For the best experience, open
https://m.punjabitribuneonline.com
on your mobile browser.
Advertisement

ਭਰੋਸਾ ਜੋੜੇ, ਸ਼ੱਕ ਤੋੜੇ

11:11 AM Aug 17, 2024 IST
ਭਰੋਸਾ ਜੋੜੇ  ਸ਼ੱਕ ਤੋੜੇ
Advertisement
ਹਰਪ੍ਰੀਤ ਸਿੰਘ ਸਵੈਚ

ਦੁਨੀਆ ਦਾ ਹਰ ਰਿਸ਼ਤਾ ਭਰੋਸੇ ਦੀ ਬੁਨਿਆਦ ’ਤੇ ਟਿਕਿਆ ਹੋਇਆ ਹੈ। ਫਿਰ ਚਾਹੇ ਪਰਿਵਾਰਕ ਰਿਸ਼ਤੇ ਹੋਣ ਜਾਂ ਦੋਸਤੀ ਯਾਰੀ, ਇਨ੍ਹਾਂ ਦਾ ਮੂਲ ਆਧਾਰ ਭਰੋਸਾ ਹੀ ਹੁੰਦਾ ਹੈ। ਇਹੀ ਭਰੋਸਾ ਕਿਸੇ ਰਿਸ਼ਤੇ ਨੂੰ ਸਿਹਤਮੰਦ ਬਣਾਉਂਦਾ ਹੈ। ਜਦੋਂ ਕਿਸੇ ਰਿਸ਼ਤੇ ਵਿੱਚੋਂ ਭਰੋਸਾ ਖ਼ਤਮ ਹੋਣ ਲੱਗੇ ਤਾਂ ਉਹ ਰਿਸ਼ਤਾ ਜ਼ਿਆਦਾ ਦੇਰ ਜਿਊਂਦਾ ਨਹੀਂ ਰਹਿ ਸਕਦਾ। ਜਿੱਥੇ ਮਜ਼ਬੂਤ ਵਿਸ਼ਵਾਸ ਦੀ ਬੁਨਿਆਦ ’ਤੇ ਉਸਾਰੇ ਗਏ ਰਿਸ਼ਤੇ ਵੱਡੇ ਵੱਡੇ ਤੁਫ਼ਾਨਾਂ ਤੇ ਝੱਖੜਾਂ ਵਿੱਚ ਵੀ ਡੋਲਦੇ ਨਹੀਂ, ਉੱਥੇ ਭਰੋਸੇ ਦੀ ਕਮੀ ਕਾਰਨ ਕਮਜ਼ੋਰ ਹੋਏ ਰਿਸ਼ਤੇ ਨਿੱਕੀ ਜਿਹੀ ਗ਼ਲਤਫਹਿਮੀ ਨਾਲ ਟੁੱਟਣ ਕਿਨਾਰੇ ਪਹੁੰਚੇ ਜਾਂਦੇ ਹਨ। ਰਿਸ਼ਤਿਆਂ ਦੀ ਇਸ ਟੁੱਟ ਭੱਜ ਦਾ ਇੱਕ ਵੱਡਾ ਕਾਰਨ ਬੇਵਜ੍ਹਾ ਕੀਤਾ ਸ਼ੱਕ ਹੁੰਦਾ ਹੈ। ਸ਼ੱਕ ਦਾ ਜ਼ਹਿਰ ਮਿੱਠੇ ਤੋਂ ਮਿੱਠੇ ਰਿਸ਼ਤੇ ਵਿੱਚ ਵੀ ਕੁੜੱਤਣ ਭਰ ਦਿੰਦਾ ਹੈ। ਜਿੱਥੇ ਰਿਸ਼ਤੇ ਪਹਿਲਾਂ ਹੀ ਖਿੱਚ ਧੂਹ ਕੇ ਨਿਭਾਏ ਜਾ ਰਹੇ ਹੋਣ, ਉੱਥੇ ਤਾਂ ਸ਼ੱਕ ਦਾ ਜ਼ਹਿਰ ਰਿਸ਼ਤੇ ਦੀ ਮੌਤ ਸਾਬਤ ਹੁੰਦਾ ਹੈ।
ਦਰਅਸਲ, ਸ਼ੱਕ ਕਰਨਾ ਇੱਕ ਗੰਭੀਰ ਮਾਨਸਿਕ ਬਿਮਾਰੀ ਦਾ ਲੱਛਣ ਹੈ। ਬਿਨਾਂ ਕਿਸੇ ਠੋਸ ਕਾਰਨ ਜਾਂ ਵਜ੍ਹਾ ਜਾਣੇ ਬਗੈਰ ਕਿਸੇ ’ਤੇ ਸ਼ੱਕ ਕਰੀ ਜਾਣਾ ਮਾਨਸਿਕ ਰੋਗ ਦੀ ਨਿਸ਼ਾਨੀ ਹੈ। ਮਨੋਵਿਗਿਆਨ ਵਿਸ਼ੇ ਦੇ ਮਾਹਰ ਦੱਸਦੇ ਹਨ ਕਿ ਇਸ ਮਾਨਸਿਕ ਬਿਮਾਰੀ ਤੋਂ ਪੀੜਤ ਲੋਕਾਂ ਦਾ ਸੁਭਾਅ ਤੇ ਨਜ਼ਰੀਆ ਦੋਵੇਂ ਸ਼ੱਕੀ ਬਣ ਜਾਂਦੇ ਹਨ। ਉਹ ਆਪਣੇ ਆਸ ਪਾਸ ਹਰ ਵਿਅਕਤੀ ਅਤੇ ਉਨ੍ਹਾਂ ਦੇ ਕੀਤੇ ਹਰ ਕੰਮ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਦੇ ਰਹਿੰਦੇ ਹਨ। ਸ਼ੱਕੀ ਸੁਭਾਅ ਵਾਲੇ ਲੋਕ ਅਕਸਰ ਗੁੱਸੇਖੋਰ ਵੀ ਹੁੰਦੇ ਹਨ ਅਤੇ ਬੇਵਜ੍ਹਾ ਇਹ ਦੂਜਿਆਂ ਪ੍ਰਤੀ ਆਪਣੇ ਮਨ ਵਿੱਚ ਵੈਰ ਭਾਵਨਾ ਪਾਲਦੇ ਰਹਿੰਦੇ ਹਨ, ਜਿਸ ਦਾ ਨੁਕਸਾਨ ਇਨ੍ਹਾਂ ਨੂੰ ਹੀ ਹੁੰਦਾ ਹੈ ਹਾਲਾਂਕਿ ਇਹ ਖ਼ੁਦ ਇਸ ਗੱਲ ਤੋਂ ਬਿਲਕੁਲ ਨਾਵਾਕਫ਼ ਹੁੰਦੇ ਹਨ।
ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫਰਾਈਡ ਸ਼ੱਕ ਦੇ ਸਿਧਾਂਤ ਨੂੰ ਪ੍ਰਭਾਸ਼ਿਤ ਕਰਦਿਆਂ ਸ਼ੱਕ ਨੂੰ ਹੰਕਾਰ ਤੋਂ ਪੈਦਾ ਹੋਣ ਵਾਲੇ ਡਰ ਦਾ ਲੱਛਣ ਦੱਸਦੇ ਹਨ। ਅਜਿਹੇ ਲੋਕ ਸਾਰੀ ਜ਼ਿੰਦਗੀ ਇਸੇ ਡਰ ਵਿੱਚ ਬਤੀਤ ਕਰ ਦਿੰਦੇ ਹਨ ਕਿ ਕਿਤੇ ਕੋਈ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ, ਕਿਤੇ ਕੋਈ ਮੇਰੀ ਕੀਮਤੀ ਚੀਜ਼ ਜਾਂ ਕੀਮਤੀ ਰਿਸ਼ਤਾ ਨਾ ਖੋਹ ਲਵੇ, ਕਿਤੇ ਕੋਈ ਮੈਨੂੰ ਨੀਵਾਂ ਨਾ ਦਿਖਾ ਦੇਵੇ। ਅਜਿਹੇ ਸੁਭਾਅ ਕਾਰਨ ਇਹ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਨਹੀਂ ਮਨਾ ਪਾਉਂਦੇ। ਅਜਿਹੇ ਵਿਅਕਤੀਆਂ ਨੇ ਖ਼ੁਦ ਨੂੰ ਮਹੱਤਵਪੂਰਨ ਮੰਨਣ ਦਾ ਬੜਾ ਵੱਡਾ ਵਹਿਮ ਪਾਲਿਆ ਹੁੰਦਾ ਹੈ। ਇਹ ਲੋਕ ਜਦੋਂ ਆਲੇ ਦੁਆਲੇ ਕਿਸੇ ਨੂੰ ਆਪਣੇ ਤੋਂ ਅੱਗੇ ਵਧਦਾ ਵੇਖਦੇ ਹਨ ਤਾਂ ਉਹ ਖ਼ੁਸ਼ ਹੋਣ ਦੀ ਬਜਾਏ ਈਰਖਾ ਕਰਨ ਲੱਗਦੇ ਹਨ। ਮਨੋਵਿਗਿਆਨਕ ਕਥਨ ਹੈ ਕਿ ਹੰਕਾਰ ਤੋਂ ਸ਼ੱਕ ਪੈਦਾ ਹੁੰਦਾ ਹੈ, ਸ਼ੱਕ ਤੋਂ ਈਰਖਾ ਜਨਮ ਲੈਂਦੀ ਹੈ, ਈਰਖਾ ਤੋਂ ਗੁੱਸਾ ਉਪਜਦਾ ਹੈ ਅਤੇ ਇਹੀ ਗੁੱਸਾ ਹੱਦ ਬੰਨੇ ਟੱਪ ਕੇ ਹਿੰਸਾ ਦਾ ਰੂਪ ਧਾਰ ਲੈਂਦਾ ਹੈ।
