦੀ ਹੈ। ਕਿਵੇਂ, ਕਿਉਂ, ਕਿਸ ਲਈ, ਇਨ੍ਹਾਂ ਦੇ ਉੱਤਰ ਹੌਲੀ-ਹੌਲੀ ਕਹਾਣੀ ਪੜ੍ਹਦਿਆਂ ਆਮ ਪਾਠਕ ਕਹਾਣੀ ਦੇ ਅੰਤ ਤੱਕ ਪਹੁੰਚਦਿਆਂ ਆਪ ਪ੍ਰਾਪਤ ਕਰ ਲੈਂਦੇ ਹਨ।
ਉਸ ਨੇ ਆਪਣੀ ਜ਼ਿੰਦਗੀ ਵਿੱਚ ਨਿੱਕੀਆਂ ਵੱਡੀਆਂ ਸਮੱਸਿਆਵਾਂ ਨੂੰ ਭੋਗਿਆ ਹੀ ਨਹੀਂ; ਹੱਡੀਂ ਹੰਢਾਇਆ ਹੈ, ਦੁੱਖ ਹੰਢਾਏ ਹਨ। ਨਿੱਜੀ ਦੁੱਖਾਂ ਨੂੰ ਹੰਢਾ ਕੇ ਸਮਾਜ ਦੇ ਨਿੱਕੇ ਵੱਡੇ ਦੁੱਖ ਲੱਭ ਕੇ, ਉਨ੍ਹਾਂ ਦਰਦਾਂ ਦੀ ਤਸਵੀਰਕਸ਼ੀ ਕੀਤੀ ਹੈ। ਬੇਲਗਾਮ ਹੋਏ ਮਰਦਾਂ ਦੇ ਹਵਸੀ ਬਣੇ ਕਿਰਦਾਰਾਂ ਨੂੰ ਬੇਪਰਦ ਕੀਤਾ ਹੈ। ਪਤੀ ਪਤਨੀ ਦੇ ਅਧੂਰੇ ਰਿਸ਼ਤਿਆਂ ਦੇ ਦੁਖਾਂਤ ਪੇਸ਼ ਕੀਤੇ ਹਨ।
ਗੁਰਪਾਲ ਲਿੱਟ ਨੇ ਆਪਣੇ ਜੀਵਨ ਅੰਦਰ ਸਾਰੀ ਉਮਰ ਸੰਘਰਸ਼ ਕਰਦਿਆਂ, ਸੱਚ-ਹੱਕ ਦੀ ਲੜਾਈ ਲੜਦਿਆਂ, ਨਿੱਜੀ ਦੁੱਖਾਂ ਦਾ ਡਟ ਕੇ ਸਾਹਮਣਾ ਕਰਦਿਆਂ, ਅੰਤ ਆਪਣੀ ਮੌਤ ਦਾ ਵੀ ਡਟ ਕੇ ਮੁਕਾਬਲਾ ਕੀਤਾ ਸੀ। ਇੰਜ ਪਤਾ ਲੱਗਦਾ ਹੈ ਕਿ ਉਸ ਨੇ ਆਪਣੀਆਂ ਕਹਾਣੀਆਂ ਦੇ ਦੁੱਖ ਭੋਗਦੇ ਪਾਤਰਾਂ ਦਾ ਦੁੱਖ ਜਿਵੇਂ ਆਪ ਹੰਢਾਇਆ ਹੋਵੇ।
ਉਸ ਦੀ ਜੀਵਨ ਸਾਥਣ ਬਲਵਿੰਦਰ ਗਰੇਵਾਲ ਉਸ ਦੇ ਅੰਤਲੇ ਪਲਾਂ ਦਾ ਚਿਤਰਨ ਕਰਦੀ ਹੈ ਜਿਸ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਗੁਰਪਾਲ ਲਿੱਟ ਕਿੰਨਾ ਦਿਲ ਵਾਲਾ, ਬਹਾਦਰ, ਦਲੇਰ ਅਤੇ ਨਿਡਰ ਵਿਅਕਤੀ ਸੀ। ਨਿੱਜੀ ਦੁੱਖ ਝੱਲ ਕੇ, ਉਸ ਨੇ ਆਪਣੀ ਮੌਤ ਦਾ ਕਿਵੇਂ ਸਾਹਮਣਾ ਕੀਤਾ ਸੀ। ਇਸੇ ਲਈ ਮਨੁੱਖੀ ਸੰਵੇਦਨਾਵਾਂ ਵਿੱਚ ਮਾਨਵੀ ਦੁਖਾਂਤ ਨੂੰ ਸੰਮਿਲਿਤ ਕਰ ਕੇ ਇਨ੍ਹਾਂ 21 ਕਹਾਣੀਆਂ ਨੂੰ ਵੇਦਨਾ-ਸੰਵੇਦਨਾ ਰਾਹੀਂ ਪੇਸ਼ ਕੀਤਾ ਹੈ।
