ਨਸ਼ਾਮੁਕਤੀ ਲਈ ਦ੍ਰਿੜ ਸੰਕਲਪ ਦੀ ਲੋੜ
09:03 AM Dec 05, 2023 IST
ਮੋਹਨ ਸ਼ਰਮਾ
ਪੰਜਾਬ ਵਿਚ ਨਸ਼ਾਮੁਕਤ ਸਮਾਜ ਸਿਰਜਣ ਦਾ ਜਿੰਨਾ ‘ਰਾਮ ਰੌਲਾ’ ਪੈ ਰਿਹਾ ਹੈ, ਓਨੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਇੱਕ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਜੀਭ ’ਤੇ ਰੱਖਣ ਵਾਲੀ ਗੋਲੀ (ਬੁਪਰੀਨੌਰਫਿਨ, ਮਿਥਾਡੋਨ ਤੇ ਆਡੋਨਿਕ) ਲੈਣ ਲਈ ਨਸ਼ੇੜੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਸ਼ੇੜੀ ਦਾਖ਼ਲ ਕਰ ਕੇ ਉਨ੍ਹਾਂ ਨੂੰ ਇਹ ਗੋਲੀਆਂ ਮੁਫ਼ਤ ਵੰਡੀਆਂ ਜਾਂਦੀਆਂ ਹਨ; ਦੂਜੇ ਪਾਸੇ ‘ਹੋਮ ਸਰਵਿਸ’ ਦੇਣ ਵਾਲੇ ਪ੍ਰਾਈਵੇਟ ਸੈਂਟਰ ਆਪਣੇ ਲੱਠਮਾਰ ਭੇਜ ਕੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ ਵਿਚ ਸੁੱਟ ਲਿਆਉਂਦੇ ਹਨ ਅਤੇ ਉਨ੍ਹਾਂ ਦੀ ‘ਭੁਗਤ ਸੰਵਾਰਨ ਦੀ ਸੇਵਾ’ ਉਹ ਲੱਠ ਮਾਰ ਰਾਹ ਵਿਚ ਹੀ ਸ਼ੁਰੂ ਕਰ ਦਿੰਦੇ ਹਨ। ਪੰਜ-ਛੇ ਮਹੀਨੇ ਉਹ ਅਜਿਹੇ ਤਸੀਹਾ ਕੇਂਦਰ ਵਿਚ ਰਹਿ ਕੇ ਨਰਕ ਭਰਿਆ ਜੀਵਨ ਬਤੀਤ ਕਰਦੇ ਹਨ। ਮਾਪੇ ਹਰ ਮਹੀਨੇ ਮੋਟੀ ਰਕਮ ਅਜਿਹੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਕੋਲ ਜਮ੍ਹਾ ਕਰਵਾਉਂਦੇ ਹਨ। ਜਦੋਂ ਮਾਪੇ ਆਪਣੇ ਨਸ਼ੇੜੀ ਪੁੱਤ ਨੂੰ ਮਿਲਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਵਿਚ ਮੁੰਡੇ ਦੀ ਫੋਟੋ ਦਿਖਾਉਂਦਿਆਂ ‘ਰਿਕਵਰੀ ਜ਼ੋਨ ’ਚ ਐ’ ਕਹਿ ਕੇ ਮਿਲਾਉਣ ਤੋਂ ਪਾਸਾ ਵੱਟ ਲਿਆ ਜਾਂਦਾ ਹੈ। ਅਜਿਹੇ ਨਸ਼ਾ ਛੁਡਾਊ ਕੇਂਦਰਾਂ ਵਿਚ ਤਸੀਹੇ ਝੱਲਦਿਆਂ ਨੌਜਵਾਨ ਮਾਪਿਆਂ ਪ੍ਰਤੀ ਵਿਦਰੋਹੀ ਸੁਰ ਧਾਰਨ ਕਰ ਲੈਂਦਾ ਹੈ। ਅਜਿਹੇ ਸੈਂਟਰ ਵਿਚੋਂ ਕਈ ਮਹੀਨੇ ਲਗਾਉਣ ਤੋਂ ਬਾਅਦ ਕੁੱਟ ਦਾ ਭੰਨਿਆ ਨੌਜਵਾਨ ਘਰ ਆ ਕੇ ਬਾਗੀ ਸੁਰ ਵਿਚ ਮਾਪਿਆਂ ਨੂੰ ਕਹਿੰਦਾ ਹੈ, “ਲਾ ਲਓ ਜਿੰਨਾ ਜ਼ੋਰ ਲਾਉਣੈ, ਮੈਂ ਨਹੀਂ ਛੱਡਦਾ ਨਸ਼ਾ” ਤੇ ਫਿਰ ਉਹ ਪਹਿਲੇ ਲੱਛਣਾਂ ’ਤੇ ਆ ਜਾਂਦਾ ਹੈ। ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਜੋ ਜੀਭ ’ਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ, ਉਸ ਵਿਚ ਮੌਰਫਿਨ ਦਾ ਸਾਲਟ ਹੋਣ ਕਾਰਨ ਨਸ਼ੇੜੀ ਉਸ ਗੋਲੀ ਦਾ ਪੱਕੇ ਤੌਰ ’ਤੇ ਮੁਰੀਦ ਬਣ ਜਾਂਦਾ ਹੈ ਅਤੇ ਫਿਰ ਇਸ ਗੋਲੀ ਤੋਂ ਖਹਿੜਾ ਛੁਡਵਾਉਣ ਲਈ ਦਰ ਦਰ ਧੱਕੇ ਖਾਂਦਾ ਹੈ। ਉਂਝ ਜਿ਼ਆਦਾ ਸਮਾਂ ਇਹ ਗੋਲੀ ਖਾਣ ਨਾਲ ਸਰੀਰ ’ਤੇ ਕਈ ਹੋਰ ਮਾਰੂ ਅਸਰ ਵੀ ਪੈਂਦੇ ਹਨ। ਇੰਝ ਨਸ਼ਾਮੁਕਤ ਪੰਜਾਬ ‘ਕਾਗਜ਼ਾਂ’ ਵਿਚ ਪ੍ਰਗਤੀ ’ਤੇ ਹੈ ਪਰ ਅਮਲੀ ਤੌਰ ’ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਕਿਤੇ ਝਾੜੀਆਂ ਵਿਚ, ਕਿਤੇ ਕਿਸੇ ਖੋਲੇ ਵਿਚ ਤੇ ਕਿਤੇ ਬਾਥਰੂਮ ਵਿਚ ਡਿੱਗੇ ਨੌਜਵਾਨ ਮਿਲਦੇ ਹਨ।
ਇੱਕ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਅੰਦਾਜ਼ਨ 18 ਸਾਲ ਸੈਂਟਰ ਵਿਚ ਸੇਵਾ ਨਿਭਾਉਂਦਿਆਂ ਸੰਗਰੂਰ ਜਿ਼ਲ੍ਹੇ ਦੇ ਨਾਲ ਨਾਲ ਪੰਜਾਬ ਦੇ ਬਾਕੀ ਜਿ਼ਲ੍ਹਿਆਂ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਜ ਲਈ ਆਏ ਨਸ਼ੇੜੀ ਮਰੀਜ਼ਾਂ ਨਾਲ ਵਾਹ ਪਿਆ ਹੈ। ਇਸ ਆਧਾਰ ’ਤੇ ਹੀ ਲਿਖ ਰਿਹਾ ਹਾਂ ਕਿ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਤੀਬੱਧਤਾ ਅਤੇ ਲੋਕ-ਹਿੱਤ ਦੀ ਭਾਵਨਾ ਨਾਲ ਲਬਰੇਜ਼ ਸਟਾਫ ਅਤੇ ਮੁਖੀ ਦਾ ਹੋਣਾ ਜ਼ਰੂਰੀ ਹੈ। ਦਵਾਈਆਂ, ਮਹਿੰਗੇ ਟੈਸਟ ਅਤੇ ਭਾਰੀ ਫੀਸਾਂ ਦੀ ਅਦਾਇਗੀ ਕਰਨੀ ਉਨ੍ਹਾਂ ਮਾਪਿਆਂ ਵਾਸਤੇ ਬਹੁਤ ਹੀ ਮੁਸ਼ਕਿਲ ਹੈ ਜਿਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਹੈ। ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਦੂਜਾ ਅਹਿਮ ਪਹਿਲੂ ਨਸ਼ੇੜੀ ਮਰੀਜ਼ ਦੀ ਦ੍ਰਿੜ ਇੱਛਾ ਸ਼ਕਤੀ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਪੱਖ ਤੋਂ ਨਸ਼ਾ ਛੁਡਾਊ ਕੇਂਦਰ ਵਿਚ ਪੀੜਤ ਨਸ਼ੇੜੀਆਂ ਨੂੰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਉਨ੍ਹਾਂ ਦੇ ਧਰਮ ਅਨੁਸਾਰ ਪਾਠ ਅਤੇ ਧਾਰਮਿਕ ਸਿੱਖਿਆ, ਉਸਾਰੂ ਸਾਹਿਤ, ਨਸ਼ਾ ਛੁਡਾਊ ਕੇਂਦਰ ਵਿਚ ਹੀ ਬਾਗਬਾਨੀ ਅਤੇ ਬੂਟਿਆਂ ਦੀ ਸੰਭਾਲ, ਸਾਫ ਸਫਾਈ, ਕਿਸੇ ਲਾਹੇਵੰਦ ਕਿੱਤੇ ਦੀ ਟਰੇਨਿੰਗ ਅਤੇ ਖੇਡਾਂ ਲਈ ਯੋਗ ਪ੍ਰਬੰਧ ਕਰਨਾ ਅਤਿਅੰਤ ਜ਼ਰੂਰੀ ਹੈ। ਇੰਝ ਕਰਦਿਆਂ ਵਿਹਲ ਤੋਂ ਛੁਟਕਾਰਾ ਪਾ ਕੇ ਇਹ ਸੋਚ ਵੀ ਉਨ੍ਹਾਂ ਦੇ ਅੰਗ ਸੰਗ ਰਹੇਗੀ:
ਬੰਦਾ ਕੰਮ ਕਰਦਾ ਲੋਹਾ। ਬਹਿ ਗਿਆ ਤਾਂ ਗੋਹਾ।
ਨਸ਼ਾਮੁਕਤ ਹੋ ਰਹੇ ਮਰੀਜ਼ਾਂ ਅੰਦਰ ਚੰਗਾ ਪਤੀ, ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਤਦ ਹੀ ਦਿੱਤੀ ਜਾ ਸਕੇਗੀ, ਜੇਕਰ ਇਲਾਜ ਕਰਨ ਵਾਲੇ ਰਹਿਨੁਮਾ ਆਪ ਉਨ੍ਹਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਗੇ। ਸੰਸਥਾ ਦੇ ਮੁਖੀ ਦੀ ਇਸ ਸਮੇਂ ਰੋਲ ਮਾਡਲ ਵਾਲੀ ਭੂਮਿਕਾ ਬਹੁਤ ਹੀ ਅਹਿਮੀਅਤ ਰੱਖਦੀ ਹੈ।
ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਵੇ ਕਿ ਉਹ ਜਿ਼ੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਪੀੜਤ ਸ਼ਖ਼ਸ ਲਈ ਪਿਆਰ, ਹਮਦਰਦੀ, ਸੁਚੱਜਾ ਵਰਤਾਉ ਅਤੇ ਸਹੀ ਦੇਖ-ਭਾਲ ਅਤਿਅੰਤ ਜ਼ਰੂਰੀ ਹੈ। ਇਹ ਸਭ ਕੁਝ ਉਨ੍ਹਾਂ ਨੂੰ ਨਸ਼ਾਮੁਕਤ ਕਰਨ ਵਿਚ ਸਹਾਈ ਹੋਵੇਗਾ। ਕਈ ਵਾਰ ਨਸ਼ੇੜੀ ਮਰੀਜ਼ ਨੂੰ ਬਾਹਰਲੇ ਮਾਹੌਲ ਜਾਂ ਪਰਿਵਾਰਕ ਮਾਹੌਲ ਵਿਚੋਂ ਹੀ ਅਜਿਹੀ ਮਾਨਸਿਕ ਸੱਟ ਵੱਜਦੀ ਹੈ ਕਿ ਉਹ ਆਪ ਹੀ ਨਸ਼ਾਮੁਕਤ ਹੋਣ ਲਈ ਦ੍ਰਿੜ ਸੰਕਲਪ ਕਰ ਲੈਂਦਾ ਹੈ। ਅਜਿਹੇ ਸ਼ਖ਼ਸ ਦਾ ਰਹਿਨੁਮਾ ਬਣ ਕੇ ਉਸ ਨੂੰ ਆਸਾਨੀ ਨਾਲ ਨਸ਼ਾਮੁਕਤ ਕੀਤਾ ਜਾ ਸਕਦਾ ਹੈ। 70 ਕੁ ਵਰ੍ਹਿਆਂ ਦਾ ਬਜ਼ੁਰਗ ਨਸ਼ਾ ਛੱਡਣ ਲਈ ਸੈਂਟਰ ਵਿਚ ਦਾਖ਼ਲ ਹੋ ਗਿਆ। ਦਾਖ਼ਲ ਕਰਵਾਉਣ ਲਈ ਉਸ ਦਾ ਨੌਜਵਾਨ ਇਕਲੌਤਾ ਪੁੱਤਰ ਨਾਲ ਆਇਆ ਸੀ। ਬਜ਼ੁਰਗ ਦੀ ਰਜ਼ਾਮੰਦੀ ਉਪਰੰਤ ਉਸ ਨੂੰ ਦਾਖ਼ਲ ਕਰ ਲਿਆ ਗਿਆ। ਦਾਖ਼ਲ ਕਰਨ ਵੇਲੇ ਇਹ ਖਿਆਲ ਜ਼ਰੂਰ ਆਇਆ ਕਿ ਇਸ ਬਜ਼ੁਰਗ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਨਸ਼ਿਆਂ ਦੇ ਲੇਖੇ ਲਾ ਦਿੱਤਾ, ਹੁਣ ਇਸ ਉਮਰ ਵਿਚ ਨਸ਼ਾ ਛੱਡਣ ਦਾ ਇਰਾਦਾ ਉਸ ਨੇ ਕਿਉਂ ਕੀਤਾ? ਦੋ ਤਿੰਨ ਦਿਨ ਬਾਅਦ ਜਦੋਂ ਸ਼ਾਮ ਨੂੰ ਨਸ਼ੇੜੀ ਮਰੀਜ਼ਾਂ ਨੂੰ ਯੋਗ, ਮੈਡੀਟੇਸ਼ਨ ਅਤੇ ਕੌਂਸਲਿੰਗ ਲਈ ਉਨ੍ਹਾਂ ਦੇ ਵਾਰਡ ਵਿਚ ਗਿਆ ਤਾਂ ਯੋਗ ਕਿਰਿਆਵਾਂ ਕਰਵਾਉਣ ਤੋਂ ਬਾਅਦ ਮੈਂ ਬੜੀ ਅਪਣੱਤ ਨਾਲ ਬਜ਼ੁਰਗ ਦਾ ਹੱਥ ਫੜਦਿਆਂ ਕਿਹਾ, “ਪ੍ਰੀਤਮ ਸਿਆਂ, ਤੁਹਾਨੂੰ ਇਸ ਉਮਰ ਵਿਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?” ਮੇਰੇ ਸਵਾਲ ’ਤੇ ਬਜ਼ੁਰਗ ਗੰਭੀਰ ਹੋ ਗਿਆ। ਉਸ ਨੇ ਗੱਚ ਭਰ ਕੇ ਕਿਹਾ, “ਥੋਡੇ ਕੋਲੋਂ ਕਾਹਦਾ ਲੁਕੋਅ ਐ ਜੀ। ਇਸ ਉਮਰ ਵਿਚ ਮੈਂ ਆਟੇ ਵਾਲੀ ਮਸ਼ੀਨ ’ਤੇ ਰਾਤ ਦੀ ਚੌਕੀਦਾਰੀ ਕਰਦਾ ਸੀ। ਜਿਹੜੇ ਪੈਸੇ ਉਥੋਂ ਮਿਲਦੇ, ਉਨ੍ਹਾਂ ਦਾ ਨਸ਼ਾ ਡੱਫ ਲੈਂਦਾ। ਮੁੰਡਾ ਵਿਆਹਿਆ ਵਰ੍ਹਿਆ ਹੈ। ਉਹ ਕਬੀਲਦਾਰੀ ਦਾ ਖ਼ਰਚ ਤੋਰੀ ਜਾਂਦਾ ਸੀ। ਹੁਣ ਇੱਕ ਤਾਂ ਨਸ਼ੇ ਮਹਿੰਗੇ ਹੋ ਗਏ ਅਤੇ ਦੂਜਾ ਮਿਲਾਵਟ ਵੀ ਹੋਣ ਲੱਗ ਗਈ। ਇਸੇ ਕਰ ਕੇ ਮੇਰੀ ਚੌਕੀਦਾਰ ਵਾਲੀ ਤਨਖ਼ਾਹ ਨਾਲ ਨਸ਼ੇ ਦਾ ਘਰ ਪੂਰਾ ਨਹੀਂ ਸੀ ਹੁੰਦਾ। ਇੱਕ ਦਿਨ ਜਦੋਂ ਮੈਂ ਨਸ਼ੇ ਵਾਸਤੇ ਆਪਣੇ ਪੁੱਤ ਮੂਹਰੇ ਹੱਥ ਟੱਡੇ ਤਾਂ ਪੁੱਤ ਨੇ ਤਾਂ ਕੁਝ ਨਹੀਂ ਕਿਹਾ ਪਰ ਮੇਰੀ ਨੂੰਹ ਸੂਈ ਕੁੱਤੀ ਵਾਂਗ ਮੇਰੇ ਗਲ ਪੈ ਗਈ, ਉਸ ਨੇ ਗਰਜ ਕੇ ਕਿਹਾ, “ਬਾਪੂ, ਅਸੀਂ ਆਪਣਾ ਘਰ ਵੀ ਤੋਰਨੈ। ਥੋਡੇ ਨਸ਼ਾ ਡੱਫਣ ਵਾਸਤੇ ਕਿੱਥੋਂ ਲਿਆਈਏ ਰੋਕੜੀ? ਆਪ ਤੁਸੀਂ ਕਦੇ ਵੀਹ ਰੁਪਏ ਦੀ ਸਬਜ਼ੀ ਵੀ ਘਰ ਨਹੀਂ ਲਿਆਏ। ਥੋੜ੍ਹੀ ਮੋਟੀ ਸ਼ਰਮ ਕਰੋ।” ਉਦੋਂ ਮੈਨੂੰ ਬਹੁਤ ਨਮੋਸ਼ੀ ਹੋਈ। ਫਿਰ ਉਸ ਨੇ ਡਾਢੀ ਹੀ ਮਿੰਨਤ ਨਾਲ ਕਿਹਾ, “ਹੁਣ ਥੋਡੀ ਸ਼ਰਨ ਆਇਆਂ। ਮੈਨੂੰ ਕੱਢੋ ਇਸ ਦਲਦਲ ਵਿਚੋਂ।”
ਉਸ ਬਜ਼ੁਰਗ ਦੇ ਚਿਹਰੇ ’ਤੇ ਨਸ਼ਾਮੁਕਤ ਹੋਣ ਦਾ ਦ੍ਰਿੜ ਸੰਕਲਪ ਪ੍ਰਤੱਖ ਦਿਖਾਈ ਦੇ ਰਿਹਾ ਸੀ। ਉਹ ਬਜ਼ੁਰਗ ਹੋਰ ਦਾਖ਼ਲ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ। ਆਸ਼ਾਵਾਦੀ ਮਾਹੌਲ ਸਿਰਜਣ ਵਿਚ ਵੀ ਉਸ ਨੇ ਅਹਿਮ ਭੂਮਿਕਾ ਨਿਭਾਈ। ਡੇਢ ਕੁ ਮਹੀਨੇ ਵਿਚ ਪੂਰੀ ਤਰ੍ਹਾਂ ਨਸ਼ਾਮੁਕਤ ਹੋਣ ਮਗਰੋਂ ਉਸ ਨੂੰ ਵਿਦਾ ਕਰਨ ਵੇਲੇ ਸੰਖੇਪ ਪਰ ਭਾਵਪੂਰਨ ਸਮਾਗਮ ਕੀਤਾ ਗਿਆ। ਉਸ ਨੂੰ ਘਰ ਲਿਜਾਣ ਲਈ ਉਸ ਦਾ ਪੁੱਤ ਅਤੇ ਨੂੰਹ ਵੀ ਆਏ। ਨਸ਼ਾਮੁਕਤ ਹੋਏ ਪ੍ਰੀਤਮ ਸਿੰਘ ਨੂੰ ਜਦੋਂ ਆਪਣੇ ਅਨੁਭਵ ਦੱਸਣ ਲਈ ਕਿਹਾ ਗਿਆ ਤਾਂ ਉਹ ਪੂਰੇ ਵਿਸ਼ਵਾਸ ਨਾਲ ਉੱਠਿਆ, ਚਿਹਰੇ ’ਤੇ ਜੇਤੂ ਮੁਸਕਰਾਹਟ ਲਿਆਉਂਦਿਆਂ ਉਸ ਨੇ ਕਿਹਾ, “ਸੱਚਮੁੱਚ ਨਸ਼ਿਆਂ ਦੇ ਜੰਜਾਲ ਵਿਚੋਂ ਨਿਕਲ ਕੇ ਮੇਰਾ ਨਵਾਂ ਜਨਮ ਹੋਇਆ। ਸੱਚ ਮੰਨਿਓ, ਹੁਣ ਤੱਕ ਮੈਂ ਨ੍ਹੇਰਾ ਹੀ ਢੋਂਦਾ ਰਿਹਾ ਹਾਂ। ਨਸ਼ਿਆਂ ਕਰ ਕੇ ਆਪਣੀ ਦੇਹ ਵੀ ਗਾਲ ਲਈ ਸੀ। ਘਰ ਦੇ ਸੁੱਖ ਨੂੰ ਵੀ ਤਹਿਸ-ਨਹਿਸ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਜਿਹੜੀ ਤੋਏ ਤੋਏ ਕਰਵਾਈ, ਉਹ ਵੱਖਰੀ। ਇਥੋਂ ਦੇ ਸਟਾਫ ਅਤੇ ਵੱਡੇ ‘ਸਰ’ ਦਾ ਮੈਂ ਦੇਣਾ ਨਹੀਂ ਦੇ ਸਕਦਾ। ਨਸ਼ਾ ਛੱਡਣ ਦੀ ਕੋਈ ਉਮਰ ਨਹੀਂ ਹੁੰਦੀ। ਬੱਸ, ਜਦੋਂ ਜਾਗੋ, ਓਦੋਂ ਹੀ ਸਵੇਰਾ।”
ਉਸ ਵੇਲੇ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ, ਜਦੋਂ ਇੱਕ ਪਤਵੰਤੇ ਸੱਜਣ ਨੇ ਪੰਜ ਪੰਜ ਸੌ ਦੇ ਦੋ ਨੋਟ ਉਹਦੀ ਤਲੀ ’ਤੇ ਰੱਖਦਿਆਂ ਕਿਹਾ, “ਜਿ਼ੰਦਗੀ ਜਿ਼ੰਦਾਬਾਦ। ਇਹ ਮੇਰੇ ਵੱਲੋਂ ਇਨਾਮ ਹੈ ਤੈਨੂੰ।” ਪ੍ਰੀਤਮ ਸਿੰਘ ਨੇ ਉਹ ਨੋਟ ਧੰਨਵਾਦੀ ਸ਼ਬਦਾਂ ਨਾਲ ਫੜ ਕੇ ਆਪਣੀ ਨੂੰਹ ਨੂੰ ਦਿੰਦਿਆਂ ਕਿਹਾ, “ਲੈ ਧੀਏ, ਮੇਰੇ ਵੱਲੋਂ ਸ਼ਗਨ।” ਨੂੰਹ ਨੇ ਉਹ ਨੋਟ ਫੜ ਕੇ ਪਹਿਲਾਂ ਆਪਣੇ ਮੱਥੇ ਨਾਲ ਲਾਏ, ਫਿਰ ਪ੍ਰੀਤਮ ਸਿੰਘ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, “ਬਾਪੂ ਜੀ, ਅੱਜ ਭਾਗਾਂ ਵਾਲਾ ਦਿਨ ਹੈ। ਮੇਰੇ ਵਿਆਹ ਨੂੰ ਦਸ ਸਾਲ ਹੋ ਗਏ, ਦਸ ਸਾਲਾਂ ਵਿਚ ਪਹਿਲੀ ਵਾਰ ਤੁਸੀਂ ਇਹ ਸ਼ਗਨ ਦਿਤੈ।” ਪੁੱਤ ਅਤੇ ਨੂੰਹ ਮੰਦ ਮੰਦ ਮੁਸਕਰਾ ਰਹੇ ਸਨ।
ਜੇਤੂ ਅੰਦਾਜ਼ ਵਿਚ ਬਜ਼ੁਰਗ ਪ੍ਰੀਤਮ ਸਿੰਘ ਆਪਣੀ ਨੂੰਹ ਪੁੱਤ ਨਾਲ ਘਰ ਜਾ ਰਿਹਾ ਸੀ।
ਸੰਪਰਕ: 94171-48866

Advertisement
Advertisement