ਲਵ ਕੁਸ਼ ਰਾਮਲੀਲਾ ਮੈਦਾਨ ਵਿੱਚ ਰਾਵਣ ਦਹਨਿ ਕਰੇਗੀ ਅਦਾਕਾਰਾ ਕੰਗਨਾ ਰਣੌਤ
ਨਵੀਂ ਦਿੱਲੀ, 23 ਅਕਤੂਬਰ
ਅਦਾਕਾਰਾ ਕੰਗਨਾ ਰਣੌਤ ਭਲਕੇ ਮੰਗਲਵਾਰ ਨੂੰ ਦਸਹਿਰੇ ਮੌਕੇ ਕੌਮੀ ਰਾਜਧਾਨੀ ਦੀ ਮਸ਼ਹੂਰ ਲਵ ਕੁਸ਼ ਰਾਮਲੀਲਾ ’ਚ ਰਾਵਣ ਦਹਨਿ ਕਰੇਗੀ। ਇਹ ਜਾਣਕਾਰੀ ਲਵ ਕੁਸ਼ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਰਜੁਨ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਹਰ ਸਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਦੇ 50 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਕੋਈ ਔਰਤ ਤੀਰ ਚਲਾ ਕੇ ਰਾਵਣ ਦਾ ਪੁਤਲਾ ਸਾੜੇਗੀ| ਉਨ੍ਹਾਂ ਦੱਸਿਆ ਕਿ ਕਮੇਟੀ ਨੇ ਇਹ ਫੈਸਲਾ ਸੰਸਦ ਤੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਮਨਜ਼ੂਰੀ ਮਿਲਣ ਦੇ ਮੱਦੇਨਜ਼ਰ ਲਿਆ ਹੈ। ਅਰਜੁਨ ਸਿੰਘ ਨੇ ਦੱਸਿਆ, “ਫਿਲਮ ਸਟਾਰ ਹੋਵੇ ਜਾਂ ਸਿਆਸਤਦਾਨ, ਹਰ ਸਾਲ ਸਾਡੇ ਸਮਾਗਮ ਵਿੱਚ ਇੱਕ ਵੀਆਈਪੀ ਮੌਜੂਦ ਹੁੰਦਾ ਹੈ। ਪਿਛਲੇ ਦਿਨੀਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਫਿਲਮ ਅਦਾਕਾਰ ਅਜੈ ਦੇਵਗਨ ਅਤੇ ਜੌਨ ਅਬਰਾਹਮ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਚੁੱਕੇ ਹਨ। ਪਿਛਲੇ ਸਾਲ ਪ੍ਰਭਾਸ ਨੇ ਰਾਵਣ ਦੇ ਪੁਤਲੇ ਨੂੰ ਸਾੜਿਆ ਸੀ। ਇਸ ਵਾਰ ਸਾਡੇ ਸਮਾਗਮ ਦੇ 50 ਸਾਲਾਂ ਵਿੱਚ ਪਹਿਲੀ ਵਾਰ ਕੋਈ ਔਰਤ ਰਾਵਣ ਦਹਨਿ ਕਰੇਗੀ। ਲਵ ਕੁਸ਼ ਰਾਮਲੀਲਾ ਕਮੇਟੀ ਔਰਤਾਂ ਲਈ ਬਰਾਬਰੀ ਦੇ ਅਧਿਕਾਰ ਚਾਹੁੰਦੀ ਹੈ। ਅੱਜ ਹਰ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵੱਧ ਰਹੀ ਹੈ ਪਰ ਹਾਲੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ। ਇਹ ਬਿੱਲ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਸਹਾਈ ਹੋਵੇਗਾ।’’ -ਪੀਟੀਆਈ