ਕਹਾਣੀਕਾਰ ਇਨ੍ਹਾਂ ਕਹਾਣੀਆਂ ਰਾਹੀਂ ਵਰਤਮਾਨ ਸਮਾਜ ਦੇ ਯਥਾਰਥ ਨਾਲ ਉਸ ਮਾਨਸਿਕ ਦੁਖਾਂਤ ਦਾ ਯਥਾਰਥਕ ਬਿਆਨ ਕਰ ਗਿਆ ਹੈ ਜਿਨ੍ਹਾਂ ਨੂੰ ਅਸੀਂ ਧਰਤੀ ਦੇ ਦੁਖਾਂਤ ਦੇ ਅਜਿਹੇ ਵਿਅਕਤੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਜਨਮ ਲੈਣ ਉਪਰੰਤ ਸਰੀਰਕ, ਮਾਨਸਿਕ ਦੁੱਖ ਭੋਗੇ ਹਨ। ਇਨ੍ਹਾਂ ਵਿੱਚ ਵਧੇਰੇ ਨੌਜਵਾਨ ਹੋ ਰਹੀਆਂ ਕੁੜੀਆਂ, ਔਰਤਾਂ, ਬੁਢਾਪਾ ਭੋਗ ਰਹੇ ਮਰਦ ਅਤੇ ਔਰਤਾਂ ਹਨ। ਗੁਰਪਾਲ ਲਿੱਟ ਦੀਆਂ ਇਹ ਕਹਾਣੀਆਂ ਸੱਚਮੁੱਚ ਸਮੇਂ ਦਾ ਸੱਚ ਅਤੇ ਤਲਖ਼ ਹਕੀਕਤਾਂ ਦਾ ਸਿਰਨਾਵਾਂ ਹਨ। ਪਾਠਕ ਜਿਉਂ ਜਿਉਂ ਇਨ੍ਹਾਂ ਨੂੰ ਪੜ੍ਹਨਗੇ, ਵੇਦਨਾ-ਸੰਵੇਦਨਾ ਦੇ ਭਵਸਾਗਰ ਵਿੱਚ ਡੁਬਕੀਆਂ ਲਾਉਣ ਦੇ ਅਹਿਸਾਸ ਅਨੁਭਵ ਕਰਨਗੇ।
ਗੁਰਪਾਲ ਸਿੰਘ ਲਿੱਟ ਨੇ ਵਧੇਰੇ ਕਹਾਣੀਆਂ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਅਤੇ ਇੱਕੀਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਲਿਖੀਆਂ ਸਨ। ਇਹ ਹੌਲੀ ਹੌਲੀ ਹੋ ਰਹੀ ਤਬਦੀਲੀ ਦਾ ਸਮਾਂ ਸੀ। ਲੰਮੀਆਂ ਕਹਾਣੀਆਂ ਲਿਖਣ ਦਾ ਸਮਾਂ ਲੱਦ ਗਿਆ ਹੈ। ਅੱਜ ਲੰਮੀਆਂ ਕਹਾਣੀਆਂ ਪੜ੍ਹਨ ਵਾਲੇ ਪਾਠਕ ਬਹੁਤ ਘੱਟ ਹਨ। ਹਾਂ, ਕਿਸੇ ਦੌਰ ਵਿੱਚ ਲੰਮੀਆਂ ਕਹਾਣੀਆਂ ਲਿਖੀਆਂ ਗਈਆਂ। ਉਨ੍ਹਾਂ ਲੇਖਕਾਂ ਵਿੱਚ ਗੁਰਪਾਲ ਸਿੰਘ ਲਿੱਟ ਦਾ ਨਾਂ ਵੀ ਬੋਲਦਾ ਹੈ। ਉਸ ਦੀਆਂ ਇਨ੍ਹਾਂ ਚੋਣਵੀਆਂ ਕਹਾਣੀਆਂ ਪੜ੍ਹਨ ਵਾਲੇ ਅੱਜ ਕਿੰਨੇ ਪਾਠਕ ਹਨ, ਇਹ ਸਰਵੇਖਣ ਕਰਵਾਇਆ ਜਾ ਸਕਦਾ ਹੈ।
ਕਹਾਣੀ ਦੇ ਮੂਲ ਤੱਤ- ਵਿਸ਼ਾ, ਪਾਤਰ, ਕਥਨ ਵਿਧੀ, ਸ਼ੈਲੀ ਆਦਿ ਵੀ ਸਰਲਤਾ, ਸੰਖੇਪਤਾ ਅਤੇ ਸਪੱਸ਼ਟਤਾ ਨਾਲ ਲਿਆਉਣ ਦਾ ਯਤਨ ਕਰ ਰਹੇ ਹਨ। ਗੁਰਪਾਲ ਸਿੰਘ ਲਿੱਟ ਨੇ ਆਪਣੇ ਸਮੇਂ ਜਿੰਨੀਆਂ ਵੀ ਕਹਾਣੀਆਂ ਦੀ ਰਚਨਾ ਕੀਤੀ, ਸਭ ਲੰਮੀਆਂ ਹੀ ਸਨ। ਇਸ ਖੇਤਰ ਵਿੱਚ ਉਸ ਦਾ ਨਾਂ ਸਦਾ ਲਿਆ ਜਾਂਦਾ ਰਹੇਗਾ।

ਸੰਪਰਕ: 84378-73565

Advertisement
Author Image

sukhwinder singh

View all posts

Advertisement