For the best experience, open
https://m.punjabitribuneonline.com
on your mobile browser.
Advertisement

ਪਤਾਸਿਆਂ ਵਾਲੇ ਲਿਫ਼ਾਫ਼ੇ

08:04 AM May 04, 2024 IST
ਪਤਾਸਿਆਂ ਵਾਲੇ ਲਿਫ਼ਾਫ਼ੇ
Advertisement

ਲਾਭ ਸਿੰਘ ਸ਼ੇਰਗਿੱਲ

Advertisement

ਪਹਿਲਾਂ ਨਾਲੋਂ ਸਮੇਂ ਵਿੱਚ ਹੁਣ ਬਹੁਤ ਤਬਦੀਲੀ ਆ ਗਈ ਹੈ। ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਬੋਲ-ਚਾਲ, ਵਰਤ-ਵਰਤਾਰਾ, ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਆਦਿ ਕਹਿਣ ਦਾ ਭਾਵ ਪੂਰੇ ਸੱਭਿਆਚਾਰ ਵਿੱਚ ਬਦਲਾਅ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਸਾਦਗੀ ਕਿਤੇ ਵੀ ਨਜ਼ਰ ਨਹੀਂ ਪੈਂਦੀ। ਹੁਣ ਤਾਂ ਜਿਵੇਂ ‘ਸਾਦੇ’ ਸ਼ਬਦ ਦੀ ਅਹਿਮੀਅਤ ਹੀ ਘਟ ਗਈ ਹੈ। ਇਸ ਦੀ ਥਾਂ ‘ਮਹਿੰਗੇ’ ਤੇ ‘ਵਿਖਾਵੇ’ ਸ਼ਬਦਾਂ ਨੇ ਮੱਲ ਲਈ ਹੈ। ਆਲੇ-ਦੁਆਲੇ ਨਜ਼ਰ ਮਾਰਿਆਂ ਸਭ ਪਾਸੇ ਖ਼ਰਚੀਲੇ ਸਮਾਗਮਾਂ ਦਾ ਬੋਲਬਾਲਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਵਿਤ ਤੋਂ ਬਾਹਰ ਹੋ ਕੇ ਵੇਖਾ-ਵੇਖੀ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ ਜਿਸ ਨਾਲ ਪਰਿਵਾਰਾਂ ਦੀ ਆਰਥਿਕ ਦਸ਼ਾ ਨਿੱਤ ਗਿਰਾਵਟ ਵੱਲ ਜਾ ਰਹੀ ਹੈ। ਬਹੁਤੀ ਵਾਰ ਪਰਿਵਾਰਾਂ ਵਿੱਚ ਲੜਾਈ-ਝਗੜੇ ਅਤੇ ਖੁਦਕੁਸ਼ੀਆਂ ਇਸੇ ਵਜ੍ਹਾ ਕਰਕੇ ਹੁੰਦੇ ਹਨ ਜੋ ਹੱਸਦੇ ਵਸਦੇ ਘਰਾਂ ਦੀਆਂ ਖ਼ੁਸ਼ੀਆਂ ਨੂੰ ਸਦਾ ਲਈ ਗ਼ਮੀਆਂ ਵਾਲੇ ਪਾਸੇ ਧਕੇਲ ਦਿੰਦੇ ਹਨ।
