ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਨੇ ਰੱਖੜੀ ’ਤੇ ਮਰਹੂਮ ਅਦਾਕਾਰ ਲਈ ਭਾਵੁਕ ਨੋਟ ਲਿਖਿਆ
ਮੁੰਬਈ:
ਬੌਲੀਵੁਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਨੇ ਆਪਣੇ ਭਰਾ ਦੀ ਨਿੱਘੀ ਯਾਦ ਵਿੱਚ ਦਿਲ ਦੀਆਂ ਗਹਿਰਾਈਆਂ ਵਿਚੋਂ ਨੋਟ ਲਿਖਿਆ ਹੈ। ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਸੁਸ਼ਾਂਤ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨੇ ਨਾ ਸਿਰਫ ਇਕ ਚੰਗਾ ਅਦਾਕਾਰ ਸਗੋਂ ਇਕ ਵਧੀਆ ਇਨਸਾਨ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਕੈਪਸ਼ਨ ਵਿਚ ਲਿਖਿਆ, ‘ਮੇਰੇ ਪਿਆਰੇ ਭਰਾ ਨੂੰ ਰੱਖੜੀ ਦੀਆਂ ਮੁਬਾਰਕਾਂ, ਉਮੀਦ ਹੈ ਕਿ ਤੁਸੀਂ ਹਮੇਸ਼ਾ ਪ੍ਰਮਾਤਮਾ (ਦਿਲ ਦੀ ਇਮੋਜੀ) ਦੀ ਸੰਗਤ ਵਿੱਚ ਸੁਰੱਖਿਅਤ ਰਹੋਗੇ।’ ਗ਼ੌਰਤਲਬ ਹੈ ਕਿ ਸੁਸ਼ਾਂਤ ਦਾ 14 ਜੂਨ, 2020 ਨੂੰ ਦੇਹਾਂਤ ਹੋ ਗਿਆ ਸੀ। ਉਹ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਸਾਲ ਜੂਨ ਵਿਚ ਉਸ ਦੀ ਚੌਥੀ ਬਰਸੀ ’ਤੇ ਵੀ ਸ਼ਵੇਤਾ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਨੋਟ ਲਿਖਿਆ ਸੀ। ਉਸ ਨੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਸੀ ਕਿਉਂਕਿ ਉਸ ਦੀ ਮੌਤ ਦੀ ਜਾਂਚ ਹਾਲੇ ਵੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਕੀਤੀ ਜਾ ਰਹੀ ਹੈ। ਉਸ ਨੇ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਸਰਕਾਰ ਅਤੇ ਨਿਆਂ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਟੀਵੀ ਸ਼ੋਅ ਨਾਲ ਕੀਤੀ ਸੀ ਅਤੇ ਉਹ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਰਾਹੀਂ ਮਕਬੂਲ ਹੋਇਆ ਸੀ। -ਏਐੱਨਆਈ