ਅਡਾਨੀ ਬਣੇ ਦੇਸ਼ ਦੇ ਸਭ ਤੋਂ ਅਮੀਰ, ਅੰਬਾਨੀ ਨੂੰ ਪਛਾੜਿਆ
ਮੁੰਬਈ, 29 ਅਗਸਤ
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਝਟਕਿਆਂ ਤੋਂ ਪੂਰੀ ਤਰ੍ਹਾਂ ਉਭਰਦਿਆਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਰੂਨ ਇੰਡੀਆ ਦੀ 2024 ਦੇ ਅਮੀਰਾਂ ਦੀ ਸੂਚੀ ਮੁਤਾਬਕ ਅਡਾਨੀ 11.6 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਸਭ ਤੋਂ ਵਧ ਅਮੀਰ ਭਾਰਤੀ ਹਨ। ਪਿਛਲੇ ਸਾਲ ਦੇ ਮੁਕਾਬਲੇ ’ਚ ਉਨ੍ਹਾਂ ਦੀ ਸੰਪਤੀ ’ਚ 95 ਫ਼ੀਸਦੀ ਦਾ ਉਛਾਲ ਆਇਆ ਹੈ।
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਇਸ ਸੂਚੀ ’ਚ ਦੂਜੇ ਨੰਬਰ ’ਤੇ ਰਹੇ ਜਿਨ੍ਹਾਂ ਦੀ ਸੰਪਤੀ 25 ਫ਼ੀਸਦੀ ਦੇ ਉਛਾਲ ਨਾਲ 10.14 ਲੱਖ ਕਰੋੜ ’ਤੇ ਪਹੁੰਚ ਗਈ ਹੈ। ਐੱਚਸੀਐੱਲ ਦੇ ਸ਼ਿਵ ਨਾਦਰ ਅਤੇ ਪਰਿਵਾਰ 3.14 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਤੀਜੇ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ ਇਕ ਸਥਾਨ ਡਿੱਗ ਕੇ 2.89 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਚੌਥੇ ਸਥਾਨ ’ਤੇ ਰਹੇ।
ਸਾਲ 2023 ਦੀ ਰਿਪੋਰਟ ’ਚ ਅਡਾਨੀ ਦੀ ਸੰਪਤੀ 57 ਫ਼ੀਸਦ ਦੀ ਭਾਰੀ ਗਿਰਾਵਟ ਨਾਲ 4.74 ਲੱਖ ਕਰੋੜ ਰੁਪਏ ਰਹਿ ਗਈ ਸੀ, ਜਦਕਿ ਅੰਬਾਨੀ 8.08 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਬਹੁਤ ਬਹੁਤ ਅੱਗੇ ਸੀ।
ਦਰਅਸਲ ਜਨਵਰੀ 2023 ’ਚ ਹਿੰਡਨਬਰਗ ਦੀ ਰਿਪੋਰਟ ’ਚ ਲਾਏ ਗਏ ਕਈ ਗੰਭੀਰ ਦੋਸ਼ਾਂ ਕਾਰਨ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ ਹੋਈ ਸੀ। ਹੁਰੂਨ ਨੇ ਸਾਲ 2014 ’ਚ ਅਡਾਨੀ ਨੂੰ ਪਹਿਲੀ ਵਾਰ 44 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਨਾਲ ਅਮੀਰਾਂ ਦੀ ਸੂਚੀ ’ਚ 10ਵੇਂ ਸਥਾਨ ’ਤੇ ਰੱਖਿਆ ਸੀ।
ਸਨ ਫਾਰਮਾਸਿਊਟੀਕਲਸ ਦੇ ਦਿਲੀਪ ਸਾਂਘਵੀ ਨੇ 2.50 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਸੂਚੀ ’ਚ ਪੰਜਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਉਹ ਪਿਛਲੇ ਵਰ੍ਹੇ ਛੇਵੇਂ ਸਥਾਨ ’ਤੇ ਰਹੇ ਸਨ। ਜ਼ੋਹੋ ਦੀ ਰਾਧਾ ਵੇਂਬੂ 47,500 ਕਰੋੜ ਰੁਪਏ ਦੀ ਸੰਪਤੀ ਨਾਲ ਆਪਣੇ ਦਮ ’ਤੇ ਅਮੀਰ ਬਣੀਆਂ ਔਰਤਾਂ ’ਚ ਸਿਖਰਲੇ ਸਥਾਨ ’ਤੇ ਹੈ, ਜਦਕਿ ਜ਼ੇਪਟੋ ਦੇ ਸਹਿ-ਬਾਨੀ ਕੈਵਲਿਆ ਵੋਹਰਾ ਅਤੇ ਆਦਿਤ ਪਾਲਿਚਾ ਕ੍ਰਮਵਾਰ 3,600 ਕਰੋੜ ਰੁਪਏ ਅਤੇ 4,300 ਕਰੋੜ ਰੁਪਏ ਦੀ ਸੰਪਤੀ ਨਾਲ ਸੂਚੀ ’ਚ ਸਭ ਤੋਂ ਘੱਟ ਉਮਰ ਦੇ ਅਮੀਰ ਹਨ। -ਪੀਟੀਆਈ
ਸ਼ਾਹਰੁਖ ਖ਼ਾਨ ਸੂਚੀ ’ਚ ਪਹਿਲੀ ਵਾਰ ਹੋਏ ਸ਼ਾਮਲ
ਬਰਤਾਨਵੀ ਹਕੂਮਤ ਤੋਂ ਵੀ ਵੱਧ ਨਾਬਰਾਬਰੀ ਵਾਲਾ ਹੈ ਮੋਦੀ ਦਾ ਅਰਬਪਤੀ ਰਾਜ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਬਪਤੀ ਰਾਜ ਬ੍ਰਿਟਿਸ਼ ਰਾਜ ਤੋਂ ਵੀ ਵੱਧ ਨਾਬਰਾਬਰੀ ਵਾਲਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਜਦੋਂ ਦੁਨੀਆ ਭਰ ’ਚ ਅਰਬਪਤੀਆਂ ’ਤੇ ਟੈਕਸ ਲਾਉਣ ਦੇ ਵਿਚਾਰ ਨੂੰ ਲੈ ਕੇ ਕਈ ਦੇਸ਼ ਰਾਜ਼ੀ ਹੋ ਰਹੇ ਹਨ ਤਾਂ ਭਾਰਤ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ,‘ਭਾਰਤ ’ਚ 2023 ’ਚ ਹਰ ਪੰਜ ਦਿਨਾਂ ’ਚ ਇਕ ਨਵਾਂ ਅਰਬਪਤੀ ਬਣਿਆ ਹੈ। ਅਰਬਪਤੀਆਂ ਦੀ ਸੂਚੀ ’ਚ ਗ਼ੈਰ-ਜੈਵਿਕ ਪ੍ਰਧਾਨ ਮੰਤਰੀ ਦੇ ਸਭ ਤੋਂ ਨੇੜਲੇ ਦੋਸਤ ਸਿਖ਼ਰ ’ਤੇ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦਾ ਅਰਬਪਤੀ ਰਾਜ ਬ੍ਰਿਟਿਸ਼ ਰਾਜ ਨਾਲੋਂ ਵੀ ਵਧੇਰੇ ਨਾਬਰਾਬਰੀ ਵਾਲਾ ਹੈ। -ਪੀਟੀਆਈ