ਪਰਿਵਾਰਾਂ ਵਿਚਲਾ ਸੋਥਾ (ਸਾਥ) ਖ਼ਤਮ ਹੋ ਰਿਹਾ ਹੈ। ਇਕਹਿਰੇ ਪਰਿਵਾਰਾਂ ਦੀ ਭਰਮਾਰ ਹੈ। ਇੱਕ ਸਮਾਂ ਸੀ ਜਦੋਂ ਪੂਰਾ ਪਰਿਵਾਰ ਤੇ ਪੂਰਾ ਸ਼ਰੀਕਾ ਖ਼ੁਸ਼ੀ-ਗ਼ਮੀ ਵਿੱਚ ਨਾਲ ਖੜ੍ਹਦਾ ਸੀ ਅਤੇ ਸਾਰੇ ਮਿਲ ਕੇ ਇਨ੍ਹਾਂ ਰਸਮਾਂ ਨੂੰ ਨਿਭਾਉਂਦੇ ਸਨ। ਜਦੋਂ ਕਿਸੇ ਪਰਿਵਾਰ ਵਿੱਚ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਤਾਂ ਸ਼ਰੀਕੇ ਤੇ ਆਂਢ-ਗੁਆਂਢ ਦੇ ਪਰਿਵਾਰਾਂ ਵਿੱਚ ਪੂਰੇ ਚਾਅ ਤੇ ਖੇੜੇ ਦੇਖਣ ਨੂੰ ਮਿਲਦੇ ਸਨ। ਵੱਡੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਹੀਂ ਸੀ ਥੱਕਦੇ। ਪਰਿਵਾਰ ਦੇ ਜੁਆਕਾਂ ਨੂੰ ਤਾਂ ਅਜਿਹੇ ਖ਼ੁਸ਼ੀ ਦੇ ਮੌਕਿਆਂ ’ਤੇ ਪ੍ਰਸੰਨਤਾ ਹੁੰਦੀ ਹੀ ਸੀ, ਗਲ਼ੀ ਗੁਆਂਢ ਦੇ ਬੱਚਿਆਂ ਨੂੰ ਵੀ ਬੜੀ ਖ਼ੁਸ਼ੀ ਹੁੰਦੀ ਸੀ।
ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਜੇ ਪਿੰਡ ਵਿੱਚ ਕਿਸੇ ਦੇ ਘਰ ਉਨ੍ਹਾਂ ਦੇ ਮੁੰਡੇ ਨੂੰ ਸਾਕ ਹੁੰਦਾ ਸੀ। ਸਾਡੇ ਇਲਾਕੇ ’ਚ ਸਾਕ ਹੀ ਕਹਿੰਦੇ ਹਨ, ਕਈ ਥਾਈਂ ਇਸ ਨੂੰ ਮੰਗਣਾ, ਰੋਕਾ, ਠਾਕਾ ਆਦਿ ਵੀ ਕਿਹਾ ਜਾਂਦਾ ਹੈ। ਸਾਕ ਵਾਲੇ ਘਰ ਦੇ ਕੋਠੇ ’ਤੇ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਲਾਇਆ ਜਾਂਦਾ। ਸਪੀਕਰ ਵਿੱਚ ਭਾਂਤ-ਭਾਂਤ ਦੇ ਗਾਇਕਾਂ ਦੇ ਰਿਕਾਰਡ ਵੱਜਦੇ ਜਿਨ੍ਹਾਂ ਦੇ ਬੋਲ ਨਾ ਚਾਹੁੰਦਿਆਂ ਵੀ ਕੰਨਾਂ ਵਿੱਚ ਪਈ ਜਾਂਦੇ। ਉਸ ਘਰੋਂ ਸਪੀਕਰ ਵਿੱਚ ਬੋਲਿਆ ਜਾਂਦਾ ਕਿ ਫਲਾਣੇ ਦੇ ਮੁੰਡੇ ਨੂੰ ਸ਼ਗਨ ਪੈ ਰਿਹਾ ਹੈ, ਸਾਰੇ ਸ਼ਗਨ ’ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਜਿਉਂ ਹੀ ਅਸੀਂ ਇਹ ਆਵਾਜ਼ ਸੁਣਦੇ, ਆਪਣੇ-ਆਪਣੇ ਆੜੀਆਂ ਨਾਲ ਪਤਾਸੇ ਖਾਣ ਲਈ ਉਸ ਘਰ ਪਹੁੰਚ ਜਾਂਦੇ। ਜਦੋਂ ਮੁੰਡੇ ਨੂੰ ਸ਼ਗਨ ਪੈ ਹਟਦਾ ਤਾਂ ਪਿੰਡ ਦੇ ਗਲੀ ਗੁਆਂਢ ’ਚੋਂ ਤੇ ਵਰਤ ਵਰਤਾਵੇ ਵਾਲੇ ਸਾਰਿਆਂ ਨੂੰ ਜੋ ਸ਼ਗਨ ’ਤੇ ਪਹੁੰਚਦੇ ਸਨ, ਉਨ੍ਹਾਂ ਨੂੰ ਪਤਾਸੇ ਵੰਡੇ ਜਾਂਦੇ। ਪਤਾਸੇ ਵੰਡਣ ਦਾ ਕੰਮ ਤਿੰਨ-ਚਾਰ ਨੌਜਵਾਨਾਂ ਦਾ ਹੁੰਦਾ। ਉਹ ਟੋਕਰਿਆਂ ਵਿੱਚ ਖਾਖੀ ਕਾਗਜ਼ ਦੇ ਛੋਟੇ-ਛੋਟੇ ਲਿਫ਼ਾਫ਼ਿਆਂ ’ਚ ਪਤਾਸੇ ਪਾ ਕੇ ਸ਼ਗਨ ’ਤੇ ਪਹੁੰਚਣ ਵਾਲਿਆਂ ਨੂੰ ਵੰਡਦੇ। ਜੁਆਕਾਂ ਨੂੰ ਪਰਾਂਤਾਂ ਵਿੱਚ ਪਾਏ ਖੁੱਲ੍ਹੇ ਪਤਾਸੇ ਮੁੱਠੀ ਮੁੱਠੀ ਵੰਡੇ ਜਾਂਦੇ। ਸਾਨੂੰ ਇਹ ਹੁੰਦਾ ਕਿ ਪਤਾਸਿਆਂ ਵਾਲਾ ਲਿਫ਼ਾਫ਼ਾ ਮਿਲੇ ਪਰ ਇਹ ਘੱਟ ਹੀ ਮਿਲਦਾ। ਜੇ ਕਦੇ ਮਿਲ ਜਾਂਦਾ ਤਾਂ ਬਾਹਲਾ ਚਾਅ ਚੜ੍ਹਨਾ ਕਿ ਪਤਾ ਨਹੀਂ ਕੀ ਮਿਲ ਗਿਆ। ਲਿਫਾਫ਼ਾ ਚੁੱਕੀਂ ਫਿਰਨਾ ਤੇ ਆਪਣੇ ਆੜੀਆਂ ਨੂੰ ਦਿਖਾਉਣਾ, ਵਿੱਚੋਂ ਇੱਕ ਇੱਕ ਕੱਢ ਕੇ ਖਾਈ ਜਾਣਾ। ਪਤਾਸੇ ਖਾ ਕੇ ਬੜਾ ਆਨੰਦ ਆਉਂਦਾ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਤਾਸਿਆਂ ਦੀ ਮਿਠਾਸ ਅੱਜ ਦੀਆਂ ਛੱਤੀ ਪ੍ਰਕਾਰ ਦੀਆਂ ਦੀਆਂ ਮਠਿਆਈਆਂ ਵਿੱਚ ਵੀ ਨਹੀਂ। ਉਸ ਸਮੇਂ ਦੀਆਂ ਗਿਣਵੀਆਂ ਪੰਜ-ਸੱਤ ਕਿਸਮ ਦੀਆਂ ਮਠਿਆਈਆਂ ਦਾ ਸੁਆਦ ਵੱਖਰਾ ਹੀ ਹੁੰਦਾ ਸੀ ਕਿਉਂਕਿ ਸਾਰਾ ਕੁਝ ਘਰ ਵਿੱਚ ਹੀ ਬਣਦਾ, ਦੁੱਧ ਆਮ ਹੁੰਦਾ ਸੀ ਬਹੁਤੀਆਂ ਮਠਿਆਈਆਂ ਦੁੱਧ ਤੋਂ ਹੀ ਬਣਾਈਆਂ ਜਾਂਦੀਆਂ ਸਨ ਜੋ ਕਿਸੇ ਵੀ ਪੱਖੋਂ ਨੁਕਸਾਨਦਾਇਕ ਨਹੀਂ ਸਨ ਹੁੰਦੀਆਂ। ਸਮੇਂ ਦੇ ਗੇੜ ਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ।
ਹੁਣ ਤਾਂ ਮੰਗਣੇ ਤੇ ਵਿਆਹ ’ਤੇ ਜਿੰਨੀਆਂ ਭਾਂਤ-ਭਾਂਤ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ, ਇਹ ਬਹੁਤੀਆਂ ਸ਼ਹਿਰ ਤੋਂ ਬਣੀਆਂ ਬਣਾਈਆਂ ਹੀ ਖ਼ਰੀਦ ਕੇ ਲਿਆਂਦੀਆਂ ਜਾਂਦੀਆਂ ਹਨ। ਜਿਸ ਦੀ ਗੁਣਵੱਤਾ ਬਾਰੇ ਵੀ ਨਹੀਂ ਸੋਚਿਆ ਜਾਂਦਾ ਕਿ ਇਹ ਸਾਡੇ ਖਾਣ ਲਾਇਕ ਹੈ ਵੀ ਜਾਂ ਨਹੀਂ। ਉਦੋਂ ਪਤਾਸਿਆਂ ਨਾਲ ਹੀ ਸਾਕ ਦਾ ਪ੍ਰੋਗਰਾਮ ਨੇਪਰੇ ਚੜ੍ਹ ਜਾਂਦਾ ਸੀ। ਕੁੜੀ ਵਾਲਿਆਂ ਵੱਲੋਂ ਰੁਪਇਆ ਫੜਾਉਣ (ਰਿਸ਼ਤਾ ਕਰਨ) ਆਏ ਅੱਠ ਦਸ ਬੰਦਿਆਂ ਲਈ ਮਠਿਆਈ ਪਿੰਡ ਦਾ ਨਾਈ ਜੋ ਹਲਵਾਈ ਦਾ ਕੰਮ ਵੀ ਕਰ ਲੈਂਦਾ ਸੀ, ਉਹ ਹੀ ਬਣਾ ਦਿੰਦਾ।
