ਏਡੀਬੀ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7 ਫੀਸਦ ਰੱਖਿਆ
ਨਵੀਂ ਦਿੱਲੀ, 17 ਜੁਲਾਈ
ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਚਾਲੂ ਵਿੱਤੀ ਵਰ੍ਹੇ 2024-25 ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਨਾਲ ਹੀ ਕਿਹਾ ਹੈ ਕਿ ਆਮ ਨਾਲੋਂ ਬਿਹਤਰ ਮੌਨਸੂਨ ਅਨੁਮਾਨਾਂ ਨੂੰ ਦੇਖਦੇ ਹੋਏ ਖੇਤੀਬਾੜੀ ਖੇਤਰ ਵਿੱਚ ਸੁਧਾਰ ਦੀ ਆਸ ਹੈ। ਏਡੀਬੀ ਦਾ ਇਹ ਅਨੁਮਾਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਭਾਰਤ ਲਈ ਆਪਣੀ ਜੀਡੀਪੀ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸੋਧ ਕੇ 7 ਫ਼ੀਸਦ ਕਰ ਦਿੱਤਾ ਹੈ। ਆਈਐੱਮਐੱਫ ਨੇ ਅਪਰੈਲ ਵਿੱਚ ਇਸ ਦੇ 6.8 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਆਪਣੇ ਵਿਕਾਸ ਅਨੁਮਾਨ ਨੂੰ 7 ਫ਼ੀਸਦ ਤੋਂ ਵਧਾ ਕੇ 7.2 ਕਰ ਦਿੱਤਾ ਸੀ। ਏਸ਼ੀਅਨ ਡਿਵੈਲਪਮੈਂਟ ਆਊਟਲੁੱਕ (ਏਡੀਓ) ਦੇ ਜੁਲਾਈ ਐਡੀਸ਼ਨ ਮੁਤਾਬਕ, ਭਾਰਤੀ ਅਰਥਚਾਰਾ ਵਿੱਤੀ ਵਰ੍ਹੇ 2024-25 (31 ਮਾਰਚ 2025 ਨੂੰ ਸਮਾਪਤ) ਵਿੱਚ ਸੱਤ ਫ਼ੀਸਦ ਦੀ ਦਰ ਨਾਲ ਵਧੇਗਾ। ਵਿੱਤੀ ਵਰ੍ਹੇ 2025-26 ਵਿੱਚ 7.2 ਫ਼ੀਸਦ ਦੀ ਦਰ ਨਾਲ ਵਧਣ ਦੀ ਰਾਹ ’ਤੇ ਹੈ, ਜਿਵੇਂ ਕਿ ਏਡੀਓ ਵੱਲੋਂ ਅਪਰੈਲ 2024 ਵਿੱਚ ਅਨੁਮਾਨ ਲਗਾਇਆ ਗਿਆ ਹੈ। ਭਾਰਤੀ ਅਰਥਚਰੇ ਨੇ 31 ਮਾਰਚ 2024 ਨੂੰ ਸਮਾਪਤ ਵਿੱਤੀ ਵਰ੍ਹੇ ਵਿੱਚ 8.2 ਫ਼ੀਸਦ ਦੀ ਵਿਕਾਸ ਦਰ ਦਰਜ ਕੀਤੀ ਜਦਕਿ ਉਸ ਤੋਂ ਪਿਛਲੇ ਵਿੱਤੀ ਵਰ੍ਹੇ 2022-23 ਵਿੱਚ ਇਹ 7 ਫ਼ੀਸਦ ਸੀ। -ਪੀਟੀਆਈ