ਅਜਿਹੇ ਲੋਕ ਆਪਣੇ ਹਮਸਫ਼ਰ ਨੂੰ ਵੀ ਆਪਣੇ ਤੋਂ ਵੱਧ ਕਾਮਯਾਬ ਹੁੰਦਾ ਨਹੀਂ ਵੇਖ ਸਕਦੇ। ਆਪਣੇ ਹਮਸਫ਼ਰ ਦੀ ਕਿਸੇ ਵੱਲੋਂ ਕੀਤੀ ਤਾਰੀਫ਼ ਤੱਕ ਨੂੰ ਵੀ ਇਹ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ। ਇਹ ਲੋਕ ਆਧੁਨਿਕ ਸਮੇਂ ਵਿੱਚ ਵੀ ਰੂੜੀਵਾਦੀ ਸੋਚ ਨਾਲ ਗ੍ਰਸੇ ਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਹਮਸਫ਼ਰ ਸਦਾ ਉਨ੍ਹਾਂ ਦਾ ਪਰਛਾਵਾਂ ਬਣ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲੇ। ਜੇਕਰ ਸਾਫ਼ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਅਜਿਹੇ ਲੋਕ ਸਿਰ ਦੇ ਤਾਜ ਨੂੰ ਅੱਜ ਵੀ ਆਪਣੇ ਪੈਰਾਂ ਦੀ ਜੁੱਤੀ ਹੀ ਸਮਝਦੇ ਹਨ। ਇਸੇ ਲਈ ਸਿਆਣੇ ਕਹਿੰਦੇ ਹਨ ਕਿ ਗ਼ਰੀਬੀ ਕੱਟੀ ਜਾ ਸਕਦੀ ਹੈ, ਪਰ ਸ਼ੱਕੀ ਬੰਦੇ ਨਾਲ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਸ ਲਈ ਖੂਨ ਦੇ ਰਿਸ਼ਤਿਆਂ ਦੇ ਨਾਲ ਨਾਲ ਸਾਡੇ ਸਮਾਜਿਕ ਰਿਸ਼ਤੇ ਵੀ ਬੜੇ ਅਹਿਮ ਹੁੰਦੇ ਹਨ। ਹਰ ਰਿਸ਼ਤੇ ਦੀ ਪਾਕੀਜ਼ਗੀ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ, ਜਿਸ ਵਿੱਚ ਨਾ ਕਦੇ ਕੁਝ ਕਿਹਾ ਗਿਆ ਹੁੰਦਾ ਹੈ, ਨਾ ਸੁਣਿਆ ਗਿਆ ਹੁੰਦਾ ਹੈ, ਪਰ ਫਿਰ ਵੀ ਉਹ ਨਿਭਦੇ ਰਹਿੰਦੇ ਹਨ। ਅਜਿਹੇ ਰਿਸ਼ਤਿਆਂ ਦੀ ਕਦਰ ਕੇਵਲ ਉਹੀ ਜਾਣ ਸਕਦਾ ਹੈ ਜਿਸ ਦੇ ਸੀਨੇ ਵਿੱਚ ਦਿਲ ਧੜਕਦਾ ਹੋਵੇ। ਪੱਥਰ ਦਿਲ ਇਨਸਾਨ ਅਜਿਹੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਵੀ ਸਦਾ ਸ਼ੱਕ ਦੀ ਨਿਗਾਹ ਨਾਲ ਹੀ ਵੇਖਦੇ ਰਹਿੰਦੇ ਹਨ। ਆਮ ਵਰਤਾਰਾ ਹੈ ਕਿ ਕਈ ਸ਼ੱਕੀ ਮਰਦ ਕਿਸੇ ਦੀਆਂ ਝੂਠੀਆਂ ਸੱਚੀਆਂ ਗੱਲਾਂ ਵਿੱਚ ਆ ਕੇ ਆਪਣੀ ਬਾਕਿਰਦਾਰ ਪਤਨੀ ’ਤੇ ਸ਼ੱਕ ਕਰਕੇ ਬਿਨਾਂ ਸੋਚੇ ਸਮਝੇ ਜੱਗ ਰਸਾਈ ਕਰਨ ਲੱਗਦੇ ਹਨ ਅਤੇ ਨਤੀਜੇ ਵੱਜੋਂ ਪਵਿੱਤਰ ਰਿਸ਼ਤੇ ਵਿੱਚ ਅਜਿਹੀ ਗੰਢ ਪੈਂਦੀ ਹੈ ਕਿ ਸਾਰੀ ਜ਼ਿੰਦਗੀ ਖੋਲ੍ਹਣ ਦੀ ਕੋਸ਼ਿਸ਼ ਕਰਕੇ ਵੀ ਨਹੀਂ ਖੁੱਲ੍ਹਦੀ। ਕਿਸੇ ਦੀ ਚੁੱਕ ਵਿੱਚ ਆ ਕੇ ਪਾਕੀਜ਼ ਰਿਸ਼ਤਿਆਂ ਵਿੱਚ ਸ਼ੱਕ ਦਾ ਜ਼ਹਿਰ ਨਹੀਂ ਘੋਲਣਾ ਚਾਹੀਦਾ। ਇਸ ਬੇਰੁਖੀ ਵਾਲੇ ਆਲਮ ਵਿੱਚ ਜੇਕਰ ਤੁਹਾਨੂੰ ਰੱਬ ਨੇ ਮੋਹ-ਪਿਆਰ ਦੇ ਕੁਝ ਖ਼ਾਸ ਰਿਸ਼ਤੇ ਬਖ਼ਸ਼ੇ ਹਨ ਤਾਂ ਉਨ੍ਹਾਂ ਨੂੰ ਸਾਂਭ ਕੇ ਰੱਖਣਾ ਤੁਹਾਡਾ ਫਰਜ਼ ਬਣ ਜਾਂਦਾ ਹੈ।
ਸ਼ੱਕ ਦੀ ਪ੍ਰਵਿਰਤੀ ਵਿੱਚੋਂ ਹੀ ਲੁਕਾਅ ਪੈਦਾ ਹੁੰਦਾ ਹੈ। ਆਮ ਦੇਖਿਆ ਗਿਆ ਹੈ ਕਿ ਸ਼ੱਕ ਦੇ ਡਰ ਤੋਂ ਪਤੀ-ਪਤਨੀ ਇੱਕ ਦੂਜੇ ਕੋਲੋਂ ਕਈ ਗੱਲਾਂ, ਚੀਜ਼ਾਂ ਅਤੇ ਕੰਮਾਂ ਦਾ ਲੁਕਾਅ ਰੱਖ ਜਾਂਦੇ ਹਨ। ਹਾਲਾਂਕਿ, ਉਹ ਕੁਝ ਗ਼ਲਤ ਨਹੀਂ ਕਰ ਰਹੇ ਹੁੰਦੇ, ਪਰ ਸ਼ੱਕ ਦੇ ਜ਼ਹਿਰ ਤੋਂ ਬਚਣ ਲਈ ਉਨ੍ਹਾਂ ਨੂੰ ਲੁਕਾਅ ਦਾ ਰਸਤਾ ਅਖ਼ਤਿਆਰ ਕਰਨਾ ਪੈਂਦਾ ਹੈ। ਅਜਿਹੀਆਂ ਸੈਂਕੜੇ ਘਟਨਾਵਾਂ ਹਰ ਰੋਜ਼ ਕਿਸੇ ਨਾ ਕਿਸੇ ਪਰਿਵਾਰ ਵਿੱਚ ਵਾਪਰ ਰਹੀਆਂ ਹਨ, ਜਿਨ੍ਹਾਂ ਦੀ ਪਿੱਠਭੂਮੀ ਵਿੱਚ ਸ਼ੱਕ ਪਿਆ ਹੁੰਦਾ ਹੈ।