ਕਿੰਨੇ ਸਾਦਗੀ ਭਰੇ ਤੇ ਘੱਟ ਖ਼ਰਚੀਲੇ ਹੁੰਦੇ ਸੀ ਉਹ ਵਿਆਹ ਸ਼ਾਦੀ, ਸਾਕ, ਮੁਕਲਾਵੇ ਦੇ ਮੌਕੇ। ਅੱਜ ਅਸੀਂ ਦੋ ਤਰ੍ਹਾਂ ਨਾਲ ਆਪਣਾ ਨੁਕਸਾਨ ਕਰ ਰਹੇ ਹਾਂ। ਇੱਕ ਦੇਖਾ-ਦੇਖੀ ਆਪਣੀ ਆਰਥਿਕ ਸਥਿਤੀ ਦੇਖੇ ਬਿਨਾਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਇਹੋ ਜਿਹੇ ਪ੍ਰੋਗਰਾਮਾਂ ’ਤੇ ਹੱਦੋਂ ਵੱਧ ਖ਼ਰਚਾ ਕਰਨਾ ਅਤੇ ਦੂਜਾ ਪਹਿਲੇ ਨਾਲੋਂ ਕਿਤੇ ਵੱਡਾ ਤੇ ਘਾਤਕ ਹੈ, ਉਹ ਇਸ ਵਾਤਾਵਰਨ ਦਾ ਹੈ। ਅੱਜ ਅਸੀਂ ਖੇਚਲ ਦੇ ਮਾਰੇ ਸੌਖੇ ਢੰਗ ਤਰੀਕੇ ਲੱਭ ਲਏ ਨੇ, ਸਾਰੇ ਖ਼ੁਸ਼ੀ-ਗ਼ਮੀ ਦੇ ਮੌਕਿਆਂ ’ਤੇ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਨ ਲੱਗੇ ਹਾਂ ਜੋ ਕਿ ਵਾਤਾਵਰਨ ਹਿਤੈਸ਼ੀ ਨਹੀਂ ਬਲਕਿ ਇਹ ਪਲਾਸਟਿਕ ਤਾਂ ਸਾਲਾਂ ਬੱਧੀਂ ਗਲ਼ਦੀ ਵੀ ਨਹੀਂ, ਐਵੇਂ ਹੀ ਗਲੀਆਂ, ਨਾਲੀਆਂ, ਖ਼ਾਲੀ ਥਾਵਾਂ, ਨਦੀ-ਨਾਲਿਆਂ ’ਚ ਘੁੰਮਦੀ ਰਹਿੰਦੀ ਹੈ। ਅੱਗ ਲਗਾਉਣ ’ਤੇ ਭੈੜੀ ਗੰਧ ਛੱਡਦੀ ਹੈ ਜੋ ਹਵਾ ਨੂੰ ਦੂਸ਼ਿਤ ਕਰਦੀ ਹੈ।
ਤਰੱਕੀ ਤੇ ਵਿਕਾਸ ਨੇ ਮਨੁੱਖ ਨੂੰ ਵਾਤਾਵਰਨ ਦਾ ਬਹੁਤ ਵੱਡਾ ਦੋਸ਼ੀ ਬਣਾ ਦਿੱਤਾ ਹੈ। ਆਪਣੇ-ਆਪ ਨੂੰ ਦੋਸ਼ ਮੁਕਤ ਕਰਨ ਲਈ ਸਾਮਾਨ ਪਾਉਣ ਲਈ ਕੱਪੜੇ ਦੇ ਬਣੇ ਝੋਲ਼ੇ ਤੇ ਪਹਿਲਾਂ ਵਾਲੇ ਕਾਗਜ਼ ਦੇ ਲਿਫ਼ਾਫ਼ਿਆਂ ਦੀ ਵਰਤੋਂ ਵੱਲ ਮੁੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
ਸੰਪਰਕ: 86995-35708

Advertisement
Author Image

joginder kumar

View all posts

Advertisement
Advertisement
×