ਅਦਾਕਾਰਾ ਉਰਮਿਲਾ ਕਾਨੇਟਕਰ ਦੀ ਕਾਰ ਨੇ ਉਸਾਰੀ ਵਰਕਰਾਂ ਨੂੰ ਟੱਕਰ ਮਾਰੀ, ਇਕ ਦੀ ਮੌਤ
ਮੁੰਬਈ (ਮਹਾਰਾਸ਼ਟਰ), 28 ਦਸੰਬਰ
ਮੁੰਬਈ ਵਿੱਚ ਮਰਾਠੀ ਅਦਾਕਾਰਾ ਉਰਮਿਲਾ ਕਾਨੇਟਕਰ ਦੀ ਕਾਰ ਤੋਂ ਟੱਕਰ ਵੱਜਣ ਕਾਰਨ ਇਕ ਮੈਟਰੋ ਪ੍ਰਾਜੈਕਟ ’ਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਇਸ ਹਾਦਸੇ ਵਿੱਚ ਅਦਾਕਾਰਾ ਤੇ ਉਸ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਏ। ਦੋਵੇਂ ਮਜ਼ਦੂਰ ਸ਼ਹਿਰ ਵਿੱਚ ਪੋਈਸਰ ਮੈਟਰੋ ਸਟੇਸ਼ਨ ਨੇੜੇ ਇਕ ਮੈਟਰੋ ਪ੍ਰਾਜੈਕਟ ’ਤੇ ਕੰਮ ਵਿੱਚ ਲੱਗੇ ਹੋਏ ਸਨ। ਹਾਦਸੇ ’ਚ ਜ਼ਖ਼ਮੀ ਹੋਏ ਮਜ਼ਦੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁੰਬਈ ਪੁਲੀਸ ਨੇ ਕਿਹਾ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਰਮਿਲਾ ਦਾ ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ।
ਅਦਾਕਾਰਾ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ। ਕਾਰ ਦੇ ਏਅਰਬੈਗ ਸਮੇਂ ਸਿਰ ਖੁੱਲ੍ਹਣ ਕਰ ਕੇ ਅਦਾਕਾਰਾ ਦੇ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਰਮਿਲਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਨਾ ਤਾਂ ਉਰਮਿਲਾ ਤੇ ਨਾ ਹੀ ਉਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਉਰਮਿਲਾ ਮਰਾਠੀ ਫਿਲਮ ‘ਦੁਨੀਆਦਾਰੀ’ ਅਤੇ ਹਿੰਦੀ ਫਿਲਮ ‘ਥੈਂਕ ਗੌਡ’ ਸਣੇ ਕੁਝ ਫਿਲਮਾਂ ’ਚ ਅਦਾਕਾਰੀ ਕਰ ਚੁੱਕੀ ਹੈ। -ਏਐੱਨਆਈ