ਸ਼ੱਕ ਦੇ ਇਸ ਜ਼ਹਿਰ ਦਾ ਮੁਕਾਬਲਾ ਕੇਵਲ ਪਿਆਰ ਕਰ ਸਕਦਾ ਹੈ। ਜਿਸ ਰਿਸ਼ਤੇ ਵਿੱਚ ਮੁਹੱਬਤ ਘੁਲੀ ਹੋਵੇ, ਉੱਥੇ ਇਹ ਜ਼ਹਿਰ ਬੇਅਸਰ ਹੋ ਜਾਂਦਾ ਹੈ। ਅਜਿਹੇ ਸ਼ੱਕੀ ਕਿਸਮ ਦੇ ਲੋਕਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਇਨ੍ਹਾਂ ਦੇ ਦਿਲਾਂ ਵਿੱਚ ਭਰੀ ਨਫ਼ਰਤ ਨੂੰ ਮੋਹ ਤੇ ਪਿਆਰ ਨਾਲ ਮਿਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸੇ ਵੀ ਰਿਸ਼ਤੇ ਵਿੱਚ ਅਜਿਹੇ ਮਨ ਮੁਟਾਵ ਨਹੀਂ ਹੁੰਦੇ ਜੋ ਬੈਠ ਕੇ ਸੁਲਝਾਏ ਨਾ ਜਾ ਸਕਦੇ ਹੋਣ। ਸ਼ੱਕ ਦੇ ਕੀੜੇ ਨੂੰ ਰਿਸ਼ਤਿਆਂ ਤੋਂ ਕੋਹਾਂ ਦੂਰ ਰੱਖਣਾ ਚਾਹੀਦਾ ਹੈ। ਸ਼ੱਕੀ ਵਿਅਕਤੀ ਜੇਕਰ ਠੰਢੇ ਦਿਮਾਗ ਨਾਲ ਸੋਚੇ ਸਮਝੇ ਤਾਂ ਉਹ ਖ਼ੁਦ ਵੀ ਇਸ ਬਿਮਾਰੀ ਤੋਂ ਨਿਜਾਤ ਪਾ ਸਕਦਾ ਹੈ।
ਰਿਸ਼ਤਿਆਂ ਨੂੰ ਨਿਭਾਉਣ ਲਈ ਕਈ ਵਾਰ ਆਪਣੀਆਂ ਖ਼ੁਸ਼ੀਆਂ ਵੀ ਕੁਰਬਾਨ ਕਰਨੀਆਂ ਪੈਂਦੀਆਂ ਹਨ, ਪਰ ਦੂਜਿਆਂ ਦੀਆਂ ਖ਼ੁਸ਼ੀਆਂ ਖੋਹ ਕੇ ਖ਼ੁਦ ਖ਼ੁਸ਼ੀਆਂ ਕਿਵੇਂ ਹਾਸਲ ਹੋ ਸਕਦੀਆਂ ਹਨ? ਅਸਲ ਖ਼ੁਸ਼ੀ ਪੈਸੇ ਜਾਂ ਪਦਾਰਥਾਂ ਨਾਲ ਨਹੀਂ ਸਗੋਂ ਮੋਹ ਪਿਆਰ ਦੇ ਰਿਸ਼ਤਿਆਂ ਵਿੱਚੋਂ ਹੀ ਮਿਲਦੀ ਹੈ। ਸਿਆਣੇ ਕਹਿੰਦੇ ਹਨ ਕਿ ਰਿਸ਼ਤੇ ਪਰਿੰਦਿਆਂ ਦੀ ਤਰ੍ਹਾਂ ਹੁੰਦੇ ਹਨ, ਜੇ ਘੁੱਟ ਕੇ ਫੜੋਗੇ ਤਾਂ ਮਰ ਜਾਣਗੇ ਤੇ ਜੇ ਖੁੱਲ੍ਹੇ ਛੱਡ ਦਿਓਗੇ ਤਾਂ ਉੱਡ ਜਾਣਗੇ। ਇਨ੍ਹਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਪੈਂਦਾ ਹੈ। ਭਰੋਸਾ ਕਰਨਾ ਸਿੱਖੋ ਅਤੇ ਅਜਿਹਾ ਮਾਹੌਲ ਸਿਰਜੋ ਕਿ ਤੁਹਾਡੇ ’ਤੇ ਵੀ ਭਰੋਸਾ ਕੀਤਾ ਜਾ ਸਕੇ। ਇਸੇ ਲਈ ਕਿਹਾ ਜਾਂਦਾ ਹੈ ਕਿ ਭਰੋਸਾ ਜੋੜਦਾ ਹੈ ਤੇ ਸ਼ੱਕ ਤੋੜਦਾ ਹੈ।
ਸੰਪਰਕ: 98782-24000

Advertisement

Advertisement
Advertisement
Author Image

sanam grng

View all posts

Advertisement